ਕਿਸੇ ਦੀ ਬੇਇੱਜ਼ਤੀ ਕਰਨ ਦਾ ਨਹੀਂ ਸੀ ਇਰਾਦਾ : ਮਨਪ੍ਰੀਤ ਬਾਦਲ

03/14/2018 7:42:22 AM

ਚੰਡੀਗੜ੍ਹ (ਪਰਾਸ਼ਰ) - ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਨੂੰ ਆਈ. ਏ. ਐੱਸ. ਅਧਿਕਾਰੀਆਂ ਦੀ ਹੇਠਲੇ ਦਰਜੇ ਦੀ ਅੰਗਰੇਜ਼ੀ ਬਾਰੇ ਕੁੱਝ ਵੀ ਨਹੀਂ ਕਹਿਣਾ ਚਾਹੀਦਾ ਸੀ ਕਿਉਂਕਿ ਅੱਜ-ਕੱਲ ਸਾਰਿਆਂ ਦੇ ਸਬਰ ਦਾ ਮਾਦਾ ਘੱਟ ਹੋ ਗਿਆ ਹੈ।
ਅੱਜ ਇਥੇ ਪੰਜਾਬ ਮੰਤਰੀ ਮੰਡਲ ਦੀ ਬੈਠਕ ਮਗਰੋਂ ਉਨ੍ਹਾਂ ਕਿਹਾ ਕਿ 'ਮਾੜੇ ਦੀ ਮਾੜੀ ਕਿਸਮਤ' ਤੇ ਮੇਰੇ ਮੂੰਹ 'ਚੋਂ ਕਈ ਅਜਿਹੇ ਸ਼ਬਦ ਨਿਕਲ ਗਏ, ਜਿਨ੍ਹਾਂ ਦਾ ਆਈ. ਏ. ਐੱਸ. ਅਧਿਕਾਰੀਆਂ ਨੇ ਬੁਰਾ ਮਨਾਇਆ ਹੈ। ਉਨ੍ਹਾਂ ਦਾ ਇਰਾਦਾ ਕਿਸੇ ਦੀ ਬੇਇੱਜ਼ਤੀ ਕਰਨ ਦਾ ਨਹੀਂ ਸੀ। ਉਹ ਤਾਂ ਵਰਲਡ ਪੰਜਾਬੀ ਕਾਨਫਰੰਸ ਦੌਰਾਨ ਇਕ ਅਧਿਆਤਮਕ ਵਿਚਾਰ ਚਰਚਾ ਦੌਰਾਨ ਅੰਗਰੇਜ਼ੀ ਤੇ ਪੰਜਾਬੀ ਦੇ ਲਗਾਤਾਰ ਡਿੱਗ ਰਹੇ ਪੱਧਰ 'ਤੇ ਵਿਚਾਰ ਪੇਸ਼ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਇਸ ਵਿਚ ਜ਼ਰਾ ਵੀ ਸ਼ੱਕ ਨਹੀਂ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਬੋਲੀ ਜਾਣ ਵਾਲੀ ਅੰਗਰੇਜ਼ੀ ਤੇ ਹੁਣ ਬੋਲੀ ਜਾਣ ਵਾਲੀ ਅੰਗਰੇਜ਼ੀ ਦੇ ਪੱਧਰ ਵਿਚ ਜ਼ਮੀਨ-ਆਸਮਾਨ ਦਾ ਫਰਕ ਹੈ। ਪੰਜਾਬ ਦੇ 1937-47 ਦੌਰਾਨ ਵਿੱਤ ਮੰਤਰੀ ਰਹੇ ਸਰ ਮਨੋਹਰ ਲਾਲ ਦੇ ਬਜਟ ਭਾਸ਼ਣ ਤੇ ਮੇਰੇ ਖੁਦ ਦੇ ਬਜਟ ਭਾਸ਼ਣ ਦਾ ਮੁਕਾਬਲਾ ਕੀਤਾ ਜਾਵੇ ਤਾਂ ਅਜਿਹਾ ਲੱਗਦਾ ਹੈ ਕਿ ਮੇਰਾ ਭਾਸ਼ਣ ਕਿਸੇ ਵਿੱਤ ਮੰਤਰੀ ਨੇ ਨਹੀਂ ਬਲਕਿ ਮਨੋਹਰ ਲਾਲ ਦੇ ਕਿਸੇ ਮਾਲੀ ਨੇ ਲਿਖਿਆ ਹੋਵੇ। ਸਿਰਫ਼ ਅੰਗਰੇਜ਼ੀ ਦੇ ਹੀ ਨਹੀਂ ਪੰਜਾਬੀ ਭਾਸ਼ਾ ਦੇ ਪੱਧਰ ਵਿਚ ਵੀ ਗਿਰਾਵਟ ਆਈ ਹੈ।
ਮਨਪ੍ਰੀਤ ਨੇ ਕਿਹਾ ਕਿ ਉਹ ਲੁਧਿਆਣਾ ਦੇ ਮਨਦੀਪ ਸਿੰਘ ਗਰੇਵਾਲ ਖਰੜੀ ਨਾਂ ਦੇ ਕਿਸੇ ਗੈਂਗਸਟਰ ਜਾਂ ਵਿਅਕਤੀ ਨੂੰ ਨਹੀਂ ਜਾਣਦੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸ ਵਿਅਕਤੀ ਵਿਰੁੱਧ ਲੋਕਾਂ ਨੂੰ ਪੁਲਸ ਵਿਚ ਭਰਤੀ ਕਰਵਾਉਣ ਦੇ ਨਾਂ 'ਤੇ ਠੱਗੀ ਦੇ ਦੋਸ਼ ਹਨ। ਉਸ ਨੇ ਆਪਣੇ ਫੇਸਬੁਕ ਅਕਾਊਂਟ 'ਤੇ ਕਈ ਫੋਟੋਆਂ ਵੀ ਪਾਈਆਂ ਹਨ, ਜਿਨ੍ਹਾਂ ਵਿਚ ਨਵਜੋਤ ਸਿੰਘ ਸਿੱਧੂ, ਰਾਣਾ ਗੁਰਜੀਤ ਸਿੰਘ ਤੇ ਖੁਦ ਉਨ੍ਹਾਂ ਨਾਲ ਦਿਖਾਈ ਦੇ ਰਿਹਾ ਹੈ ਪਰ ਸੱਚ ਤਾਂ ਇਹ ਹੈ ਕਿ ਮੈਂ ਇਸ ਵਿਅਕਤੀ ਦੀ ਰੂਹ ਤੱਕ ਨੂੰ ਨਹੀਂ ਜਾਣਦਾ।
ਇਕ ਹੋਰ ਸਵਾਲ ਦੇ ਜਵਾਬ ਵਿਚ ਮਨਪ੍ਰੀਤ ਨੇ ਕਿਹਾ ਕਿ ਸੂਬੇ ਵਿਚ ਨੌਜਵਾਨਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਬੇਰੁਜ਼ਗਾਰੀ ਭੱਤਾ ਦੇਣ ਸਬੰਧੀ ਤਿਆਰ ਕੀਤੀ ਗਈ ਨੀਤੀ ਦਾ ਖੁਲਾਸਾ ਉਹ ਆਪਣੇ ਬਜਟ ਭਾਸ਼ਣ ਵਿਚ ਕਰਨਗੇ।ਉਨ੍ਹਾਂ ਕਿਹਾ ਕਿ ਅੱਜ ਦੀ ਕੈਬਨਿਟ ਬੈਠਕ ਵਿਚ ਮਾਈਨਿੰਗ ਦਾ ਕੋਈ ਜ਼ਿਕਰ ਨਹੀਂ ਹੋਇਆ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਨਵੀਂ ਮਾਈਨਿੰਗ ਪਾਲਿਸੀ ਬਣਾਉਣ ਲਈ 3 ਮੈਂਬਰੀ ਕੈਬਨਿਟ ਸਬ ਕਮੇਟੀ ਗਠਿਤ ਕੀਤੀ ਹੋਈ ਹੈ।


Related News