ਕੇਬਲ ਨੈੱਟਵਰਕ ਦੇ ਮਾਲਕ ਤੇ ਟਰਾਂਸਪੋਰਟਰ ਖ਼ਿਲਾਫ਼ ਨਹੀਂ ਹੋਵੇਗੀ ਕੋਈ ਕਾਰਵਾਈ : ਹਾਈਕੋਰਟ
Wednesday, Jan 10, 2024 - 04:14 PM (IST)
ਚੰਡੀਗੜ੍ਹ/ਮੰਡੀ ਗੋਬਿੰਦਗੜ੍ਹ (ਹਾਂਡਾ, ਸੁਰੇਸ਼) : ਪੰਜਾਬ ਦੇ ਕੇਬਲ ਨੈੱਟਵਰਕ ਫਾਸਟਵੇਅ ਦੇ ਡਾਇਰੈਕਟਰ ਅਤੇ ਜੁਝਾਰ ਟਰਾਂਸਪੋਰਟ ਦੇ ਮਾਲਕ ਗੁਰਦੀਪ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਵਿਚ ਕਿਤੇ ਵੀ ਉਸ ਖ਼ਿਲਾਫ਼ ਕੋਈ ਐੱਫ. ਆਈ. ਆਰ. ਦਰਜ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਪਹਿਲਾਂ ਦਰਜ ਹੋਏ ਕੇਸਾਂ ਵਿਚ ਕੋਈ ਕਾਰਵਾਈ ਹੋਵੇਗੀ।
ਹਾਈਕੋਰਟ ਨੇ ਇਹ ਹੁਕਮ ਗੁਰਦੀਪ ਸਿੰਘ ਵਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਕਿ ਸਿਆਸੀ ਬਦਲਾਖੋਰੀ ਕਾਰਣ ਉਸ `ਤੇ ਥਾਂ-ਥਾਂ ’ਤੇ ਝੂਠੀ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਭਵਿੱਖ ਵਿਚ ਉਸ ਖ਼ਿਲਾਫ਼ ਹੋਰ ਵੀ ਕੇਸ ਦਰਜ ਕੀਤੇ ਜਾ ਸਕਦੇ ਹਨ।