1 ਨਵੰਬਰ ਪੰਜਾਬੀ ਸੂਬਾ ਦਿਵਸ ''ਤੇ ਵਿਸ਼ੇਸ਼: ਬਠਿੰਡਾ ਜੇਲ੍ਹ ਗੋਲ਼ੀ ਕਾਂਡ
Monday, Nov 01, 2021 - 03:53 PM (IST)
ਆਜ਼ਾਦੀ ਤੋਂ ਬਾਅਦ ਕੇਂਦਰ ਸਰਕਾਰ ਨੇ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ 1 ਅਕਤੂਬਰ 1953 ਨੂੰ ਤੇਲਗੂ ਭਾਸ਼ਾਈ ਵਾਲੇ ਆਂਧਰਾ ਪ੍ਰਦੇਸ਼ ਸੂਬੇ ਦਾ ਪੁਨਰਗਠਨ ਕੀਤਾ। ਸੰਵਿਧਾਨ ਦੀ 7 ਵੀਂ ਸੋਧ ਦੁਆਰਾ ਭਾਸ਼ਾ ਦੇ ਆਧਾਰ 'ਤੇ ਰਾਜ ਪੁਨਰਗਠਨ ਐਕਟ 31 ਅਗਸਤ 1956 ਨੂੰ ਪਾਸ ਅਤੇ 1 ਨਵੰਬਰ 1956 ਨੂੰ ਲਾਗੂ ਹੋਇਆ। ਇਸੇ ਆਧਾਰ 'ਤੇ 'ਕਾਲੀਆਂ ਵੀ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ। ਪੰਜਾਬ ਵਿੱਚ ਅਜਿਹੀ ਹਲਚਲ ਸ਼ੁਰੂ ਹੋਈ ਤਾਂ ਸਰਕਾਰ ਵਲੋਂ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ 'ਤੇ ਪਾਬੰਦੀ ਲਾ ਦਿੱਤੀ। 10 ਮਈ 1955 'ਚ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਨਾਲ ਹੀ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਮ ਪੁਰ ਮੋਰਚਾ ਲੱਗਿਆ। ਜੋ ਕਰੀਬ ਦੋ ਕੁ ਮਹੀਨੇ ਜਾਰੀ ਰਿਹਾ। 24 ਮਈ 1960 'ਚ ਫਿਰ ਮਾਸਟਰ ਤਾਰਾ ਸਿੰਘ ਦੀ ਗ੍ਰਿਫ਼ਤਾਰੀ ਨਾਲ ਮੋਰਚਾ ਮੁੜ ਸ਼ੁਰੂ ਹੋਇਆ। ਇਸੇ ਦੌਰਾਨ ਹੀ 9 ਅਕਤੂਬਰ 1960 ਨੂੰ ਬਠਿੰਡਾ ਜੇਲ੍ਹ 'ਚ ਗੋਲ਼ੀ ਕਾਂਡ ਵਾਪਰਿਆ। ਪੇਸ਼ ਹੈ ਪੰਜਾਬੀ ਸੂਬਾ ਮੋਰਚੇ ਦੇ ਉਸ ਜੇਲ੍ਹ ਕਾਂਡ ਦੇ ਇਕ ਕੈਦੀ ਦੀ ਆਪ ਬਿਆਨੀ-
" ਮੈਂ ਲਾਲ ਸਿੰਘ ਵਲਦ ਸ. ਦਰਸ਼ਣ ਸਿੰਘ ਵਲਦ ਸ. ਸੁਰਜਣ ਸਿੰਘ, ਪਿੰਡ ਚਾਨੀਆਂ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹੈਂ। ਮੇਰੇ ਬਾਬਾ ਸੁਰਜਣ ਸਿੰਘ ਜੀ 1920-21 ਦੇ ਕਰੀਬ ਚੜ੍ਹਦੀ ਉਮਰੇ ਘਰੋਂ ਗੁੱਸੇ ਗਿਲੇ ਹੋ ਕੇ ਦਰਬਾਰ ਸਹਿਬ ਅੰਮ੍ਰਿਤਸਰ ਚਲੇ ਗਏ। ਉਦੋਂ ਗੁਰਦੁਆਰਾ ਸੁਧਾਰ ਲਹਿਰ ਮੋਰਚਾ ਮਘ ਰਿਹਾ ਸੀ। ਮੋਰਚੇ ਦੇ ਪ੍ਰਭਾਵ ਹੇਠ ਉਹ ਤਿਆਰ ਬਰ ਤਿਆਰ ਸਿੰਘ ਬਣ ਗਏ। ਉਨ੍ਹਾਂ ਵਲੋਂ ਪਿੰਡ ਵਿੱਚ ਚਲਾਈ ਗੁਰਸਿੱਖੀ ਲਹਿਰ ਤਹਿਤ ਕਈ ਨੌਜਵਾਨਾਂ ਨੇ ਅੰਮ੍ਰਿਤ ਤਾਂ ਛਕ ਲਿਆ ਪਰ ਪਿੰਡ 'ਚੋਂ ਕਿਸੇ ਨੇ ਵੀ ਗੁਰਦੁਆਰਾ ਸੁਧਾਰ ਲਹਿਰ ਜਾਂ ਦੇਸ਼ ਦੇ ਆਜ਼ਾਦੀ ਸੰਗਰਾਮ 'ਚ ਹਿੱਸਾ ਨਾ ਲਿਆ। 1960 ਵਿਆਂ ਤੋਂ ਪਹਿਲਾਂ ਗੁਆਂਢੀ ਪਿੰਡ ਸਰੀਂਹ ਤੋਂ ਜਥੇਦਾਰ ਪ੍ਰੀਤਮ ਸਿੰਘ ਸਰੀਂਹ ਜੋ 'ਕਾਲੀ ਪਾਰਟੀ ਨਾਲ ਬਾ ਵਾਸਤਾ ਸਨ ਦੇ ਮੇਲ ਮਿਲਾਪ ਨਾਲ ਪਿੰਡ 'ਚ ਕੁਝ ਪੰਜਾਬੀਅਤ ਦੀ ਪਾਣ ਚੜ੍ਹੀ।1960 ਵਿੱਚ ਜਦ ਪੰਜਾਬੀ ਸੂਬਾ ਮੋਰਚਾ ਲੱਗਾ ਤਾਂ ਜਥੇਦਾਰ ਪ੍ਰੀਤਮ ਸਿੰਘ ਸਰੀਂਹ ਦੇ ਪ੍ਰਭਾਵ ਨਾਲ ਹੀ ਪਿੰਡ 'ਚੋਂ ਨੌਜਵਾਨਾਂ ਦਾ ਜਥਾ ਜੇਲ੍ਹ ਯਾਤਰਾ ਲਈ ਤਿਆਰ ਹੋਇਆ। ਜਿਨ੍ਹਾਂ ਵਿਚ ਮੈਂ ਸਭ ਤੋਂ ਛੋਟੀ ਉਮਰ 19 ਕੁ ਸਾਲਾ, ਅਕਾਲੀ ਚੰਨਣ ਸਿੰਘ, ਚੇਲਿਆਂ ਦਾ ਸੋਹਣ ਸਿੰਘ,ਰਾਮ ਸਿੰਘ ਨਿਹੰਗ,ਗਿਆਨੀ ਗੁਰਦੀਪ ਸਿੰਘ, ਮਹੰਤ ਚੇਤਨ ਦਾਸ, ਕੁੱਝ ਸਿੰਘ ਸਰੀਂਹ ਤੋਂ ਅਤੇ ਮਾਲੜੀ ਤੋਂ ਕੇਹਰ ਸਿੰਘ ਤੇ ਤਾਰਾ ਸਿੰਘ ਸ਼ੁਮਾਰ ਸਨ। ਤਾਰੀਖ਼ ਤਾਂ ਯਾਦ ਨਹੀਂ ਪਰ ਚੜ੍ਹਦੀ ਗਰਮੀ ਦੇ ਦਿਨ ਸਨ। ਥਾਬਲਕੇ ਸਟੇਸ਼ਨ 'ਤੋਂ ਗੱਡੀ ਫੜ੍ਹ ਕੇ ਦਰਬਾਰ ਸਹਿਬ ਸ੍ਰੀ ਅੰਮ੍ਰਿਤਸਰ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦੇ ਪਹੁੰਚੇ। ਉਥੇ ਤਦੋਂ ਸੰਤ ਫ਼ਤਹਿ ਸਿੰਘ ਅਕਾਲ ਤਖ਼ਤ ਤੋਂ ਅਰਦਾਸਾ ਸੋਧ, ਸਿਰੋਪਾਓ ਦੇ ਕੇ ਹਰ ਰੋਜ਼ 101 ਸਿੰਘਾਂ ਦਾ ਜਥਾ ਰਵਾਨਾ ਕਰਦੇ। ਜਜ਼ਬਾ ਇੰਨਾ ਸੀ ਕਿ 'ਬੰਨ੍ਹ ਬੰਨ੍ਹ ਡਾਰਾਂ ਸੂਰੇ ਨਿੱਕਲੇ ਮੈਦਾਨ ਚੋਂ' ਦਾ ਬੋਲ ਪੁਗਾ ਗਏ। ਸਾਡੇ ਜਥੇ ਦੀ ਵਾਰੀ 17 ਵੇਂ ਦਿਨ ਜਾ ਕੇ ਆਈ।ਮਹੰਤ ਚੇਤਨ ਦਾਸ ਸਾਡੇ ਜਥੇ 'ਚ ਸ਼ਾਮਲ ਨਾ ਹੋਏ। ਤਬੀਅਤ ਨਾਸਾਜ਼ ਹੋਣ ਕਾਰਨ ਉਹ ਵਾਪਸ ਪਿੰਡ ਮੁੜ ਗਏ। ਸਾਡੇ ਜਥੇਦਾਰ ਸਨ ਸ.ਪ੍ਰਕਾਸ਼ ਸਿੰਘ ਬਾਦਲ। ਬੋਲੇ ਸੋ ਨਿਹਾਲ, ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਮਾਰਦੇ ਜਿਓਂ ਹੀ ਅਸੀਂ ਸਰਾਂ ਦੀ ਤਰਫੋਂ ਬਾਹਰ ਹੋਏ ਤਾਂ ਪੁਲਿਸ ਸਾਨੂੰ ਗ੍ਰਿਫ਼ਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਵਿੱਚ ਲੈ ਗਈ। ਸਾਨੂੰ ਨਾਮ ਅਤਾ ਪਤਾ ਪੁੱਛਿਆ ਤਾਂ ਸਭਨਾਂ ਹੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ,ਮਾਤਾ ਸਾਹਿਬ ਦੇਵਾਂ ਅਤੇ ਪਿੰਡ ਆਨੰਦ ਪੁਰ ਸਾਹਿਬ ਲਿਖਵਾਇਆ। ਪੁਲਿਸ ਨੇ ਪਹਿਲੇ ਦਿਨ ਕੋਈ ਰੋਟੀ ਖਾਣ ਲਈ ਨਾ ਦਿੱਤੀ। ਦੂਜੇ ਦਿਨ ਇੱਕ ਟਾਇਮ ਦਿੱਤੀ। ਤੀਜੇ ਦਿਨ ਬੱਸਾਂ 'ਚ ਬਿਠਾ ਸਾਨੂੰ ਹਰੀਕੇ ਪੱਤਣ ਉਤਾਰ ਕੇ ਪੁਲਿਸ ਵਾਲੇ ਰਫ਼ੂ ਚੱਕਰ ਹੋ ਗਏ। ਅਸੀਂ ਉਦੋਂ ਤੁਰ ਕੇ ਮਖੂ ਪਹੁੰਚੇ।ਬਾਦਲ ਸਾਬ੍ਹ ਅਤੇ ਸਰੀਂਹ ਵਾਲੇ ਇਥੋਂ ਹੋਰ ਪਾਸੇ ਨਿਕਲ ਗਏ। ਅਸੀਂ ਮੁੜ ਗੱਡੀ ਫੜ੍ਹ ਬਰਾਸਤਾ ਜਲੰਧਰ, ਅੰਮ੍ਰਿਤਸਰ ਸਾਹਿਬ ਪਹੁੰਚੇ।
ਪੰਜਾਬੀ ਸੂਬਾ ਮੋਰਚਾ ਦੀ ਦੁਰਲੱਭ ਤਸਵੀਰ। ਦੂਜੀ ਦਫ਼ਾ ਮੋਰਚੇ 'ਚ ਗ੍ਰਿਫ਼ਤਾਰੀ ਸਮੇਂ ਸਾਹਮਣੀ ਕਤਾਰ 'ਚ ਖੱਬਿਓਂ, ਪਹਿਲੇ ਦੋ ਸਿੰਘ ਮਾਲੜੀ ਤੋਂ ,ਸ਼ਿੰਗਾਰਾ ਸਿੰਘ ਸਰੀਂਹ, ਜਥੇਦਾਰ ਕੇਹਰ ਸਿੰਘ ਮਾਲੜੀ,ਅਮਰ ਸਿੰਘ ਗ੍ਰੰਥੀ ਸਿੰਘ ਬੋਪਾਰਾਏ,ਸੰਤ ਹਰੀ ਸਿੰਘ ਬੋਪਾਰਾਏ ਦੇ ਸਹਾਇਕ ਸੁਰਜੀਤ ਸਿੰਘ ਅਤੇ ਲਾਲ ਸਿੰਘ ਚਾਨੀਆਂ।
ਪਿਛਲੀ ਕਤਾਰ:ਰਾਮ ਸਿੰਘ ਨਿਹੰਗ, ਗਿਆਨੀ ਗੁਰਦੀਪ ਸਿੰਘ, ਸੋਹਣ ਸਿੰਘ ਚੇਲਾ , 'ਕਾਲੀ ਚੰਨਣ ਸਿੰਘ ਚਾਨੀਆਂ ਤੋਂ,ਦੋ ਸਿੰਘ ਕੂਕੋਵਾਲ ਹੁਸ਼ਿਆਰਪੁਰ ਤੋਂ।
ਪਿੱਛੇ ਖੜੇ ਦੋ ਨਾਂ ਮਾਅਲੂਮ ਸਿੰਘ
ਤੀਜੇ ਕੁ ਦਿਨ ਫਿਰ ਸਾਡਾ ਜਥਾ ਗ੍ਰਿਫ਼ਤਾਰੀ ਲਈ ਪੇਸ਼ ਹੋਇਆ। ਇਸ ਦਫ਼ਾ ਸਾਡਾ ਜਥੇਦਾਰ ਸੀ, ਕੇਹਰ ਸਿੰਘ ਮਾਲੜੀ ।ਪੁਲਿਸ ਵਲੋਂ ਫਿਰ ਉਹੀ ਪ੍ਰਤੀਕਿਰਿਆ ਦੁਹਰਾਈ ਗਈ।ਇਸ ਵਾਰ ਸਾਨੂੰ ਅੰਮ੍ਰਿਤਸਰ ਜੇਲ੍ਹ 'ਚੋਂ ਫ਼ਿਲੌਰ ਦੇ ਕਿਲ੍ਹੇ ਵਿੱਚ ਲੈ ਜਾਇਆ ਗਿਆ। ਉਥੇ ਹਫ਼ਤਾ ਕੁ ਠਹਿਰਾ ਉਪਰੰਤ ਸਤਲੁਜ ਦਰਿਆ ਪਾਰ ਕਰਕੇ ਬੱਸਾਂ 'ਚੋਂ ਉਤਰ ਦਿੱਤਾ। ਅਸੀਂ ਫਿਰ ਲੌਢੂਵਾਲ ਤੋਂ ਗੱਡੀ ਫੜੀ।ਟਿਕਟ ਕਿਸੇ ਵੀ ਨਾ ਲਿਆ। ਟਿਕਟ ਚੈਕਰ ਆਇਆ ਤਾਂ ਉਸ ਟਿਕਟ ਪੁੱਛੀ। ਕੁੱਝ ਬੋਲ ਬੁਲਾਰਾ ਹੋਇਆ ਪਰ ਉਹ ਖੁਦ ਸਰਦਾਰ ਹੋਣ ਕਰਕੇ ਸ਼ੈਦ ਲਿਹਾਜ਼ ਕਰ ਗਿਆ। ਉਪਰੰਤ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ। ਹਫ਼ਤਾ ਕੁ ਠਹਿਰਾ ਉਪਰੰਤ ਸਾਡਾ ਜਥਾ ਫਿਰ ਗ੍ਰਿਫ਼ਤਾਰੀ ਲਈ ਪੇਸ਼ ਹੋਇਆ।ਤੀਜੀ ਦਫ਼ਾ ਸਾਡਾ ਜਥੇਦਾਰ ਸੀ ਕਾਹਲਵਾਂ-ਕਰਤਾਰ ਪੁਰ ਤੋਂ।ਇਸ ਵਾਰ ਸਾਨੂੰ ਬਠਿੰਡਾ ਜੇਲ੍ਹ 'ਚ ਲੈਜਾਇਆ ਗਿਆ। ਜੇਲ੍ਹ ਤਦੋਂ ਹਾਲੇ ਬਣਦੀ ਹੀ ਸੀ। ਇਥੇ ਅਸੀਂ ਸਾਢੇ ਤਿੰਨ ਮਹੀਨੇ ਰਹੇ। ਇਥੇ ਰੋਟੀ ਪਾਣੀ ਕੋਈ ਚੱਜ ਸਵਾਦ ਦਾ ਨਾ ਮਿਲਦਾ। ਮੈਂ ਕਿਓਂ ਜੋ ਜਥੇ ਵਿਚ ਸਭ ਤੋਂ ਛੋਟੀ ਉਮਰ ਦਾ ਸਾਂ ਇਸ ਕਰਕੇ ਜਥੇ ਵਾਲੇ ਮੈਨੂੰ ਆਪਣੀ ਸੇਵਾ 'ਚ ਹੀ ਦੌੜਾਈ ਰੱਖਦੇ। ਇਥੇ ਜੇਲ੍ਹ ਸੁਪਰਡੈਂਟ ਜਲੰਧਰ ਦੇ ਨਜ਼ਦੀਕੀ ਪਿੰਡ ਦਾ ਸੀ।ਉਸ ਦਾ ਵਾਕਫਕਾਰ ਜੰਡਿਆਲਾ ਮੰਜਕੀ-ਜਲੰਧਰ ਤੋਂ ਕਰਤਾਰ ਸਿੰਘ ਪੁੱਤਰ ਟੱਲੀ ਜੌਹਲ, ਮੇਰੇ ਬਾਪ ਦਾ ਲਿਹਾਜ਼ੀ ਸੀ । ਕਰਤਾਰ ਸਿੰਘ ਬਠਿੰਡਾ ਜੇਲ੍ਹ 'ਚ ਮੈਨੂੰ ਮਿਲਣ ਆਇਆ।ਉਸ ਕਿਹਾ ਕਿ ਮੈਂ ਮਾਫ਼ੀਨਾਮਾ ਲਿਖ ਦਿਆਂ ਤਾਂ ਉਹ ਸੁਪਰਡੈਂਟ ਤੋਂ ਮੇਰੀ ਰਿਹਾਈ ਕਰਵਾ ਦੇਣਗੇ। ਮੈਂ ਅੜ ਗਿਆ। ਮਾਫ਼ੀਨਾਮਾ ਲਿਖਣ ਅਤੇ ਜਥੇ ਦਾ ਸਾਥ ਛੱਡਣ ਤੋਂ ਮੈਂ ਇਨਕਾਰ ਕਰ ਦਿੱਤਾ। ਕਰਤਾਰ ਸਿੰਘ ਨਿਰਾਸ਼ ਹੋਏ ਪਰ ਜਾਂਦੇ ਜਾਂਦੇ ਉਹ ਮੇਰਾ ਤੁਆਰਫ਼ ਸੁਪਰਡੈਂਟ ਸਾਬ ਨਾਲ ਕਰਵਾ ਗਏ। ਜਿੰਨਾ ਸਮਾਂ ਵੀ ਅਸੀਂ ਉਥੇ ਰਹੇ ਉਨ੍ਹਾਂ ਸਾਨੂੰ ਕੋਈ ਤੰਗੀ ਨਾ ਆਉਣ ਦਿੱਤੀ।
ਸ.ਲਾਲ ਸਿੰਘ ਅਤੇ ਉਹਨਾਂ ਦੀ ਪਤਨੀ ਹਰਜਿੰਦਰ ਕੌਰ,ਲੇਖਕ ਨਾਲ ਮੁਲਾਕਾਤ ਸਮੇਂ
ਕੁੱਲ ਮਿਲਾ ਕੇ ਮੋਰਚੇ ਵਾਲੇ ਸਾਰੇ ਕੈਦੀ ਇਸ ਗੱਲੋਂ ਪ੍ਰੇਸ਼ਾਨ ਸਨ ਕਿ ਉਨ੍ਹਾਂ ਤਾਈਂ ਰੋਟੀ ਪਾਣੀ ਚੰਗਾ ਨਹੀਂ ਮਿਲਦਾ। ਜੇਲ੍ਹ ਦੀ ਕਪਿਸਟੀ ਕਰੀਬ ਪੰਜ ਸੌ ਕੈਦੀਆਂ ਦੇ ਮੁਕਾਬਲੇ ਪੰਦਰਾਂ ਸੌ ਕੈਦੀ ਤੂੜੇ ਹੋਏ ਸਨ। ਜੇਲ੍ਹ ਸਟਾਫ਼ ਦਾ ਵਿਵਹਾਰ ਵੀ ਨਿੰਦਣਯੋਗ ਸੀ। ਗੋਲ਼ੀ ਕਾਂਡ ਤੋਂ ਇਕ ਦਿਨ ਪਹਿਲਾਂ ਕੈਦੀਆਂ ਉੱਚੀ ਉੱਚੀ ਰੌਲਾ ਪਾਇਆ " ਬਠਿੰਡਾ ਵਾਸੀਓ, DC ਨੂੰ ਜਗਾਓ,ਉਹ ਆ ਕੇ ਦੇਖੇ ਕਿ 'ਕਾਲੀ ਕੈਦੀਆਂ ਦਾ ਕੀ ਹਾਲ ਐ?" ਆਏ ਦਿਨ ਹੱਲਾ ਗੁੱਲਾ ਹੋਇਆ ਰਹਿੰਦਾ। ਅਗਲੇ ਦਿਨ ਬਠਿੰਡਾ ਜੇਲ੍ਹ ਵਿਚ ਹੱਲਾ ਗੁੱਲਾ ਬਹੁਤ ਵੱਧ ਗਿਆ ਜਦੋਂ ਪੁਲਸ ਰੇਲ ਪਾਸ ਬਣਾਉਣ ਦੇ ਨਾਮ 'ਤੇ ਮਾਫ਼ੀਨਾਮੇ ਦੀ ਲਿਖੀ ਹੋਈ ਇਬਾਰਤ 'ਤੇ ਦਸਤਖ਼ਤ ਕਰਵਾਈ ਜਾਏ। ਕਿਸੇ ਪੜ੍ਹੇ ਲਿਖੇ 'ਕਾਲੀ ਕੈਦੀ ਨੇ ਉਹ ਇਬਾਰਤ ਪੜੀ ਤਾਂ ਰੌਲਾ ਪਾਇਆ।ਕੈਦੀ ਅਤੇ ਜੇਲ੍ਹ ਸਟਾਫ਼ ਆਹਮੋ-ਸਾਹਮਣੇ ਆ ਗਏ। ਨੌਬਤ ਗੋਲੀ ਚੱਲਣ ਤੱਕ ਆ ਗਈ। ਮੋਰਚੇ ਵਾਲੇ 5-6 ਕੈਦੀ ਸ਼ਹੀਦ ਤੇ ਅਨੇਕਾਂ ਫੱਟੜ ਹੋ ਗਏ।ਇਹੀ ਨਹੀਂ ਉਪਰੰਤ ਭਾਰੀ ਲਾਠੀਚਾਰਜ ਵੀ ਕੀਤਾ ਗਿਆ। ਸਾਡਾ ਜਥਾ ਇਸ ਝਗੜੇ ਵਿੱਚ ਸ਼ਾਮਲ ਨਹੀਂ ਸੀ ਕਿਉਂਕਿ ਅਜਿਹੀ ਭਿਣਕ ਪੈਣ 'ਤੇ ਸਾਡੀ ਬੈਰਕ ਨੂੰ ਹਰ ਪਾਸਿਓਂ ਲਾਕ ਕਰ ਦਿੱਤਾ ਗਿਆ ।ਪੂਰੀ ਤਫ਼ਸੀਲ ਦਾ ਸਾਨੂੰ ਦੂਜੇ ਦਿਨ ਜਾ ਕੇ ਪਤਾ ਲੱਗਾ। ਫਿਰ ਇਵੇਂ ਇਕ ਦਿਨ ਸੁਪਰਡੈਂਟ ਸਾਬ ਕਹਿਣ ਲੱਗੇ ਕਿ ਆਪਣਾ ਅਸਲੀ ਨਾਮ ਪਤਾ ਲਿਖਵਾਓ ਤਾਂ ਸਾਰਿਆਂ ਨੂੰ ਰਿਹਾਅ ਕਰ ਦਿੰਨੇ ਐਂ। ਸੋਚ ਵਿਚਾਰ ਤੋਂ ਬਾਅਦ ਅਸੀਂ ਸਾਰਿਆਂ ਪਤਾ ਲਿਖਵਾ ਦਿੱਤਾ ਤਾਂ ਸਾਨੂੰ ਰਿਹਾ ਕਰ ਦਿੱਤਾ। ਉਥੋਂ ਗੱਡੀ ਫੜ੍ਹ ਜਲੰਧਰ ਅਤੇ ਜਲੰਧਰ ਤੋਂ ਥਾਬਲਕੇ ਆਣ ਉਤਰੇ। ਆਉਂਦਿਆਂ ਹੀ ਪਿੰਡ ਵਾਲਿਆਂ ਗੁਰਦੁਆਰਾ ਸਾਹਿਬ 'ਚ ਪੰਜਾਬੀ ਸੂਬਾ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ, ਸਾਡਾ ਗਰਮਜੋਸ਼ੀ ਨਾਲ ਸਵਾਗਤ ਕੀਤਾ।'ਕਾਲੀ ਚੰਨਣ ਸਿੰਘ ਜੋ ਬੜਾ ਪ੍ਰਭਾਵਸ਼ਾਲੀ ਬੁਲਾਰਾ ਸੀ ਨੇ,ਰੋਹ ਅਤੇ ਫ਼ਤਹਿ ਭਰੀ ਤਕਰੀਰ ਕਰਕੇ ਮਾਨੋ ਛੇ ਮਹੀਨਿਆਂ ਦੀ ਥਕਾਨ ਲਾਹ ਮਾਰੀ। ਅਨੇਕਾਂ ਸ਼ਹੀਦੀਆਂ ਅਤੇ ਬਿਪਤਾਵਾਂ ਸਹੇੜ ਕੇ,1 ਨਵੰਬਰ 1966 ਨੂੰ ਅਜੋਕਾ ਪੰਜਾਬੀ ਸੂਬਾ ਹੋਂਦ ਵਿੱਚ ਆਇਆ।"
ਇਹ ਵੀ ਪੜ੍ਹੋ- ਪੰਜਾਬ ਦਿਵਸ 'ਤੇ ਵਿਸ਼ੇਸ਼ : ਅੱਜ ਪੰਜਾਬ ਨੂੰ ਹੋਰ 'ਲਛਮਣ ਸਿੰਘ ਗਿੱਲ' ਦੀ ਲੋੜ
"ਜਿਵੇਂ ਆਜ਼ਾਦੀ ਸੰਗਰਾਮ ਦੀ ਭੇਟ ਚੜ੍ਹ ਗਏ ਸ਼ਹੀਦਾਂ ਦੇ ਸਿਰਜੇ ਸੁਫ਼ਨਿਆਂ ਦਾ ਭਾਰਤ ਨਾ ਹੋ ਕੇ, ਹਾਲੋਂ ਬੇਹਾਲ ਹੋ ਗਿਐ, ਉਸੇ ਤਰ੍ਹਾਂ ਪੰਜਾਬੀ ਸੂਬਾ ਮੋਰਚਾ ਜਿਸ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਲਾਇਆ ਸੀ ਇਸ ਵਕਤ ਹਾਲਾਤ ਉਸ ਤੋਂ ਬਿਲਕੁਲ ਉਲਟ ਹੋ ਗਏ। ਪੰਜਾਬੀਆਂ ਦਾ ਪਰਵਾਸ ਅਤੇ ਗ਼ੈਰ ਪੰਜਾਬੀਆਂ ਦੇ ਲਗਾਤਾਰ ਪਸਾਰੇ ਕਾਰਨ,ਉਹ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਉਪਰ ਹਾਵੀ ਹੋ ਗਏ ਨੇ। ਬਸੇਰਾ ਸਕੀਮ ਤਹਿਤ ਉਨ੍ਹਾਂ ਨੂੰ ਮਕਾਨ/ਪਲਾਟ ਦਿੱਤੇ ਜਾ ਰਹੇ ਨੇ। ਰਾਸ਼ਨ ,ਆਟਾ ਦਾਲ ,ਵੋਟ ,ਸਿਹਤ ਬੀਮਾ ਕਾਰਡ ਸਭ ਦੇ ਬਣੇ ਹੋਏ ਨੇ।ਕਈ ਪੈਸੇ ਵਾਲੇ ਆਪਣੇ ਮਕਾਨ,ਪਲਾਟ, ਜ਼ਮੀਨਾਂ ਖ਼ਰੀਦ ਰਹੇ ਵਾ ।ਹੋਰ ਪੰਜਾਹ ਸਾਲਾਂ ਤੱਕ ਪੰਜਾਬੀ ਪੰਜਾਬ ਵਿੱਚ ਆਟੇ ਵਿੱਚ ਲੂਣ ਬਰਾਬਰ ਰਹਿ ਜਾਣਗੇ।ਵੋਟ ਰਾਜਨੀਤੀ ਪੰਜਾਬ ਨੂੰ ਤਬਾਹ ਕਰ ਰਹੀ ਐ। " ਲਾਲ ਸਿੰਘ ਹੋਰਾਂ ਹੌਕਾ ਲੈਂਦਿਆਂ ਕਿਹਾ।
ਸਤਵੀਰ ਸਿੰਘ ਚਾਨੀਆਂ
92569-73526
ਨੋਟ: ਕੀ ਪੰਜਾਬ ਦੀ ਵੰਡ ਪੰਜਾਬੀ ਭਾਸ਼ਾ ਦੇ ਆਧਾਰ 'ਤੇ ਸਹੀ ਕੀਤੀ ਗਈ ਹੈ ਜਾਂ ਨਹੀਂ ? ਕੁਮੈਂਟ ਕਰਕੇ ਦਿਓ ਆਪਣੀ ਰਾਏ