ਨੇਮ ਪਲੇਟਾਂ ਉਤਰਵਾਈਆਂ ਤੇ ਸੂਚਨਾ ਬੋਰਡ ''ਤੇ ਰੰਗ ਫੇਰਿਆ

10/14/2017 6:17:45 AM

ਫਗਵਾੜਾ, (ਜਲੋਟਾ)- ਨਗਰ ਨਿਗਮ 'ਚ ਵਾਪਰੇ ਘਟਨਾਚੱਕਰ 'ਚ ਹੁਣ ਭਾਜਪਾ ਮੇਅਰ ਅਰੁਣ ਖੋਸਲਾ ਨੇ ਖੁੱਲ੍ਹੇਆਮ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਤੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਦੇ ਅਧਿਕਾਰਿਤ ਮੇਅਰ ਦਫਤਰ ਕੰਪਲੈਕਸ ਸਥਿਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਫਤਰਾਂ ਦੀ ਤਾਲਾਬੰਦੀ ਕਰਕੇ ਇਨ੍ਹਾਂ ਦੇ ਨਾਮ ਦੀਆਂ ਪਲੇਟਾਂ ਉਥੋਂ ਹਟਵਾ ਦਿੱਤੀਆਂ ਹਨ। ਹੋਰ ਤਾਂ ਹੋਰ ਮੇਅਰ ਨੇ ਮੇਅਰ ਦਫਤਰ ਦੇ ਬਾਹਰ ਲੱਗੇ ਪਬਲਿਕ ਸੂਚਨਾ ਬੋਰਡ 'ਤੇ ਵੀ ਰੰਗ ਫਿਰਵਾ ਦਿੱਤਾ ਹੈ। ਇਸਦਾ ਖੁਲਾਸਾ ਖੁਦ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਤੇ ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਨਿਗਮ ਕੰਪਲੈਕਸ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਮੇਅਰ ਅਰੁਣ ਖੋਸਲਾ 'ਤੇ ਕਈ ਤਰ੍ਹਾਂ ਦੇ ਸੰਗੀਨ ਦੋਸ਼ ਲਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਹ ਅੱਜ ਜਦੋਂ ਨਿਗਮ ਕੰਪਲੈਕਸ 'ਚ ਆਪਣੇ ਦਫਤਰ 'ਚ ਬੈਠਣ ਲਈ ਮੇਅਰ ਦਫਤਰ ਕੰਪਲੈਕਸ ਪਹੁੰਚੇ ਤਾਂ ਇਹ ਦੇਖ ਕੇ ਦੰਗ ਰਹਿ ਗਏ ਕਿ ਉਨ੍ਹਾਂ ਦੇ ਦਫਤਰਾਂ ਦੀ ਤਾਲਾਬੰਦੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਨਾਂ ਤੇ ਅਹੁਦਿਆਂ ਦੀਆਂ ਪਲੇਟਾਂ ਉਥੋਂ ਹਟਵਾ ਦਿੱਤੀਆਂ ਗਈਆਂ ਹਨ।
ਡਿਪਟੀ ਮੇਅਰ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਬੇਸ਼ੱਕ ਇਹ ਸਾਨੂੰ ਜਨਤਾ ਦੇ ਸਾਹਮਣੇ ਜ਼ਲੀਲ ਕਰਨ ਦਾ ਘਟੀਆ ਕਾਰਨਾਮਾ ਸੀ। ਮੇਅਰ ਅਰੁਣ ਖੋਸਲਾ ਅਜਿਹਾ ਕਰਨ ਲਈ ਨਾ ਤਾਂ ਅਧਿਕਾਰਿਤ ਤੇ ਨਾ ਹੀ ਉਨ੍ਹਾਂ ਨੂੰ ਕਾਨੂੰਨ ਇਸਦੀ ਇਜਾਜ਼ਤ ਦਿੰਦਾ ਹੈ। ਅੱਜ ਤਾਂ ਪਾਣੀ ਸਿਰ 'ਤੋਂ ਲੰਘ ਗਿਆ ਹੈ, ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਭਾਜਪਾ ਮੇਅਰ ਖੋਸਲਾ ਨੇ ਨਿਗਮ 'ਚ ਪੋਸਟ ਹੋ ਕੇ ਪਹੁੰਚੇ ਨਵ-ਨਿਯੁਕਤ ਕਮਿਸ਼ਨਰ ਬਖਤਾਵਰ ਸਿੰਘ ਜੋ ਆਈ. ਏ. ਐੱਸ. ਰੈਂਕ ਦੇ ਅਧਿਕਾਰੀ ਹਨ, ਦੇ ਨਾਲ ਬਿਨਾਂ ਉਨ੍ਹਾਂ ਨੂੰ ਤੇ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਸਿੰਘ ਵਾਲੀਆ ਨੂੰ ਦੱਸਿਆਂ ਉਨ੍ਹਾਂ ਦੇ ਸਰਕਾਰੀ ਦਫਤਰ 'ਤੇ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰਕੇ ਉਨ੍ਹਾਂ ਨਾਲ ਗਲਤ ਸਲੂਕ ਕੀਤਾ ਤੇ ਉਸ ਤੋਂ ਬਾਅਦ ਇਹੀ ਸਭ ਕੁਝ ਸੀਨੀਅਰ ਡਿਪਟੀ ਮੇਅਰ ਤੇ ਉਨ੍ਹਾਂ ਦੇ (ਡਿਪਟੀ ਮੇਅਰ) ਨਾਲ ਕਰ ਦਿੱਤਾ।
ਇਸ ਸ਼ਰਮਨਾਕ ਘਟਨਾ ਦੀ ਸਾਰੀ ਜਾਣਕਾਰੀ ਉਨ੍ਹਾਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਹਾਈਕਮਾਨ ਨੂੰ ਦੇ ਦਿੱਤੀ ਗਈ ਹੈ। ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੇ ਆਪਣੀਆਂ ਕੁਰਸੀਆਂ ਮੇਅਰ ਵਲੋਂ ਨਿਗਮ ਕਮਿਸ਼ਨਰ ਦਫਤਰ 'ਤੇ ਕੀਤੇ ਗਏ ਕਬਜ਼ੇ ਵਾਲੇ ਦਫਤਰ ਵਿਚ ਨਾਲ ਲਗਵਾ ਦਿੱਤੀਆਂ ਹਨ ਤੇ ਉਹ ਉਥੇ ਡੇਰਾ ਲਾ ਕੇ ਬੈਠ ਗਏ ਹਨ। ਇਸਦੇ ਨਾਲ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਨਾਂ ਵਾਲੀਆਂ ਪਲੇਟਾਂ ਨੂੰ ਨਿਗਮ ਕਮਿਸ਼ਨਰ ਵਾਲੇ ਦਫਤਰ ਦੇ ਬਾਹਰ ਮੇਅਰ ਦੀ ਨਾਂ ਪਲੇਟ ਦੇ ਨਾਲ ਲਗਵਾ ਦਿੱਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਾਰਾ ਰਾਜਸੀ ਡਰਾਮਾ ਜਦੋਂ ਹੋਇਆ ਤਾਂ ਭਾਜਪਾ ਮੇਅਰ ਅਰੁਣ ਖੋਸਲਾ ਗਾਇਬ ਸਨ।


Related News