''ਨੌਦੀਪ ਕੌਰ'' ਮਾਮਲੇ ''ਚ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਨੋਟਿਸ, ਤਲਬ ਕੀਤੀ ਰਿਪੋਰਟ
Friday, Feb 12, 2021 - 10:51 AM (IST)
ਚੰਡੀਗੜ੍ਹ : ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੀ ਗਈ ਕਿਰਤੀਆਂ ਦੇ ਹੱਕਾਂ ਲਈ ਲੜਨ ਵਾਲੀ ਆਗੂ ਨੌਦੀਪ ਕੌਰ ਦੀ ਰਿਹਾਈ ਲਈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਕੈਬਨਿਟ ਮੰਤਰੀ ਅਰੁਣਾ ਚੌਧਰੀ ਵੱਲੋਂ ਕੌਮੀ ਮਹਿਲਾ ਕਮਿਸ਼ਨ ਨੂੰ ਅਪੀਲ ਕੀਤੇ ਜਾਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੌਦੀਪ ਕੌਰ ਦੇ ਮਾਮਲੇ 'ਚ ਸੀਨੀਅਰ ਪੁਲਸ ਕਪਤਾਨ ਸੋਨੀਪਤ ਤੋਂ 15 ਫ਼ਰਵਰੀ ਤੱਕ ਪੜਤਾਲੀਆ ਰਿਪੋਰਟ ਤਲਬ ਕਰ ਲਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗਿਆਦੜ ਦੀ ਨੌਦੀਪ ਕੌਰ ਨੂੰ ਕੁੰਡਲੀ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਸਬੰਧੀ ਸੋਨੀਪਤ ਦੇ ਐਸ. ਐਸ. ਪੀ. ਨੂੰ ਪੱਤਰ ਲਿਖ ਕੇ ਹੁਕਮ ਦਿੱਤੇ ਗਏ ਹਨ ਕਿ ਉਹ ਨੌਦੀਪ ਕੌਰ ਦੇ ਮਾਮਲੇ ਦੀ ਪੜਤਾਲ ਕਿਸੇ ਸੀਨੀਅਰ ਅਧਿਕਾਰੀ ਤੋਂ ਕਰਾਉਣ।
ਉਨ੍ਹਾਂ ਕਿਹਾ ਕਿ ਐਸ. ਐਸ. ਪੀ. ਨੂੰ ਪੜਤਾਲ ਸਬੰਧੀ ਵਿਸਥਾਰਤ ਰਿਪੋਰਟ ਪੰਜ ਦਿਨਾਂ ਦੇ ਅੰਦਰ-ਅੰਦਰ (15 ਫ਼ਰਵਰੀ ਤੱਕ) ਪੇਸ਼ ਕਰਨ ਲਈ ਕਿਹਾ ਗਿਆ ਹੈ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੁਲਸ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਅਗਲੇਰੀ ਕਾਰਵਾਈ ਤੁਰੰਤ ਅਮਲ 'ਚ ਲਿਆਂਦੀ ਜਾਵੇਗੀ।
ਨੋਟ : ਨੌਦੀਪ ਕੌਰ ਦੀ ਰਿਹਾਈ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦਿਓ ਆਪਣੀ ਰਾਏ