ਸ਼ਿਮਲਾ ਨਾਲੋਂ ਠੰਡਾ ਹੋਇਆ ਚੰਡੀਗੜ੍ਹ, ਅਜੇ ਮੀਂਹ ਦੀ ਕੋਈ ਸੰਭਾਵਨਾ ਨਹੀਂ

Friday, Dec 13, 2024 - 12:53 PM (IST)

ਚੰਡੀਗੜ੍ਹ (ਰੋਹਾਲ) : ਸਰਦੀਆਂ ਦੀ ਹਾਲੇ ਸ਼ੁਰੂਆਤ ਹੀ ਹੋਈ ਹੈ ਕਿ ਰਾਤ ਵੇਲੇ ਸ਼ਹਿਰ ਦਾ ਮੌਸਮ ਸ਼ਿਮਲਾ ਨਾਲੋਂ ਵੀ ਠੰਡਾ ਹੋਣ ਲੱਗ ਪਿਆ ਹੈ। ਆਮ ਤੌਰ ’ਤੇ ਪਹਾੜਾਂ ’ਚ ਭਾਰੀ ਬਰਫ਼ਬਾਰੀ ਤੋਂ ਬਾਅਦ ਕੋਹਰੇ ਦੇ ਨਾਲ ਜਨਵਰੀ ਤੱਕ ਇੰਨੀ ਠੰਡ ਹੁੰਦੀ ਹੈ। ਇਸ ਵਾਰ ਸ਼ਿਮਲਾ ਤੇ ਇਸ ਦੇ ਆਲੇ-ਦੁਆਲੇ ਮਾਮੂਲੀ ਬਰਫ਼ਬਾਰੀ ਤੋਂ ਬਾਅਦ ਠੰਡ ਦਾ ਅਸਰ ਇਕ ਮਹੀਨਾ ਜਲਦੀ ਮਹਿਸੂਸ ਹੋਣ ਲੱਗਿਆ ਹੈ। ਬੁੱਧਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਸ਼ਿਮਲਾ ਨਾਲੋਂ ਘੱਟ ਰਿਹਾ, ਜੋ ਸੈਕਟਰ 39 ਸਥਿਤ ਮੌਸਮ ਵਿਗਿਆਨ ਕੇਂਦਰ ਦੀ ਆਬਜ਼ਰਵੇਟਰੀ ’ਚ 4.7 ਡਿਗਰੀ ਦਰਜ ਕੀਤਾ ਗਿਆ, ਜਦਕਿ ਸ਼ਿਮਲਾ ’ਚ ਇਹ 5 ਡਿਗਰੀ ਰਿਹਾ। ਦਿਨ ਦਾ ਤਾਪਮਾਨ 21.6 ਡਿਗਰੀ ਦਰਜ ਹੋਇਆ। 18 ਦਸੰਬਰ ਤੱਕ ਸ਼ਹਿਰ ਜਾਂ ਪਹਾੜਾਂ ’ਚ ਬਰਫ਼ਬਾਰੀ ਜਾਂ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।
ਉੱਤਰ ਪੱਛਮੀ ਹਵਾਵਾਂ ਨਾਲ ਡਿੱਗਿਆ ਪਾਰਾ
8 ਤੇ 9 ਦਸੰਬਰ ਨੂੰ ਸ਼ਿਮਲਾ ਸਮੇਤ ਸੋਲਨ ’ਚ 27 ਸਾਲਾਂ ਬਾਅਦ ਇੰਨੀ ਜਲਦੀ ਬਰਫ਼ ਡਿੱਗਣ ਦਾ ਅਸਰ ਮੈਦਾਨੀ ਇਲਾਕਿਆਂ ’ਚ ਨਜ਼ਰ ਆ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਸ਼ਿਮਲਾ ਜਾਂ ਆਸ-ਪਾਸ ਦਸੰਬਰ ’ਚ ਬਰਫ਼ ਨਹੀਂ ਪੈ ਰਹੀ ਸੀ। ਇਸ ਲਈ ਮੈਦਾਨੀ ਇਲਾਕਿਆਂ ’ਚ ਵੀ ਠੰਡ ਦਸੰਬਰ ਦੇ ਅਖ਼ੀਰ ’ਚ ਸ਼ੁਰੂ ਹੋ ਕੇ ਜਨਵਰੀ ’ਚ ਪੀਕ ’ਤੇ ਜਾ ਰਹੀ ਸੀ। ਇਸ ਵਾਰ ਠੰਡ ਜਲਦੀ ਆ ਗਈ ਹੈ। ਇਸ ਦਾ ਕਾਰਨ ਇਹ ਹੈ ਕਿ ਹਵਾ ਦਾ ਪੈਟਰਨ ਉੱਤਰ ਤੋਂ ਪੱਛਮ ਵੱਲ ਹੈ। ਪਹਾੜਾਂ ’ਚ ਬਰਫ਼ਬਾਰੀ ਤੋਂ ਬਾਅਦ ਸੀਤ ਲਹਿਰ ਸ਼ੁਰੂ ਹੋ ਗਈ ਹੈ। ਉੱਤਰ-ਪੱਛਮੀ ਹਵਾਵਾਂ ਨਮੀ ਨਾਲ ਮੈਦਾਨਾਂ ’ਚ ਆ ਰਹੀਆਂ ਹਨ। ਇਸ ਲਈ ਹੁਣ ਸਾਰੇ ਮੈਦਾਨੀ ਇਲਾਕਿਆਂ ’ਚ ਰਾਤ ਦੇ ਤਾਪਮਾਨ ’ਚ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਚੰਡੀਗੜ੍ਹ ਸਮੇਤ ਪੰਜਾਬ-ਹਰਿਆਣਾ ਦੇ ਇਲਾਕਿਆਂ ’ਚ ਪਹੁੰਚਣ ਵਾਲੀਆਂ ਇਨ੍ਹਾਂ ਠੰਡੀਆਂ ਹਵਾਵਾਂ ਕਾਰਨ ਕਈ ਥਾਵਾਂ ’ਤੇ ਤਾਪਮਾਨ 3 ਡਿਗਰੀ ਤੱਕ ਡਿੱਗ ਗਿਆ ਹੈ।
ਦਿਨ ’ਚ ਵੀ ਵਧੇਗੀ ਠੰਡ ਤੇ ਕੋਹਰਾ
ਰਾਤਾਂ ਠੰਡੀਆਂ ਤੇ ਛੋਟੇ ਦਿਨ ਹੋਣ ਕਾਰਨ ਇਨ੍ਹੀਂ ਦਿਨੀਂ ਸੂਰਜ ਜ਼ਿਆਦਾ ਲੰਬੇ ਸਮੇਂ ਤੱਕ ਰੌਸ਼ਨੀ ਨਹੀਂ ਦੇ ਰਿਹਾ। ਸ਼ਾਮ ਜਲਦੀ ਹੋਣ ਤੋਂ ਲੈ ਕੇ ਸਵੇਰੇ ਤੱਕ ਤਾਪਮਾਨ ਜ਼ਿਆਦਾਤਰ ਘੱਟੋ-ਘੱਟ ਪੱਧਰ ’ਤੇ ਰਹੇਗਾ। ਸੂਰਜ ਚੜ੍ਹਨ ਤੋਂ ਬਾਅਦ ਵੀ ਘੱਟੋ-ਘੱਟ ਤਾਪਮਾਨ ਦਾ ਅਸਰ 10 ਵਜੇ ਤੱਕ ਰਹਿੰਦਾ ਹੈ। ਇਸ ਤੋਂ ਬਾਅਦ ਤਾਪਮਾਨ ਵੱਧਣ ਨਾਲ ਸ਼ਾਮ 4 ਵਜੇ ਤੱਕ ਠੰਡ ਤੋਂ ਰਾਹਤ ਮਿਲਦੀ ਹੈ ਤੇ ਫ਼ਿਰ ਪਾਰੇ ’ਚ ਗਿਰਾਵਟ ਕਾਰਨ ਠੰਡ ਵੱਧ ਰਹੀ ਹੈ। ਆਉਣ ਵਾਲੇ ਦਿਨਾਂ ’ਚ ਦਿਨ ’ਚ ਵੀ ਠੰਡ ਨਾਲ ਕੋਹਰਾ ਵਧੇਗਾ।
 


Babita

Content Editor

Related News