ਨਵੰਬਰ 1984 ਕਤਲੇਆਮ ਦੰਗੇ ਨਹੀਂ ਸਿੱਖ ਨਸਲਕੁਸ਼ੀ ਸੀ : ਦਲ ਖ਼ਾਲਸਾ
Monday, Oct 30, 2017 - 07:05 AM (IST)
ਜਲੰਧਰ (ਚਾਵਲਾ) - ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸ਼ਰਮਸਾਰ ਕਰਨ, ਇਨਸਾਫ ਲਈ ਸੰਯੁਕਤ ਰਾਸ਼ਟਰ ਨੂੰ ਦਖਲਅੰਦਾਜ਼ੀ ਲਈ ਹੋਕਾ ਦੇਣ, ਗੁਲਾਮੀ ਤੇ ਬੇਇਨਸਾਫੀ ਵਿਰੁੱਧ ਸੰਘਰਸ਼ ਨੂੰ ਜਿਊਂਦਾ ਰੱਖਣ ਅਤੇ ਮਾਰੇ ਗਏ ਨਿਰਦੋਸ਼ਾਂ ਨੂੰ ਸ਼ਰਧਾਂਜਲੀ ਦੇਣ ਲਈ ਦਲ ਖ਼ਾਲਸਾ ਵੱਲੋਂ ਬਠਿੰਡਾ ਵਿਖੇ 1 ਨਵੰਬਰ ਨੂੰ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਕੀਤਾ ਜਾਵੇਗਾ। ਇਹ ਮਾਰਚ ਦੁਪਹਿਰ 1 ਵਜੇ ਗੁਰਦੁਆਰਾ ਹਾਜੀਰਤਨ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਕਲਗੀਧਰ ਪਾਤਸ਼ਾਹੀ ਦਸਵੀਂ ਕਿਲਾ ਮੁਬਾਰਕ ਵਿਖੇ ਸਮਾਪਤ ਹੋਵੇਗਾ ।
ਦਲ ਖਾਲਸਾ ਦੇ ਆਗੂਆਂ ਨੇ ਕੈਟੋਲੋਨੀਆ ਵੱਲੋਂ ਸਵੈ-ਨਿਰਣੈ ਰਾਹੀਂ ਆਪਣੀ ਆਜ਼ਾਦੀ ਦੇ ਐਲਾਨ ਕਰਨ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਕੈਟੋਲੋਨੀਆ ਵੱਲੋਂ ਆਪਣੀ ਆਜ਼ਾਦੀ ਦਾ ਐਲਾਨ ਕਰਨਾ ਉਨ੍ਹਾਂ ਲੋਕਾਂ ਅਤੇ ਸੰਘਰਸਸ਼ੀਲ ਕੌਮਾਂ ਲਈ ਇਕ ਨਵੀਂ ਆਸ ਦੀ ਕਿਰਨ ਹੈ, ਜੋ ਆਪਣੀ ਕਿਸਮਤ ਦੇ ਆਪ ਮਾਲਕ ਬਣਨਾ ਚਾਹੁੰਦੇ ਹਨ ।ਅੱਜ ਜਾਣਕਾਰੀ ਦਿੰਦਿਆਂ ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਦੱਸਿਆ ਕਿ ਨਵੰਬਰ 1984 ਵਿਚ ਦੁਨੀਆ ਦੀ ਅਖ਼ੌਤੀ ਵੱਡੀ ਜਮਹੂਰੀਅਤ ਨੇ ਆਪਣੀ ਦਰਿੰਦਗੀ ਦਾ ਮੁਜ਼ਾਹਰਾ ਕਰਦਿਆਂ ਨਿਰਦੋਸ਼ ਸਿੱਖਾਂ, ਬੱਚੇ, ਬੱਚੀਆਂ, ਔਰਤਾਂ ਦਾ ਕਤਲੇਆਮ ਕੀਤਾ ਸੀ । ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲਣ ਦਾ ਮੁੱਖ ਕਾਰਨ ਘੱਟ ਗਿਣਤੀਆਂ ਵਿਰੁੱਧ ਨਸਲਕੁਸ਼ੀ, ਨਫ਼ਰਤ ਅਤੇ ਬਦਲੇ ਦੀ ਰਾਜਨੀਤੀ ਹੈ। ਉਨ੍ਵ੍ਹਾਂ ਦੋਸ਼ ਲਾਇਆ ਕਿ ਭਾਰਤ ਦੀਆਂ ਦੋਵਾਂ ਮੁੱਖ ਪਾਰਟੀਆਂ ਕਾਂਗਰਸ ਅਤੇ ਭਾਜਪਾ ਨੇ ਨਸਲਕੁਸ਼ੀ ਦੀ ਰਾਜਨੀਤੀ ਖੇਡ ਕੇ ਹਜ਼ਾਰਾਂ ਹੀ ਬੇਗੁਨਾਹਾਂ ਦਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਦੱਸਿਆ ਕਿ 1 ਨਵੰਬਰ ਪੰਜਾਬ ਦਿਵਸ ਵੀ ਹੈ ਤੇ ਪਿਛਲੇ 50 ਸਾਲਾਂ ਦੀਆਂ ਹਕੂਮਤਾਂ ਨੇ ਪੰਜਾਬ ਤੇ ਸਿੱਖਾਂ ਨਾਲ ਸਬੰਧਤ ਮਸਲਿਆਂ ਨੂੰ ਅਣਦੇਖਿਆ ਕਰ ਕੇ ਇਨ੍ਹਾਂ ਪ੍ਰਤੀ ਬੇਰੁਖੀ ਵਾਲਾ ਰਵੱਈਆ ਧਾਰਨ ਕੀਤਾ ਹੋਇਆ ਹੈ ਤੇ ਇਨ੍ਹਾਂ ਮਸਲਿਆਂ ਲਈ ਪੰਜਾਬ ਦੇ ਨੌਜਵਾਨਾਂ ਨੇ ਸੰਘਰਸ਼ ਕਰਦਿਆਂ ਆਪਣਾ ਖ਼ੂਨ ਡੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਅਤੇ ਕਤਲੇਆਮ ਦੇ ਦੋਸ਼ੀ ਚਾਹੁੰਦੇ ਹਨ ਕਿ ਸਿੱਖ ਨਵੰਬਰ 1984 ਦੇ ਕਤਲੇਆਮ ਨੂੰ ਭੁੱਲ ਜਾਣ ਪਰ ਅਸੀਂ ਨਵੰਬਰ 84 ਦੇ ਕਤਲੇਆਮ, ਜ਼ਖ਼ਮ ਅਤੇ ਪੀੜਾਂ ਤਾਜ਼ਾ ਰੱਖਾਂਗੇ ਅਤੇ ਇਨਸਾਫ਼ ਦੀ ਲੜਾਈ ਨੂੰ ਜਿਊਂਦਾ ਰੱਖਾਂਗੇ। ਇਸ ਮੌਕੇ ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ, ਸਕੱਤਰ ਉਦੇ ਸਿੰਘ ਫ਼ਤਿਹਗੜ੍ਹ ਸਾਹਿਬ ਤੇ ਗੁਰਵਿੰਦਰ ਸਿੰਘ ਬਠਿੰਡਾ ਵੀ ਹਾਜ਼ਰ ਸਨ ।ਉਨ੍ਹਾਂ ਨੇ ਮੀਡੀਆ ਨੂੰ ਨਵੰਬਰ 1984 ਕਤਲੇਆਮ ਨੂੰ ਦੰਗੇ ਨਹੀਂ ਸਿੱਖ ਨਸਲਕੁਸ਼ੀ ਲਿਖਣ ਦੀ ਅਪੀਲ ਕੀਤੀ।
