ਨੋਟਬੰਦੀ, ਜੀ.ਐੱਸ.ਟੀ. ਤੋਂ ਬਾਅਦ ਹੁਣ ਤਿਉਹਾਰਾਂ 'ਤੇ ਤਾਲਾਬੰਦੀ ਦੀ ਮਾਰ

Wednesday, Jul 29, 2020 - 02:15 PM (IST)

ਨੋਟਬੰਦੀ, ਜੀ.ਐੱਸ.ਟੀ. ਤੋਂ ਬਾਅਦ ਹੁਣ ਤਿਉਹਾਰਾਂ 'ਤੇ ਤਾਲਾਬੰਦੀ ਦੀ ਮਾਰ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ): ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਤਿਉਹਾਰ ਰੱਖੜੀ ਇਸ ਵਾਰ 3 ਅਗਸਤ ਨੂੰ ਮਨਾਇਆ ਜਾ ਰਿਹਾ ਹੈ, ਜਿਸ ਲਈ ਭੈਣਾਂ ਨੇ ਹੁਣੇ ਤੋਂ ਹੀ ਰੱਖੜੀਆਂ ਦੀ ਖ਼ਰੀਦਦਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦੂਰ-ਦੁਰਾਡੇ ਬੈਠੇ ਭਰਾਵਾਂ ਲਈ ਰੱਖੜੀ ਡਾਕ ਰਾਹੀਂ ਭੇਜਣ ਦਾ ਸਿਲਸਿਲਾ ਵੀ ਕਈ ਥਾਈ ਜਾਰੀ ਹੈ, ਪਰ 3 ਅਗਸਤ ਦੀ ਉਡੀਕ ਹਰ ਲੜਕੀ ਨੂੰ ਹੈ, ਕਿਉਂਕਿ ਇਸ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਤੋਂ ਜੀਵਨ ਭਰ ਰੱਖਿਆ ਦਾ ਵਚਨ ਲੈਂਦੀ ਹੈ। ਦੂਜੇ ਪਾਸੇ ਜੇਕਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਰੱਖੜੀ ਦਾ ਤਿਉਹਾਰ ਭਾਵੇਂ ਹੀ ਲੋਕਾਂ ਵਲੋਂ ਉਤਸ਼ਾਹ ਨਾਲ ਮਨਾਇਆ ਜਾਵੇ, ਪਰ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਨੂੰ ਇਸ ਵਾਰ ਵੀ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ:  17 ਸਾਲਾ ਕੁੜੀ ਪੜ੍ਹਾਈ ਦੇ ਨਾਲ ਕਰਦੀ ਹੈ ਖੇਤੀ, ਕਿਸਾਨੀ ਹੱਕਾਂ ਲਈ ਜੂਝਣ ਦੇ ਜਜ਼ਬੇ ਨੂੰ ਸਲਾਮ

ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਲਾਗੂ ਕੀਤੀ ਗਈ ਨੋਟਬੰਦੀ ਤੇ ਜੀ.ਐੱਸ.ਟੀ. ਨੇ ਦੁਕਾਨਦਾਰਾਂ ਨੂੰ ਅਜਿਹਾ ਰਗੜਾ ਲਗਾਇਆ ਸੀ ਕਿ ਕਰੀਬ-ਕਰੀਬ ਹਰ ਤਿਉਹਾਰ ਹੀ ਫਿੱਕੇ ਪੈ ਗਏ ਸਨ, ਇਸੇ ਤਰ੍ਹਾਂ ਹੁਣ ਰੱਖੜੀ ਦੀ ਵਿਕਰੀ ਘੱਟ ਹੋਣ ਦਾ ਕਾਰਨ ਦੁਕਾਨਦਾਰ ਤਾਲਾਬੰਦੀ ਨੂੰ ਦੱਸਣ ਲੱਗੇ ਹਨ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਤਾਲਾਬੰਦੀ ਕਰਕੇ ਲੋਕਾਂ ਦੀਆਂ ਜੇਬਾਂ ਸੁੰਨੀਆਂ ਹਨ ਤੇ ਅਜਿਹੇ 'ਚ ਮਹਿੰਗੀਆਂ ਰੱਖੜੀਆਂ ਦੀ ਖ਼ਰੀਦਦਾਰੀ ਬੀਬੀਆਂ ਵਲੋਂ ਘੱਟ ਕੀਤੀ ਜਾ ਰਹੀ ਹੈ, ਜਦੋਂਕਿ ਸਾਧਾਰਨ ਧਾਗਿਆਂ ਦੀਆਂ ਰੱਖੜੀਆਂ ਦੀ ਵਿਕਰੀ ਜ਼ਿਆਦਾ ਹੋ ਰਹੀ ਹੈ।ਦੁਕਾਨਦਾਰਾਂ ਨੇ ਦੱਸਿਆ ਕਿ ਕੋਵਿਡ-19 ਦੇ ਨਿਯਮ ਸਮਾਜਿਕ ਦੂਰੀ ਕਰਕੇ ਵੀ ਉਨ੍ਹਾਂ ਨੂੰ ਕਾਫ਼ੀ ਨੁਕਸਾਨ ਸਹਿਣਾ ਪੈ ਰਿਹਾ ਹੈ, ਕਿਉਂਕਿ ਦੁਕਾਨ ਅੰਦਰ ਗ੍ਰਾਹਕਾਂ ਦੀ ਮੌਜੂਦਗੀ ਕਰਕੇ ਬਾਹਰੋਂ ਆਉਣ ਵਾਲੇ ਗ੍ਰਾਹਕ ਅੰਦਰ ਆਉਣ ਤੋਂ ਇਨਕਾਰੀ ਕਰ ਜਾਂਦੇ ਹਨ, ਜਿਸ ਕਰਕੇ ਇਸ ਵਾਰ ਦੀ ਰੱਖੜੀ ਦੇ ਤਿਉਹਾਰ 'ਤੇ ਮੰਦੀ ਦਿਸਣ ਦੇ ਆਸਾਰ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਕਹਿਰ ਦੀ ਗਰਮੀ ਦੌਰਾਨ ਪ੍ਰਵਾਸੀ ਬੀਬੀ ਨੇ ਸੜਕ ਕਿਨਾਰੇ ਦਿੱਤਾ ਨੰਨ੍ਹੀ ਬੱਚੀ ਨੂੰ ਜਨਮ

ਸਸਤੀਆਂ ਰੱਖੜੀਆਂ ਦੀ ਵਿਕਰੀ ਜ਼ਿਆਦਾ, ਮਿਠਾਈਆਂ ਦੀ ਖ਼ਰੀਦੋ ਫਰੋਖਤ ਵੀ ਜਾਰੀ
ਤਾਲਾਬੰਦੀ ਕਰਕੇ ਰੁਜ਼ਗਾਰ ਠੱਪ ਹੋਣ ਕਰਕੇ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ 'ਚ ਇਸ ਵਾਰ ਰੱਖੜੀ ਪ੍ਰਤੀ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਬੀਬੀਆਂ ਸਾਧਾਰਨ ਰੱਖੜੀਆਂ ਨੂੰ ਜ਼ਿਆਦਾ ਖ਼ਰੀਦਣ ਲਈ ਤਰਜ਼ੀਹ ਦੇ ਰਹੀਆਂ ਹਨ, ਜਦੋਂਕਿ ਮਹਿੰਗੀਆਂ ਰੱਖੜੀਆਂ ਦੀ ਵਿਕਰੀ ਬਹੁਤ ਘੱਟ ਹੈ। ਉਥੇ ਹੀ ਸ਼ਹਿਰ ਅੰਦਰ ਮਿਠਾਈਆਂ ਦੀਆਂ ਦੁਕਾਨਾਂ 'ਤੇ ਵੀ ਹੁਣੇ ਹੀ ਜਨਾਨੀਆਂ ਨੇ ਮਿਠਾਈਆਂ ਦੀ ਖ਼ਰੀਦੋ ਫਰੋਖ਼ਤ ਸ਼ੁਰੂ ਕਰ ਦਿੱਤੀ ਹੈ।


author

Shyna

Content Editor

Related News