ਗਲਤ ਤਰੀਕੇ ਨਾਲ ਵੇਸਟੇਜ ਰੱਖਣ ਦੇ ਮਾਮਲੇ ''ਚ ਹਸਪਤਾਲਾਂ ਨੂੰ ਨੋਟਿਸ ਜਾਰੀ
Sunday, Apr 22, 2018 - 04:47 AM (IST)

ਜਲੰਧਰ, (ਬੁਲੰਦ)- ਸ਼ਹਿਰ ਦੇ ਦਰਜਨ ਭਰ ਹਸਪਤਾਲਾਂ ਦੀ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚੈਕਿੰਗ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਅਧਿਕਾਰੀ ਅਰੁਣ ਕੱਕੜ ਨੇ ਦੱਸਿਆ ਕਿ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਜਾਰੀ ਹੁਕਮਾਂ ਅਨੁਸਾਰ ਇਹ ਚੈਕਿੰਗ ਕੀਤੀ ਗਈ। ਇਸ ਵਿਚ ਐੱਸ. ਡੀ. ਓ. ਅਤੇ ਇਕ ਜੇ. ਈ. ਦੀ ਡਿਊਟੀ ਲਗਾ ਕੇ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਤੇ ਉਥੇ ਇਸ ਗੱਲ ਦੀ ਚੈਕਿੰਗ ਕੀਤੀ ਕਿ ਹਸਪਤਾਲਾਂ ਵਿਚ ਵੇਸਟੇਜ ਨੂੰ ਕਿਵੇਂ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਵਿਭਾਗੀ ਅਧਿਕਾਰੀਆਂ ਨੇ ਪਹਿਲਾਂ ਸਿਵਲ ਹਸਪਤਾਲ, ਈ. ਐੱਸ. ਆਈ. ਹਸਪਤਾਲ, ਸੰਤ ਬਾਬਾ ਭਾਗ ਸਿੰਘ ਚੈਰੀਟੇਬਲ ਹਸਪਤਾਲ, ਪਟੇਲ ਹਸਪਤਾਲ, ਕੈਪੀਟੋਲ ਹਸਪਤਾਲ, ਪ੍ਰੀਮੀਅਰ ਹਸਪਤਾਲ ਐੱਚ. ਬੀ. ਓਰਥੋਕੇਅਰ ਤੇ ਸੈਕਰਡ ਹਾਰਟ ਹਸਪਤਾਲ ਵਿਚ ਚੈਕਿੰਗ ਕੀਤੀ, ਜਿਥੇ ਸਾਰਾ ਸਿਸਟਮ ਸਹੀ ਪਾਇਆ ਗਿਆ।
ਇਸ ਦੌਰਾਨ ਅਧਿਕਾਰੀਆਂ ਨੇ ਅਜਿਹੇ ਦੋ ਪ੍ਰਾਈਵੇਟ ਹਸਪਤਾਲਾਂ ਦੀ ਚੈਕਿੰਗ ਕੀਤੀ, ਜਿਥੇ ਬਾਇਓ ਮੈਡੀਕਲ ਵੇਸਟ ਨਿਯਮਾਂ ਅਨੁਸਾਰ ਨਹੀਂ ਰੱਖਿਆ ਗਿਆ ਸੀ ਅਤੇ ਨੀਡਲਜ਼ ਵੀ ਸਹੀ ਤਰੀਕੇ ਨਾਲ ਸਟੋਰ ਨਹੀਂ ਕੀਤੀਆਂ ਹੋਈਆਂ ਸਨ। ਕੱਕੜ ਨੇ ਦੱਸਿਆ ਕਿ ਵੇਸਟੇਜ ਦਾ ਸਹੀ ਤਰੀਕੇ ਨਾਲ ਰੱਖ-ਰਖਾਅ ਨਾ ਕਰਨ ਵਾਲੇ ਹਸਪਤਾਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ ਹੈ।