37 ਸਾਲਾਂ ਤੋਂ ''ਬੱਸ'' ਦੀ ਸਹੂਲਤ ਤੋਂ ਸੱਖਣੇ ਪਿੰਡ ਚੂਹੜੀ ਵਾਲਾ ਚਿਸ਼ਤੀ ਤੇ ਚਾਨਣਵਾਲਾ (ਤਸਵੀਰਾਂ)

Thursday, May 27, 2021 - 08:49 AM (IST)

37 ਸਾਲਾਂ ਤੋਂ ''ਬੱਸ'' ਦੀ ਸਹੂਲਤ ਤੋਂ ਸੱਖਣੇ ਪਿੰਡ ਚੂਹੜੀ ਵਾਲਾ ਚਿਸ਼ਤੀ ਤੇ ਚਾਨਣਵਾਲਾ (ਤਸਵੀਰਾਂ)

ਜਲੰਧਰ/ਫਾਜ਼ਿਲਕਾ (ਰਮਨਦੀਪ ਸਿੰਘ ਸੋਢੀ/ਜਗਵੰਤ ਬਰਾੜ) : ਮੌਜੂਦਾ ਦੌਰ ’ਚ ਜਿੱਥੇ ਵੱਡੇ ਸ਼ਹਿਰਾਂ ’ਚ ਵੱਸਦੇ ਲੋਕ ਇਕ ਤੋਂ ਦੂਜੀ ਥਾਂ ’ਤੇ ਜਾਣ ਲਈ ਮੈਟਰੋ, ਸਿਟੀ ਬੱਸਾਂ ਜਾਂ ਫਿਰ ਟੈਕਸੀਆਂ ਦਾ ਸਹਾਰਾ ਲੈਂਦੇ ਹਨ, ਉੱਥੇ ਹੀ ਪੰਜਾਬ ਦਾ ਇਕ ਅਜਿਹਾ ਇਲਾਕਾ ਵੀ ਹੈ, ਜਿੱਥੇ ਲੋਕ ਅੱਜ ਵੀ ਬੱਸਾਂ ਦੀ ਸਹੂਲਤ ਤੋਂ ਵਾਂਝੇ ਹਨ। ਪਿੰਡ ਚੂਹੜੀ ਵਾਲਾ ਚਿਸ਼ਤੀ ਅਤੇ ਚਾਨਣਵਾਲਾ ਦੀ ਸਥਿਤੀ ਇੰਨੀ ਕੁ ਮਾੜੀ ਹੈ ਕਿ 1984 ਤੋਂ ਬਾਅਦ ਅਜੇ ਤੱਕ ਇੱਥੇ ਕਿਸੇ ਵੀ ਸਰਕਾਰ ਵੱਲੋਂ ਪਬਲਿਕ ਟਰਾਂਸਪੋਰਟ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ ਹੈ। ਸਥਾਨਕ ਵਾਸੀਆਂ ਨੂੰ ਸ਼ਹਿਰ ਜਾਂ ਫਿਰ ਰਿਸ਼ਤੇਦਾਰੀ ’ਚ ਆਉਣ-ਜਾਣ ਲਈ ਥ੍ਰੀ-ਵ੍ਹੀਲਰ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਪਿੰਡ ਚਾਨਣਵਾਲਾ ਦੇ ਲੋਕਾਂ ਦਾ ਕਹਿਣਾ ਹੈ ਕਿ 1984 ’ਚ ਸਿਰਫ ਦੋ-ਚਾਰ ਦਿਨ ਸਰਕਾਰੀ ਬੱਸ ਆਈ ਸੀ ਪਰ ਉਸ ਤੋਂ ਬਾਅਦ ਉਹ ਅੱਜ ਤੱਕ ਬੱਸ ਦੇ ਦਰਸ਼ਨ ਨਹੀਂ ਕਰ ਸਕੇ। ਇਸੇ ਤਰ੍ਹਾਂ ਪਿੰਡ ਚੂਹੜੀਵਾਲਾ ਚਿਸ਼ਤੀ ’ਚ ਵੀ ਨਾ ਤਾਂ ਨਿੱਜੀ ਬੱਸ ਦੀ ਸਹੂਲਤ ਹੈ ਅਤੇ ਨਾ ਹੀ ਸਰਕਾਰੀ ਦੀ। ਬਾਰਡਰ ਏਰੀਆ ਹੋਣ ਕਾਰਨ ਸਰਕਾਰ ਦੇ ਕਈ ਪ੍ਰਾਜੈਕਟ ਤਾਂ ਉਂਝ ਹੀ ਇਨ੍ਹਾਂ ਪਿੰਡਾਂ ਤੱਕ ਨਹੀਂ ਪਹੁੰਚਦੇ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਸਰਕਾਰ ਬੁਨਿਆਦੀ ਲੋੜਾਂ ਤੋਂ ਵੀ ਸਥਾਨਕ ਲੋਕਾਂ ਨੂੰ ਸੱਖਣੇ ਕਰੀ ਬੈਠੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਕੋਰੋਨਾ ਵੈਕਸੀਨ ਸਰਟੀਫਿਕੇਟ' ਤੋਂ ਹਟੀ PM ਮੋਦੀ ਦੀ ਤਸਵੀਰ, ਜਾਣੋ ਕਾਰਨ
ਡੰਗਰਾਂ ਦੀ ਰਿਹਾਇਸ਼ ਬਣੀ ਨਵੀਂ ਡਿਸਪੈਂਸਰੀ
ਪਿੰਡ ਚੂਹੜੀਵਾਲਾ ਚਿਸ਼ਤੀ ’ਚ ਹਾਲੇ ਨਵੀਂ ਡਿਸਪੈਂਸਰੀ ਤਿਆਰ ਕੀਤੀ ਗਈ ਹੈ ਪਰ ਸੀਨੀਅਰ ਡਾਕਟਰ ਨਾ ਹੋਣ ਕਾਰਨ ਇਹ ਨਵੀਂ ਇਮਾਰਤ ਪਸ਼ੂਆਂ ਦਾ ਰਹਿਣ ਬਸੇਰਾ ਅਤੇ ਪਿੰਡ ਵਾਲਿਆਂ ਲਈ ਤੂੜੀ ਰੱਖਣ ਦੀ ਜਗ੍ਹਾ ਬਣੀ ਹੋਈ ਹੈ। ਪਿੰਡ ਵਾਸੀਆਂ ਮੁਤਾਬਕ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਇਹ ਡਿਸਪੈਂਸਰੀ ਬਣਵਾਈ ਗਈ ਸੀ ਪਰ ਹਾਲੇ ਤੱਕ ਇਸ ਨੂੰ ਡਾਕਟਰ ਹੀ ਨਸੀਬ ਨਹੀਂ ਹੋਇਆ ਹੈ। ਆਧਾਰ ਕਾਰਡ ਅਤੇ ਵੋਟਰ ਕਾਰਡ ਬਣਾਉਣ ਲਈ ਵੀ ਲੋਕ ਖੱਜਲ-ਖੁਆਰ ਹੋ ਰਹੇ ਹਨ। ਪੀਣ ਵਾਲੇ ਪਾਣੀ ਦੀ ਦਿੱਕਤ ਪੂਰੀ ਬਾਰਡਰ ਬੈਲਟ ਦੀ ਹੈ, ਜੋ ਇਹ ਪਿੰਡ ਵੀ ਹੰਢਾ ਰਹੇ ਹਨ। ਧਰਤੀ ਹੇਠਲਾ ਪਾਣੀ ਗੰਦਾ ਹੋਣ ਕਾਰਨ ਲੋਕ ਅੱਜ ਵੀ ਨਾਲ ਦੇ ਪਿੰਡਾਂ ਕੋਲੋਂ ਲੰਘਦੀਆਂ ਨਹਿਰਾਂ ਜਾਂ ਫਿਰ ਡੂੰਘੇ ਬੋਰਾਂ ਤੋਂ ਪਾਣੀ ਲਿਆਉਣ ਲਈ ਮਜ਼ਬੂਰ ਹਨ। ਪਿੰਡ ਚੂਹੜੀ ਵਾਲਾ ਚਿਸ਼ਤੀ ਦਾ ਸਰਕਾਰੀ ਆਰ. ਓ. ਸਿਸਟਮ ਬੰਦ ਪਿਆ ਹੈ, ਜਿਸ ਕਾਰਨ ਲੋਕ ਗੰਦਾ ਪਾਣੀ ਪੀ ਕੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਦੋਵਾਂ ਪਿੰਡਾਂ ਨੂੰ ਜੋੜਦੇ ਸੇਮ ਨਾਲੇ ਦਾ ਲੋਹੇ ਦਾ ਪੁਲ ਵੀ ਟੁੱਟਾ ਹੋਇਆ ਹੈ, ਜਿੱਥੇ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਹਨ। ਪਿੰਡ ਵਾਸੀਆਂ ’ਚ ਰੋਸ ਹੈ ਕਿ ਉਨ੍ਹਾਂ ਨੂੰ ਆਪਣੀ ਬਰਾਦਰੀ ’ਚੋਂ ਸੰਸਦ ਮੈਂਬਰ ਦੇ ਤੌਰ ’ਤੇ ਸ਼ੇਰ ਸਿੰਘ ਘੁਬਾਇਆ ਤੇ ਵਿਧਾਇਕ ਦੇ ਤੌਰ ’ਤੇ ਉਨ੍ਹਾਂ ਦੇ ਸਪੁੱਤਰ ਦਵਿੰਦਰ ਸਿੰਘ ਘੁਬਾਇਆ ਵੀ ਮਿਲੇ ਹਨ ਪਰ ਅਫਸੋਸ ਕਿ ਦੋਵੇਂ ਹੀ ਉਨ੍ਹਾਂ ਦੀ ਆਸ ’ਤੇ ਖਰ੍ਹੇ ਨਹੀਂ ਉਤਰ ਸਕੇ।

PunjabKesari

ਇਹ ਵੀ ਪੜ੍ਹੋ : CBSE 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਨਤੀਜੇ ਮਗਰੋਂ ਮੁਹੱਈਆ ਨਹੀਂ ਹੋਵੇਗੀ ਇਹ ਸਹੂਲਤ
ਕੱਚੇ ਘਰਾਂ ਨੂੰ ਪੱਕੇ ਕਰਨ ਲਈ ਬਾਬੂ ਮੰਗਦੇ ਨੇ ਰਿਸ਼ਵਤ
ਇਨ੍ਹਾਂ ਪਿੰਡਾਂ ’ਚ ਵੱਸਦੇ ਲੋਕਾਂ ਨੂੰ ਏਅਰ ਕੰਡੀਸ਼ਨਰ ਜਾਂ ਵਾਸ਼ਿੰਗ ਮਸ਼ੀਨ ਦਾ ਸੁਫ਼ਨਾ ਵੇਖਣਾ ਤਾਂ ਦੂਰ ਸਗੋਂ 2 ਗਾਡਰਾਂ ’ਤੇ ਪੱਕੇ ਕਮਰੇ ’ਚ ਰਹਿਣਾ ਵੀ ਨਸੀਬ ਨਹੀਂ ਹੋ ਰਿਹਾ। ਸਰਕਾਰ ਵੱਲੋਂ ਜੋ ਪੱਕੇ ਮਕਾਨਾਂ ਦੀ ਸਕੀਮ ਚੱਲ ਰਹੀ ਹੈ, ਉਸ ਤਹਿਤ ਆਉਣ ਲਈ ਵੀ ਸਰਕਾਰੀ ਬਾਬੂਆਂ ਦੇ ਲਾਲਚ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਿੰਡ ਚੂਹੜੀ ਵਾਲਾ ਚਿਸ਼ਤੀ ਦੇ ਵਾਸੀ ਬਚਨ ਸਿੰਘ ਨੇ ਦੱਸਿਆ ਕਿ ਉਹ ਕਈ ਵਾਰ ਆਪਣਾ ਕੱਚਾ ਮਕਾਨ ਸਰਕਾਰੀ ਸਕੀਮ ਤਹਿਤ ਪੱਕਾ ਕਰਵਾਉਣ ਲਈ ਚਾਰਾਜ਼ੋਈ ਕਰ ਚੁੱਕਾ ਹੈ ਪਰ ਹਾਲੇ ਤੱਕ ਉਸ ਨੂੰ ਇਹ ਸਹੂਲਤ ਨਹੀਂ ਮਿਲੀ, ਜਦ ਕਿ ਉਹ 2 ਧੀਆਂ ਦਾ ਪਿਓ ਹੈ ਅਤੇ ਬੀਮਾਰੀ ਤੋਂ ਪੀੜਤ ਹੈ। ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਬਾਰਡਰ ’ਤੇ ਬੈਠੇ ਹੋਣ ਕਾਰਨ ਸਰਕਾਰਾਂ ਤਾਂ ਸਾਨੂੰ ਪਾਕਿਸਤਾਨੀ ਹੀ ਸਮਝਦੀਆਂ ਹਨ। ਪ੍ਰਧਾਨ ਮੰਤਰੀ ‘ਮਨ ਕੀ ਬਾਤ’ ਕਰਦੇ ਤਾਂ ਹਨ ਪਰ ਬੇਵੱਸ ਲੋਕਾਂ ਦੇ ਮਨ ਦੀ ਗੱਲ ਸੁਣਦੇ ਨਹੀਂ ਹਨ। ਪਾਣੀ ਢੋਹ-ਢੋਹ ਕੇ ਸਾਡੇ ਨਿਆਣੇ ਥੱਕ ਜਾਂਦੇ ਹਨ। ਲੀਡਰ ਸਿਰਫ ਉਦੋਂ ਹੀ ਗੇੜਾ ਮਾਰਦੇ ਹਨ, ਜਦੋਂ ਸਾਡੇ ਪਿੰਡਾਂ ’ਚ ਕਿਸੇ ਦੀ ਮੌਤ ਹੋ ਜਾਂਦੀ ਹੈ, ਜਦਕਿ ਅੱਗੇ-ਪਿੱਛੇ ਕੋਈ ਸਾਰ ਨਹੀਂ ਲੈਂਦਾ।

PunjabKesari

ਇਹ ਵੀ ਪੜ੍ਹੋ : ਅਹਿਮ ਖ਼ਬਰ : ਯੂ-ਟਿਊਬ 'ਤੇ ਅਰੁਣਾਚਲ ਪ੍ਰਦੇਸ਼ ਨੂੰ ਚੀਨ ਦਾ ਹਿੱਸਾ ਦੱਸਣ ਵਾਲਾ ਨੌਜਵਾਨ ਗ੍ਰਿਫ਼ਤਾਰ
ਕੋਟਸ
‘ਵਿਧਾਇਕ ਬਣਨ ਤੋਂ ਬਾਅਦ ਮੈਂ ਪਿੰਡ ਵਾਸੀਆਂ ਲਈ ਸੜਕਾਂ ਬਣਵਾਈਆਂ ਹਨ। ਕਈ ਲੋਕਾਂ ਦੇ ਘਰ ਪੱਕੇ ਹੋ ਰਹੇ ਹਨ। ਚੂਹੜੀ ਵਾਲਾ ਚਿਸ਼ਤੀ ’ਚ ਸਟੇਡੀਅਮ ਬਣਵਾਇਆ ਹੈ ਤੇ ਸਕੂਲ ਦਾ ਕੰਮ ਚੱਲ ਰਿਹਾ ਹੈ। ਰਹਿੰਦੀਆਂ ਸਮੱਸਿਆਵਾਂ ਵੀ ਛੇਤੀ ਹੱਲ ਕਰ ਦੇਵਾਂਗੇ। ਬਾਰਡਰ ਦੇ ਅਖੀਰਲੇ ਪਿੰਡ ਹੋਣ ਕਾਰਨ ਇਨ੍ਹਾਂ ’ਚ ਬੱਸ ਪਹੁੰਚਣੀ ਮੁਸ਼ਕਲ ਹੈ।’
–ਦਵਿੰਦਰ ਸਿੰਘ ਘੁਬਾਇਆ, ਵਿਧਾਇਕ, ਫਾਜ਼ਿਲਕਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


author

Babita

Content Editor

Related News