ਜੀ. ਐੱਸ. ਟੀ. ਕਾਰਨ ਦਵਾਈ ਵਿਕਰੇਤਾ ਨਹੀਂ ਦੇ ਰਹੇ ਬਿੱਲ

Friday, Jul 07, 2017 - 07:45 AM (IST)

ਜੀ. ਐੱਸ. ਟੀ. ਕਾਰਨ ਦਵਾਈ ਵਿਕਰੇਤਾ ਨਹੀਂ ਦੇ ਰਹੇ ਬਿੱਲ

ਫਰੀਦਕੋਟ (ਹਾਲੀ) - ਜੀ. ਐੱਸ. ਟੀ. ਲਾਗੂ ਹੋਣ ਕਾਰਨ ਇਥੋਂ ਦੇ ਬਹੁਤੇ ਦਵਾਈ ਵਿਕਰੇਤਾਵਾਂ ਵੱਲੋਂ ਆਪਣਾ ਸਾਫ਼ਟਵੇਅਰ ਅਪਡੇਟ ਨਹੀਂ ਕੀਤਾ ਗਿਆ, ਜਿਸ ਕਾਰਨ ਉਹ ਦਵਾਈਆਂ ਦੇ ਬਿੱਲ ਗਾਹਕਾਂ ਨੂੰ ਨਹੀਂ ਦੇ ਰਹੇ। ਬਿੱਲ ਨਾ ਮਿਲਣ ਕਾਰਨ ਸਰਕਾਰੀ ਸਹੂਲਤਾਂ ਲਈ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਨੂੰ ਦਵਾਈ ਵਿਕਰੇਤਾ ਦਵਾਈ ਨਹੀਂ ਦੇ ਰਹੇ ਕਿਉਂਕਿ ਬਿਨਾਂ ਬਿੱਲ ਤੋਂ ਮਰੀਜ਼ ਦਵਾਈ ਨਹੀਂ ਲੈਂਦੇ। ਇਸ ਕਾਰਨ ਇਨ੍ਹਾਂ ਸਹੂਲਤਾਂ ਅਧੀਨ ਇਲਾਜ ਕਰਵਾਉਣ ਵਾਲੇ ਸੈਂਕੜੇ ਮਰੀਜ਼ ਪਿਛਲੇ 5 ਦਿਨਾਂ ਤੋਂ ਪ੍ਰੇਸ਼ਾਨ ਹੋ ਰਹੇ ਹਨ।
ਇਥੋਂ ਦੇ ਸਿਵਲ ਹਸਪਤਾਲ 'ਚ ਦਾਖਲ ਸ਼ਸ਼ੀ ਕੁਮਾਰ ਪੁੱਤਰ ਜਗਦੀਸ਼ ਲਾਲ ਨੇ ਦੱਸਿਆ ਕਿ ਉਸ ਦਾ ਇਥੇ ਕਈ ਦਿਨਾਂ ਤੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਇਲਾਜ ਚੱਲ ਰਿਹਾ ਸੀ ਅਤੇ 3 ਜੁਲਾਈ ਨੂੰ ਜਦੋਂ ਉਹ ਆਪਣੀ ਦਵਾਈਆਂ ਵਾਲੀ ਪਰਚੀ ਲੈ ਕੇ ਸਿਵਲ ਹਸਪਤਾਲ ਵਿਚ ਸਥਿਤ ਸਸਤੇ ਭਾਅ ਵਾਲੀਆਂ ਦਵਾਈਆਂ ਦੀ ਦੁਕਾਨ 'ਤੇ ਗਿਆ ਤਾਂ ਜਨ ਔਸ਼ਧੀ ਦੁਕਾਨ ਵਾਲਿਆਂ ਨੇ ਤਾਂ ਦਵਾਈ ਨਾ ਹੋਣ ਦਾ ਕਹਿ ਦਿੱਤਾ ਅਤੇ ਦੂਸਰੀ ਦੁਕਾਨ ਵਾਲਿਆਂ ਨੇ ਬਿਨਾਂ ਬਿੱਲ ਤੋਂ ਦਵਾਈ ਦੇਣ ਦੀ ਗੱਲ ਕੀਤੀ।
ਉਨ੍ਹਾਂ ਦੱਸਿਆ ਕਿ ਪਹਿਲਾਂ ਉਨ੍ਹਾਂ 3 ਘੰਟੇ ਹਸਪਤਾਲ ਵਿਚ ਪ੍ਰੇਸ਼ਾਨ ਹੋ ਕੇ ਪਰਚੀ ਤਿਆਰ ਕਰਵਾਈ ਅਤੇ ਫ਼ਿਰ 2 ਘੰਟੇ ਦਵਾਈ ਲਈ ਦੁਕਾਨਦਾਰਾਂ ਦੇ ਤਰਲੇ ਕਰਨੇ ਪਏ। ਉਨ੍ਹਾਂ ਦੱਸਿਆ ਕਿ ਬਾਅਦ 'ਚ ਸ਼ਹਿਰ ਦੀਆਂ ਕਈ ਦਵਾਈਆਂ ਵੇਚਣ ਵਾਲੀਆਂ ਦੁਕਾਨਾਂ ਨੇ ਬਿਨਾਂ ਬਿੱਲ ਤੋਂ ਦਵਾਈ ਦੇਣ ਦੀ
ਗੱਲ ਕਹੀ।
ਜਨ ਔਸ਼ਧੀ ਨਾਲ ਸਬੰਧਤ ਕਰਮਚਾਰੀ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਲਿਖੀਆਂ ਗਈਆਂ ਦਵਾਈਆਂ ਹੈ ਹੀ ਨਹੀਂ, ਜਦਕਿ ਸ਼ਹਿਰ ਦੇ ਕੁਝ ਦਵਾਈ ਵਿਕਰੇਤਾਵਾਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਨੇ ਅਜੇ ਤੱਕ ਜੀ. ਐੱਸ. ਟੀ. ਦਾ ਸਾਫ਼ਟਵੇਅਰ ਨਹੀਂ ਖਰੀਦਿਆ ਅਤੇ ਨਾ ਹੀ ਖਾਤਾ ਖੁੱਲ੍ਹਵਾਇਆ ਹੈ, ਜਿਸ ਕਰਕੇ ਉਹ ਪਹਿਲਾਂ ਵਾਂਗ ਬਿਨਾਂ ਬਿੱਲ ਤੋਂ ਦਵਾਈ ਵੇਚ ਰਹੇ ਹਨ।
ਇਸ ਸਬੰਧੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਜਿੰਦਰ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਦਵਾਈ ਵਿਕਰੇਤਾ ਜੀ. ਐੱਸ. ਟੀ. ਕਾਰਨ ਬਿੱਲ ਨਹੀਂ ਦੇ ਰਹੇ। ਉਨ੍ਹਾਂ ਦੱਸਿਆ ਕਿ ਇਸ ਮੁਸ਼ਕਲ ਨੂੰ ਦੇਖਦਿਆਂ ਹਸਪਤਾਲ ਵੱਲੋਂ ਆਪਣੇ ਪੱਧਰ 'ਤੇ ਲੋੜੀਂਦੀਆਂ ਅਤੇ ਮਹਿੰਗੀਆਂ ਦਵਾਈਆਂ ਹਸਪਤਾਲ ਵਿਚ ਹੀ ਮੰਗਵਾ ਰਹੇ ਹਨ ਤਾਂ ਕਿ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।


Related News