ਰੋਸ ਧਰਨੇ ਦੇ ਚੱਲਦਿਆਂ ਪਿੰਡ ਲਖਮੀਰ ਕੇ ਉਤਾੜ ਵਿਖੇ ਨਹੀ ਹੋ ਸਕੀ ਵੋਟਿੰਗ
Tuesday, Oct 15, 2024 - 02:42 PM (IST)
ਮਮਦੋਟ (ਸ਼ਰਮਾ) : ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਲਖਮੀਰ ਕੇ ਉਤਾੜ ਵਿਖੇ ਪਿੰਡ ਦੇ ਕੁੱਝ ਵਿਅਕਤੀਆਂ ਨੇ ਆਪਣੀਆਂ ਵੋਟਾਂ ਵੋਟਰ ਸੂਚੀ ਵਿੱਚ ਨਾ ਹੋਣ ਕਾਰਨ ਪੋਲਿੰਗ ਬੂਥ ਦੇ ਬਾਹਰ ਪਿਛਲੇ 2 ਦਿਨਾਂ ਤੋਂ ਰੋਸ ਧਰਨਾ ਲਾਇਆ ਹੋਇਆ ਹੈ, ਜਿਸ ਕਾਰਨ ਪਿੰਡ 'ਚ ਅੱਜ ਵੋਟਿੰਗ ਸ਼ੁਰੂ ਨਹੀਂ ਹੋ ਸਕੀ। ਵੋਟਿੰਗ ਨਾ ਸ਼ੁਰੂ ਹੁੰਦੀ ਵੇਖ ਕੇ ਸਿਵਲ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸ਼ਨ ਵੱਡੀ ਗਿਣਤੀ 'ਚ ਪਿੰਡ ਲਖਮੀਰ ਕੇ ਉਤਾੜ ਵਿਖੇ ਵੱਡੀ ਪੁਲਸ ਫੋਰਸ ਨਾਲ ਪਹੁੰਚਿਆ ਪਰ ਵੋਟਿੰਗ ਸ਼ੁਰੂ ਕਰਵਾਉਣ ਵਿੱਚ ਕਾਮਯਾਬੀ ਨਹੀਂ ਮਿਲ ਸਕੀ।
ਇਸ ਸਬੰਧੀ ਮੌਕੇ 'ਤੇ ਪਹੁੰਚੇ ਹੋਏ ਸੀਨੀਅਰ ਅਧਿਕਾਰੀਆਂ ਨੇ ਪਿੰਡ ਦੇ ਪੋਲਿੰਗ ਬੂਥ ਦੇ ਸਾਹਮਣੇ ਪਿੰਡ ਵਾਸੀਆਂ ਵੱਲੋ ਲਗਾਏ ਗਏ ਧਰਨੇ ਵਿੱਚ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਪੋਲਿੰਗ ਬੂਥ ਸ਼ੁਰੂ ਕਰਨ ਦੀ ਅਪੀਲ ਕੀਤੀ ਪਰ ਪਿੰਡ ਵਾਸੀ ਇਸ ਗੱਲ ਨੂੰ ਲੈ ਕੇ ਬੇਜਿੱਦ ਰਹੇ ਕਿ ਸਾਡੇ ਪਿੰਡ ਦੀਆਂ ਸਾਰੀਆਂ ਵੋਟਾਂ ਗ੍ਰਾਮ ਪੰਚਾਇਤ ਪਿੰਡ ਲਖਮੀਰ ਕੇ ਉਤਾੜ ਵਿੱਚ ਸ਼ਾਮਲ ਕਰਕੇ ਵੋਟਿੰਗ ਕਰਵਾਈ ਜਾਵੇ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਪਿੰਡ ਵਾਸੀਆਂ ਦੇ ਨਾ ਮੰਨਣ ਕਾਰਨ ਪੁਲਸ ਪ੍ਰਸ਼ਾਸ਼ਨ ਨੂੰ ਵਾਪਸ ਆਉਣਾ ਪਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਪੋਲਿੰਗ ਸ਼ੁਰੂ ਨਹੀ ਹੋ ਸਕੀ ਸੀ। ਇਸ ਤੋ ਇਲਾਵਾ ਮਮਦੋਟ ਬਲਾਕ ਦੇ ਸਾਰੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਛੋਟੀਆਂ-ਮੋਟੀਆਂ ਘਟਨਾਵਾਂ ਨੂੰ ਛੱਡ ਕੇ ਸਾਰੇ ਪਿੰਡਾਂ ਵਿੱਚ ਸ਼ਾਂਤਮਈ ਢੰਗ ਨਾਲ ਲੋਕ ਆਪੋ-ਆਪਣੀਆਂ ਵੋਟਾਂ ਪਾਉਣ ਵਿੱਚ ਰੁੱਝੇ ਰਹੇ। ਦੁਪਹਿਰ 12 ਵਜੇ ਤੱਕ 30 ਫ਼ੀਸਦੀ ਵੋਟ ਪੈ ਜਾਣ ਦਾ ਰੁਝਾਨ ਪ੍ਰਾਪਤ ਹੋਇਆ ਹੈ।