ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਸ ਹਸਪਤਾਲ ''ਚ ਮਿਲੇਗੀ ਖ਼ਾਸ ਸਹੂਲਤ, ਨਜ਼ਦੀਕੀ ਸੂਬਿਆਂ ਨੂੰ ਵੀ ਹੋਵੇਗਾ ਲਾਭ
Thursday, Dec 12, 2024 - 11:06 AM (IST)
ਅੰਮ੍ਰਿਤਸਰ (ਦਲਜੀਤ)- ਸੜਕ ਹਾਦਸਿਆਂ ਅਤੇ ਹੋਰ ਬੀਮਾਰੀਆਂ ਨਾਲ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਦੀ ਕੀਮਤੀ ਜਾਨ ਬਚਾਉਣ ਦੇ ਮਕਸਦ ਤਹਿਤ ਗੁਰੂ ਨਾਨਕ ਦੇਵ ਹਸਪਤਾਲ ’ਚ ਅਤਿ ਆਧੁਨਿਕ ਤਕਨੀਕਾਂ ਨਾਲ ਲੈਸ ਟਰੋਮਾ ਸੈਂਟਰ ਬਣਾਇਆ ਜਾ ਰਿਹਾ ਹੈ। 59 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਟਰੋਮਾ ਸੈਂਟਰ ਦੇ ਜੂਨ ਦੇ 2025 ਤੱਕ ਬਣ ਕੇ ਤਿਆਰ ਹੋਣ ਦੀ ਉਮੀਦ ਹੈ। ਉਕਤ ਸੈਂਟਰ ’ਚ ਟਰੋਮਾ ਸੈਂਟਰ ਤੋਂ ਇਲਾਵਾ ਐਮਰਜੈਂਸੀ ਵੀ ਮੌਜੂਦ ਰਹੇਗੀ। ਇਸ ਦੇ ਨਾਲ ਹੀ ਤਿੰਨ ਲੇਅਰ ’ਚ ਵੰਡ ਕਰਕੇ ਮਰੀਜ਼ਾਂ ਨੂੰ ਬਿਹਤਰੀਨ ਸਹੂਲਤਾਂ ਦੇਣ ਦੀ ਯੋਜਨਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਉਕਤ ਸੈਂਟਰ ਨੂੰ ਨਿਰਧਾਰਤ ਸਮੇਂ ’ਤੇ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸੇ ਕੀਤੇ ਹੋਏ ਹਨ।
ਜਾਣਕਾਰੀ ਅਨੁਸਾਰ ਗੁਰੂ ਨਾਨਕ ਦੇਵ ਹਸਪਤਾਲ ’ਚ ਪਹਿਲਾਂ ਟਰੋਮਾ ਸੈਂਟਰ ਸਥਾਪਿਤ ਨਹੀਂ ਸੀ। ਹਸਪਤਾਲ ’ਚ ਰੋਜ਼ਾਨਾ ਓ. ਪੀ. ਡੀ. ’ਚ ਜਿੱਥੇ 2000 ਤੋਂ ਵਧੇਰੇ ਮਰੀਜ਼ ਸੇਵਾਵਾਂ ਲੈਣ ਲਈ ਆਉਂਦੇ ਹਨ, ਉਥੇ ਹੀ ਐਮਰਜੈਂਸੀ ’ਚ ਇਕ ਦਰਜਨ ਦੇ ਕਰੀਬ ਮਰੀਜ਼ ਦਾਖਲ ਹੁੰਦੇ ਹਨ। ਹਸਪਤਾਲ ’ਚ ਅੰਮ੍ਰਿਤਸਰ ਤੋਂ ਇਲਾਵਾ ਬਾਹਰੀ ਜ਼ਿਲਿਆਂ ਦੇ ਨਾਲ-ਨਾਲ ਬਾਹਰੀ ਸੂਬਿਆਂ ਦੇ ਵੀ ਮਰੀਜ਼ ਇਲਾਜ ਲਈ ਵੱਡੀ ਗਿਣਤੀ ’ਚ ਆਉਂਦੇ ਹਨ। ਹਸਪਤਾਲ ਦੀ ਐਮਰਜੈਂਸੀ ’ਚ ਆਉਣ ਵਾਲੇ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਜਾਂਦੀ ਸੀ ਅਤੇ ਬਾਅਦ ’ਚ ਮਰੀਜ਼ ਦੇ ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ ਉਸ ਨੂੰ ਆਈ. ਸੀ. ਯੂ. ’ਚ ਸ਼ਿਫਟ ਕੀਤਾ ਜਾਂਦਾ ਸੀ। ਹਸਪਤਾਲ ’ਚ ਜਿਸ ਢੰਗ ਨਾਲ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ, ਉਸ ਦੇ ਅਨੁਕੂਲ ਆਈ. ਸੀ. ਯੂ. ’ਚ ਬੈੱਡਾਂ ਦੀ ਗਿਣਤੀ ਘੱਟ ਰਹੀ ਸੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪ੍ਰਾਈਵੇਟ ਹਸਪਤਾਲਾਂ ਨੂੰ ਲੈ ਕੇ ਜਾਰੀ ਹੋਏ ਹੁਕਮ
ਇਸ ਟਰੋਮਾ ਸੈਂਟਰ ’ਚ 3 ਜ਼ੋਨ ਬਣਾਏ ਜਾਣ ਦੀ ਯੋਜਨਾ
ਕਈ ਵਾਰ ਤਾਂ ਮਰੀਜ਼ਾਂ ਨੂੰ ਆਈ. ਸੀ. ਯੂ. ’ਚ ਬੈੱਡ ਨਾ ਮਿਲਣ ਕਾਰਨ ਰੈਫਰ ਵੀ ਕਰਨਾ ਪੈਂਦਾ ਸੀ ਪਰ ਹੁਣ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਕੈਂਸਰ ਇੰਸਟੀਟਿਊਟ ਦੇ ਨਜ਼ਦੀਕ ਹੀ ਟਰੋਮਾ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹ ਸੈਂਟਰ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਹੋਵੇਗਾ ਅਤੇ ਇਸ ’ਚ 3 ਜ਼ੋਨ ਬਣਾਏ ਜਾਣ ਦੀ ਯੋਜਨਾ ਹੈ ਅਤਿ ਗੰਭੀਰ ਮਰੀਜ਼ ਨੂੰ ਰੈੱਡ ਜ਼ੋਨ ’ਚ ਰੱਖਿਆ ਜਾਵੇਗਾ। ਇਸ ਜ਼ੋਨ ’ਚ ਆਧੁਨਿਕ ਮਸ਼ੀਨਰੀ ਨਿਊਰੋ ਸਰਜਨ ਓਰਥੋ ਡਾਕਟਰ ਟੈਕਨੀਸ਼ੀਅਨ ਅਤੇ ਸਹਿਯੋਗੀ ਸਟਾਫ 24 ਘੰਟੇ ਮੌਜੂਦ ਰਵੇਗਾ। ਯੈਲੋ ਜ਼ੋਨ ਅਤੇ ਬਲਿਊ ਜ਼ੋਨ ਦੋਵੇਂ ਜ਼ਖਮੀ ਮਰੀਜ਼ਾਂ ਨੂੰ ਰੱਖਿਆ ਜਾਵੇਗਾ। ਟਰੋਮਾ ਸੈਂਟਰ ’ਚ ਐਕਸਰੇ ਸਿਟੀ ਸਕੈਨ ਐੱਮ. ਆਰ. ਆਈ. ਆਈ. ਸੀ. ਯੂ. ਵੈਂਟੀਲੇਟਰ ਆਕਸੀਜਨ ਸਹਿਤ ਐਮਰਜੈਂਸੀ ਮਸ਼ੀਨਰੀ ਆਦਿ ਨਾਲ ਲੈਸ ਹੋਵੇਗਾ।
ਇਹ ਵੀ ਪੜ੍ਹੋ- ਹੁਣ ਬ੍ਰੇਨ ਡੈੱਡ ਮਰੀਜ਼ ਵੀ ਹੋਰਾਂ ਦੀ ਬਚਾਅ ਸਕਣਗੇ ਜਾਨ, ਪੰਜਾਬ ਦੇ ਇਸ ਹਸਪਤਾਲ 'ਚ ਤਿਆਰੀ ਸ਼ੁਰੂ
2010 ’ਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ’ਚ ਬਣਾਇਆ ਗਿਆ ਟਰੋਮਾ ਸੈਂਟਰ ਬਣਿਆ ਸਫੈਦ ਹਾਥੀ
ਸਿਹਤ ਵਿਭਾਗ ਵੱਲੋਂ ਸਾਲ 2010 ’ਚ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਅੰਦਰ ਟਰੋਮਾ ਸੈਂਟਰ ਦਾ ਨਿਰਮਾਣ ਕੀਤਾ ਗਿਆ ਸੀ। ਆਈ. ਸੀ. ਯੂ. ਵਾਰਡ ਬਣਾਈ ਗਈ। ਇਸ ਦੇ ਨਾਲ ਹੀ ਵੈਂਟੀਲੇਟਰ ਵੀ ਇੰਸਟਾਲ ਕੀਤੇ ਗਏ ਪਰ ਉਸ ਸਮੇਂ ਦੀ ਸਰਕਾਰ ਵੱਲੋਂ ਮਸ਼ੀਨਰੀ ਤਾਂ ਉਪਲੱਬਧ ਕਰਵਾ ਦਿੱਤੀ ਗਈ ਪਰ ਟਰੋਮਾ ਸੈਂਟਰ ਨੂੰ ਚਲਾਉਣ ਲਈ ਡਾਕਟਰੀ ਸਹਾਇਤਾ ਨਹੀਂ ਦਿੱਤੀ ਗਈ, ਜਿਸ ਕਾਰਨ ਇਹ ਟਰੋਮਾ ਸੈਂਟਰ ਸਿਰਫ ਕਾਗਜ਼ਾਂ ’ਚ ਹੀ ਸਰਕਾਰ ਦੇ ਦਾਅਵਿਆਂ ਦਾ ਸ਼ਿਕਾਰ ਹੋ ਕੇ ਰਹਿ ਗਿਆ ਪਰ ਹੁਣ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਉਪਰਾਲੇ ਕਰਦਿਆਂ ਗੁਰੂ ਨਾਨਕ ਦੇਵ ਹਸਪਤਾਲ ’ਚ ਇਹ ਸੈਂਟਰ ਖੋਲਣ ਦੀ ਯੋਜਨਾ ਹੈ, ਜਿਸ ਦਾ ਕੰਮ ਕਾਫੀ ਤੇਜ਼ੀ ’ਚ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਾਰਿਆਂ ਲਈ ਫਰੀ ਹੋਈਆਂ ਇਹ ਬੱਸਾਂ, ਹੋ ਗਿਆ ਵੱਡਾ ਐਲਾਨ
ਅੰਮ੍ਰਿਤਸਰ ਅਤੇ ਬਾਹਰਲੇ ਜ਼ਿਲ੍ਹਿਆਂ ਦੇ ਨਾਲ-ਨਾਲ ਨਜ਼ਦੀਕੀ ਸੂਬਿਆਂ ਨੂੰ ਵੀ ਮਿਲੇਗਾ ਲਾਭ
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਟਰੋਮਾ ਸੈਂਟਰ ਦਾ ਕਾਰਜ ਨਿਰਧਾਰਤ ਸਮੇਂ ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਨਾਲ-ਨਾਲ ਬਾਹਰੀ ਜ਼ਿਲ੍ਹਿਆਂ ਤੋਂ ਇਲਾਵਾ ਨਜ਼ਦੀਕ ਦੇ ਸੂਬਿਆਂ ਦੇ ਮਰੀਜ਼ਾਂ ਨੂੰ ਵੀ ਇਸ ਸੈਂਟਰ ਦਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ’ਚ ਨਿਖਾਰ ਲਿਆਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸੈਂਟਰ ’ਚ ਸੜਕ ਹਾਦਸਿਆਂ ’ਚ ਜ਼ਖਮੀ ਹੋਣ ਵਾਲੇ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਵੀ ਮਰੀਜ਼ਾਂ ਨੂੰ ਦੇਣ ਦੇ ਲਈ ਉਪਰਾਲੇ ਕੀਤੇ ਜਾਣਗੇ। ਡਾ. ਦੇਵਗਨ ਨੇ ਕਿਹਾ ਕਿ ਇਹ ਸੈਂਟਰ ਬਣਨ ਦੇ ਨਾਲ ਹਸਪਤਾਲ ਹੋਰ ਵਧੀਆ ਢੰਗ ਨਾਲ ਮਰੀਜ਼ਾਂ ਨੂੰ ਸੇਵਾਵਾਂ ਦਿੰਦਾ ਹੋਇਆ ਨਵੇਂ ਕੀਰਤੀਮਾਨ ਸਥਾਪਿਤ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8