ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP
Sunday, Sep 11, 2022 - 10:52 PM (IST)
ਜਲੰਧਰ (ਨਰਿੰਦਰ ਮੋਹਨ)-ਝੋਨੇ ਦੇ ਸੀਜ਼ਨ ਦੌਰਾਨ ਦੂਜੇ ਸੂਬਿਆਂ ਤੋਂ ਸਮੱਗਲਿੰਗ ਰਾਹੀਂ ਪੰਜਾਬ ਆਉਣ ਵਾਲੇ ਝੋਨੇ ਦੇ ਲਗਭਗ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਹੁਣ ਕਿਸਾਨ ਵੀ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਝੋਨਾ ਜਾਂ ਹੋਰ ਫਸਲ ਨਹੀਂ ਵੇਚ ਸਕਣਗੇ । ਪੰਜਾਬ ਸਰਕਾਰ ਨੇ ਕਿਸਾਨਾਂ ਦੀ ਜ਼ਮੀਨ ਅਤੇ ਔਸਤ ਫ਼ਸਲ ਦੀ ਕੰਪਿਊਟਰ ’ਚ ਰਜਿਸਟਰੀ ਕਰ ਦਿੱਤੀ ਹੈ ਕਿ ਕੰਪਿਊਟਰ ਔਸਤ ਤੋਂ ਵੱਧ ਫ਼ਸਲ ਦਾ ਡਾਟਾ ਨਹੀਂ ਚੁੱਕੇਗਾ। ਜੇ ਝੋਨਾ ਜ਼ਿਆਦਾ ਮਿਲਿਆ ਤਾਂ ਐੱਮ. ਐੱਸ. ਪੀ. ਰੱਦ ਕਰ ਦਿੱਤਾ ਜਾਵੇਗਾ। ਮਿਲਿੰਗ ਪਾਲਿਸੀ ਨੂੰ ਵੀ ਪੂਰੀ ਤਰ੍ਹਾਂ ਡਿਜੀਟਲ ਕੀਤਾ ਜਾ ਰਿਹਾ ਹੈ। ਝੋਨਾ ਲਿਜਾਣ ਵਾਲੇ ਵਾਹਨਾਂ ਵਿੱਚ ਲੱਗੇ ਜੀ. ਪੀ. ਐੱਸ., ਇਲੈਕਟ੍ਰਿਕ ਮੀਟਰ ਅਤੇ ਕੈਮਰੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਪੰਜਾਬ ਮੰਡੀ ਬੋਰਡ ਨੇ 82485 ਕਿਸਾਨਾਂ ਤੋਂ ਉਨ੍ਹਾਂ ਦੀ ਜ਼ਮੀਨ ਦਾ ਪੂਰਾ ਰਿਕਾਰਡ ਦਰਜ ਕਰਵਾ ਲਿਆ ਹੈ। ਇਹ ਪ੍ਰਕਿਰਿਆ ਅਜੇ ਵੀ ਜਾਰੀ ਹੈ। ਇਸ ਰਜਿਸਟ੍ਰੇਸ਼ਨ ’ਚ ਕਿਸਾਨਾਂ ਦੀ ਜ਼ਮੀਨ, ਗਿਰਦਾਵਰੀ ਆਦਿ ਦੇ ਵੇਰਵੇ ਸ਼ਾਮਲ ਹਨ। ਹਰਿਆਣਾ ਨੇ ਇਸ ਦੀ ਸ਼ੁਰੂਆਤ ਜੁਲਾਈ 2019 ’ਚ ‘ਮੇਰੀ ਫਸਲ ਮੇਰਾ ਬਿਓਰਾ’ ਦੇ ਨਾਂ ’ਤੇ ਕੀਤੀ ਸੀ। ਇਸ ਨਾਲ ਦੂਜੇ ਸੂਬਿਆਂ ਤੋਂ ਹਰਿਆਣਾ ਨੂੰ ਫਸਲਾਂ ਦੀ ਸਮੱਗਲਿੰਗ ਰੁਕ ਗਈ। ਅਸਲ ’ਚ ਦੂਜੇ ਸੂਬਿਆਂ ਤੋਂ ਪੰਜਾਬ ’ਚ ਝੋਨੇ ਦੀ ਸਮੱਗਲਿੰਗ ਦਾ ਆਧਾਰ ਘੱਟੋ-ਘੱਟ ਸਮਰਥਨ ਮੁੱਲ ’ਤੇ ਫਸਲ ਦੀ ਵਿਕਰੀ ਹੈ।
ਇਹ ਖ਼ਬਰ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ ’ਚ ਪੁਲਸ ਨੂੰ ਮਿਲੀ ਵੱਡੀ ਕਾਮਯਾਬੀ, ਰੇਕੀ ਕਰਨ ਵਾਲਾ ਕੇਕੜੇ ਦਾ ਭਰਾ ਕਾਬੂ (ਵੀਡੀਓ)
ਦੂਜੇ ਸੂਬਿਆਂ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼ ਆਦਿ ਵਿੱਚ ਫਸਲਾਂ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਵੇਚੀਆਂ ਜਾਂਦੀਆਂ ਹਨ। ਕਈ ਥਾਵਾਂ ’ਤੇ ਝੋਨਾ ਘੱਟੋ-ਘੱਟ ਸਮਰਥਨ ਮੁੱਲ ਤੋਂ ਬਹੁਤ ਘੱਟ ਭਾਅ ’ਤੇ ਵੇਚਿਆ ਜਾਂਦਾ ਹੈ। ਝੋਨੇ ਦੀ ਸਮੱਗਲਿੰਗ ਦਾ ਇਹ ਧੰਦਾ ਹਰ ਸਾਲ ਅਰਬਾਂ ਰੁਪਏ ਦਾ ਕਾਰੋਬਾਰ ਕਰਦਾ ਆ ਰਿਹਾ ਹੈ। ਪਿਛਲੇ ਸਾਲ ਵੀ ਦੂਜੇ ਰਾਜਾਂ ਤੋਂ ਪੰਜਾਬ ਲਿਆਂਦਾ ਗਿਆ ਹਜ਼ਾਰਾਂ ਟਨ ਝੋਨਾ ਬਰਾਮਦ ਹੋਇਆ ਸੀ । ਕਈ ਮਾਮਲੇ ਦਰਜ ਕੀਤੇ ਗਏ ਸਨ। ਦੂਜੇ ਰਾਜਾਂ ਤੋਂ ਪੰਜਾਬ ਵਿੱਚ ਝੋਨੇ ਦੀ ਹੋ ਰਹੀ ਸਮੱਗਲਿੰਗ ਨੂੰ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਵੀ ਪਿਛਲੇ ਦੋ ਸਾਲਾਂ ਤੋਂ ਉਪਰਾਲੇ ਕੀਤੇ ਜਾ ਰਹੇ ਸਨ। ਕਿਸਾਨਾਂ ਦੇ ਵੇਰਵੇ ਵੈੱਬ ਪੋਰਟਲ ਪੀ.ਐੱਫ. ਐੱਮ. ਐੱਸ. ’ਤੇ ਅਪਲੋਡ ਕੀਤੇ ਜਾ ਰਹੇ ਹਨ। ਮੰਡੀਆਂ ’ਚ ਝੋਨੇ ਅਤੇ ਕਣਕ ਦੀ ਫ਼ਸਲ ਵੇਚਣ ਵਾਲੇ ਕਿਸਾਨਾਂ ਦੇ ਸਾਰੇ ਵੇਰਵੇ ਹੁਣ ਵੈੱਬਸਾਈਟ ’ਤੇ ਦਰਜ ਕਰ ਦਿੱਤੇ ਗਏ ਹਨ। ਕਿਸ ਕਿਸਾਨ ਕੋਲ ਕਿੰਨੀ ਜ਼ਮੀਨ ਹੈ ਅਤੇ ਉਸ ਦੀ ਫ਼ਸਲ ਕਿੰਨੀ ਹੋਵੇਗੀ, ਇਸ ਸਬੰਧੀ ਖੇਤੀਬਾੜੀ ਵਿਭਾਗ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਦਰਮਿਆਨ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਮਿਸਾਲ ਵਜੋਂ ‘ਪੂਸਾ’ ਕਿਸਮ ਦੇ ਝੋਨੇ ਦਾ ਮੋਗਾ ਖੇਤਰ ਵਿੱਚ ਪ੍ਰਤੀ ਏਕੜ 40 ਕੁਇੰਟਲ ਝਾੜ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ASI ਸਤੀਸ਼ ਕੁਮਾਰ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ
ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੋਨੇ ਦਾ ਵੱਖ-ਵੱਖ ਝਾੜ ਨਿਸ਼ਚਿਤ ਕੀਤਾ ਗਿਆ ਹੈ। ਪੰਜਾਬ ’ਚ ਵੀ ਪਿਛਲੇ ਕਈ ਸਾਲਾਂ ਤੋਂ ਮੱਧ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ ਪ੍ਰਦੇਸ਼ ਆਦਿ ਰਾਜਾਂ ਤੋਂ ਝੋਨਾ ਘੱਟ ਭਾਅ ’ਤੇ ਖਰੀਦ ਕੇ ਪੰਜਾਬ ਲਿਆਂਦਾ ਜਾਂਦਾ ਹੈ । ਇੱਥੇ ਉਸ ਨੂੰ ਪੰਜਾਬ ਦੇ ਕਿਸਾਨ ਦੀ ਫਸਲ ਦਿਖਾ ਕੇ ਘੱਟੋ-ਘੱਟ ਸਮਰਥਨ ਮੁੱਲ ’ਤੇ ਵੇਚਿਅਾ ਜਾਂਦਾ ਹੈ। ਇਸ ਤਰ੍ਹਾਂ ਕਰੋੜਾਂ ਰੁਪਏ ਦੀ ਧੋਖਾਦੇਹੀ ਕੀਤੀ ਜਾ ਰਹੀ ਹੈ ਭਾਵ ਕੇਂਦਰ ਦੀ ਐੱਮ. ਐੱਸ. ਪੀ. ਦੀ ਲੁੱਟ ਕੀਤੀ ਗਈ ਹੈ। ਝੋਨੇ ਦੀ ਇਸ ਸਮੱਗਲਿੰਗ ਵਿੱਚ ਸਿਆਸੀ ਆਗੂਆਂ ਦੇ ਨਾਮ ਵੀ ਆ ਚੁੱਕੇ ਹਨ। ਪੰਜਾਬ ਵਿੱਚ ਕਈ ਲੱਖ ਕੁਇੰਟਲ ਉਹ ਝੋਨਾ ਬਰਾਮਦ ਹੋਇਆ ਜੋ ਦੂਜੇ ਰਾਜਾਂ ਤੋਂ ਲਿਆਂਦਾ ਗਿਆ ਸੀ। ਪਿਛਲੇ ਸਾਲ ਪੰਜਾਬ ਸਰਕਾਰ ਨੇ 186.66 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ 1960 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਕੀਤੀ ਸੀ। ਵਪਾਰੀਆਂ ਆਦਿ ਵੱਲੋਂ ਨਿੱਜੀ ਤੌਰ 'ਤੇ 1.17 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ। ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਇਸ ਵਾਰ 3133000 ਹੈਕਟੇਅਰ ਭਾਵ 78 ਲੱਖ 32 ਹਜ਼ਾਰ ਏਕੜ ਰਕਬੇ ’ਤੇ ਝੋਨੇ ਦੀ ਬਿਜਾਈ ਹੋਈ ਹੈ। ਜ਼ਿਲ੍ਹਾ ਵਾਰ ਔਸਤ ਝੋਨੇ ਦੀ ਫਸਲ ਅਨੁਸਾਰ ਸੰਗਰੂਰ ਵਿੱਚ 7540 ਕਿਲੋ (75 ਕੁਇੰਟਲ 40 ਕਿਲੋ) ਪ੍ਰਤੀ ਹੈਕਟੇਅਰ, ਅੰਮ੍ਰਿਤਸਰ ਵਿੱਚ 5375 ਕਿਲੋ ਪ੍ਰਤੀ ਹੈਕਟੇਅਰ, ਬਰਨਾਲਾ ਵਿੱਚ 7081 ਕਿਲੋ ਪ੍ਰਤੀ ਹੈਕਟੇਅਰ, ਬਠਿੰਡਾ ਵਿੱਚ 6855 ਕਿਲੋ ਪ੍ਰਤੀ ਹੈਕਟੇਅਰ, ਫਰੀਦਕੋਟ ਵਿੱਚ 6491 ਕਿਲੋ ਪ੍ਰਤੀ ਹੈਕਟੇਅਰ, ਫਤਿਹਗੜ੍ਹ ਸਾਹਿਬ ਵਿੱਚ 7037 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਫਾਜ਼ਿਲਕਾ ਵਿੱਚ 4690 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਫਿਰੋਜ਼ਪੁਰ ਵਿੱਚ 6576 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਗੁਰਦਾਸਪੁਰ ਵਿੱਚ 5733 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਹੁਸ਼ਿਆਰਪੁਰ ਵਿੱਚ 5667 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਜਲੰਧਰ ਵਿੱਚ 6384 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਲੁਧਿਆਣਾ ਵਿੱਚ 6384 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਮਾਨਸਾ ਵਿੱਚ 7073 ਕਿਲੋਗ੍ਰਾਮ ਪ੍ਰਤੀ ਹੈਕਟੇਅਰ, ਸ੍ਰੀ ਮੁਕਤਸਰ ਸਾਹਿਬ ਵਿੱਚ 6236 ਕਿਲੋ ਪ੍ਰਤੀ ਹੈਕਟੇਅਰ ਅਤੇ ਤਰਨਤਾਰਨ ਵਿੱਚ 5937 ਕਿਲੋ ਪ੍ਰਤੀ ਹੈਕਟੇਅਰ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਤਿੰਨ ਮੈਂਬਰ ਕੀਤੇ ਕਾਬੂ
ਧਿਆਨ ਦੇਣਯੋਗ ਹੈ ਕਿ ਇੱਕ ਹੈਕਟੇਅਰ ’ਚ ਢਾਈ ਏਕੜ ਜ਼ਮੀਨ ਹੈ। ਜੇ ਇਸ ਨਿਸ਼ਚਿਤ ਝੋਨੇ ਦੇ ਉਤਪਾਦਨ ਤੋਂ ਵੱਧ ਝਾੜ ਦਿਖਾ ਕੇ ਘੱਟੋ-ਘੱਟ ਸਮਰਥਨ ਮੁੱਲ ’ਤੇ ਝੋਨਾ ਵੇਚਣ ਦੀ ਕੋਸ਼ਿਸ਼ ਕੀਤੀ ਗਈ ਤਾਂ ਕੰਪਿਊਟਰ ਇਸ ਡਾਟਾ ਨੂੰ ਨਹੀਂ ਚੁੱਕੇਗਾ । ਫਿਰ ਨਾ ਤਾਂ ਕਿਸਾਨ ਲਈ ‘ਜੇ’ ਫਾਰਮ ਬਣੇਗਾ ਅਤੇ ਨਾ ਹੀ ਸਰਕਾਰੀ ਫਾਰਮ ‘ਆਈ’ ਬਣੇਗਾ। ਖੁਰਾਕ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਝੋਨੇ ਦੀ ਸਮੱਗਲਿੰਗ ਪੰਜਾਬ ’ਚ ਨਹੀਂ ਹੋਣ ਦਿੱਤੀ ਜਾਵੇਗੀ।