ਭਾਦਸੋਂ-ਸਰਹੰਦੀ ਚੋਅ ਦੀ ਸਫਾਈ ਨਾ ਹੋਣ ਕਾਰਨ ਲੋਕ ਸਹਿਮੇ
Friday, Jul 07, 2017 - 07:39 AM (IST)
ਭਾਦਸੋਂ (ਅਵਤਾਰ) - ਭਾਦਸੋਂ ਸ਼ਹਿਰ ਦੇ ਨਾਲ ਲੰਘਦੇ ਸਰਹੰਦੀ ਚੋਅ ਵਿਚ ਜੰਗਲੀ ਬੂਟੀ ਦੂਰ-ਦੂਰ ਤੱਕ ਫੈਲੀ ਹੋਈ ਹੈ। ਮਾਨਸੂਨ ਦੇ ਦਿਨਾਂ ਵਿਚ ਹੋਣ ਵਾਲੀਆਂ ਭਾਰੀ ਬਰਸਾਤਾਂ ਵਾਲੇ ਪਾਣੀ ਦੀ ਮਾਰ ਝੱਲਣ ਵਾਲੇ ਇਸ ਚੋਅ ਦੀ ਸਫਾਈ ਨਾ ਹੋਣ ਕਾਰਨ ਆਲੇ-ਦੁਆਲੇ ਦੇ ਕਈ ਪਿੰਡਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਭਾਵੇਂ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਦੀ ਰੋਕਥਾਮ ਲਈ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਅਤੇ ਹੜ੍ਹ-ਰੋਕੂ ਪ੍ਰਬੰਧਾਂ ਨੂੰ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਬਾਵਜੂਦ ਇਸ ਦੇ ਲਗਦਾ ਹੈ ਕਿ ਭਾਦਸੋਂ ਬਰਸਾਤੀ ਚੋਅ ਦੀ ਸਫਾਈ ਕਰਨਾ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ਵਿਚ ਨਹੀਂ ਹੈ। ਇੱਥੇ ਇਹ ਦੱਸਣਯੋਗ ਹੈ ਕਿ ਹਰ ਸਾਲ ਬਰਸਾਤਾਂ ਦੇ ਦਿਨਾਂ ਵਿਚ ਇਸ ਚੋਅ ਵਿੱਚ ਪਾਣੀ ਦਾ ਪੱਧਰ ਵਧ ਜਾਂਦਾ ਹੈ। ਕਈ ਪਿੰਡਾਂ ਦੀਆਂ ਫਸਲਾਂ ਅਤੇ ਹਰਾ ਚਾਰਾ ਤਬਾਹ ਹੋ ਜਾਂਦਾ ਹੈ। ਇਸ ਚੋਅ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਵਿਚ ਬਰਸਾਤਾਂ ਦੇ ਦਿਨਾਂ 'ਚ ਸਹਿਮ ਅਤੇ ਡਰ ਪੈਦਾ ਹੋ ਜਾਂਦਾ ਹੈ। ਚੋਅ ਵਿਚ ਜਿੱਥੇ ਬਰਸਾਤੀ ਪਾਣੀ ਇਕੱਠਾ ਹੋ ਕੇ ਆਉਂਦਾ ਹੈ, ਉਥੇ ਪਿਛਲੇ ਪਿੰਡਾਂ ਵਿੱਚੋਂ ਵੀ ਵਾਧੂ ਪਾਣੀ ਇਸ ਚੋਅ ਵਿਚ ਛੱਡਿਆ ਜਾਂਦਾ ਹੈ। ਹਰ ਸਾਲ ਇਹ ਚੋਅ ਭਾਦਸੋਂ ਖੇਤਰ ਦੇ ਕਈ ਪਿੰਡਾਂ 'ਚ ਨੁਕਸਾਨ ਕਰ ਜਾਂਦਾ ਹੈ। ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨਾਲ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧ ਗਿਆ ਹੈ। ਬਾਰਿਸ਼ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਇਸ ਸਬੰਧੀ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਕੁਝ ਦਿਨਾਂ ਵਿਚ ਭਾਦਸੋਂ ਚੋਅ ਦੀ ਸਫਾਈ ਨਾ ਕਰਵਾਈ ਗਈ ਤਾਂ ਬਰਸਾਤੀ ਪਾਣੀ ਨੁਕਸਾਨ ਕਰ ਸਕਦਾ ਹੈ।
