ਹਿੰਦੂ ਆਗੂਆਂ 'ਤੇ ਹਮਲਾ ਕਰ ਕੇ ਅੱਤਵਾਦੀ ਮਾਹੌਲ ਖਰਾਬ ਕਰਨ ਦੀ ਤਾਕ 'ਚ : ਨਿਸ਼ਾਂਤ
Friday, Jul 19, 2019 - 01:00 PM (IST)
![ਹਿੰਦੂ ਆਗੂਆਂ 'ਤੇ ਹਮਲਾ ਕਰ ਕੇ ਅੱਤਵਾਦੀ ਮਾਹੌਲ ਖਰਾਬ ਕਰਨ ਦੀ ਤਾਕ 'ਚ : ਨਿਸ਼ਾਂਤ](https://static.jagbani.com/multimedia/2019_7image_12_27_557491380nishant.jpg)
ਖਰੜ (ਅਮਰਦੀਪ) : ਸ਼ਿਵ ਸੈਨਾ ਹਿੰਦ ਦੀ ਮੀਟਿੰਗ ਖਰੜ ਸਥਿਤ ਦਫਤਰ ਵਿਖੇ ਹੋਈ। ਇਸ ਮੌਕੇ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਇੰਟੈਲੀਜੈਂਸ ਇਨਪੁੱਟ ਅਨੁਸਾਰ ਗੈਂਗਸਟਰ ਸੁਖਪ੍ਰੀਤ ਬੁੱਢਾ ਦੀ ਉਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਹੁਣ ਉਹ ਅਤੇ ਪੰਜਾਬ ਦੇ ਹਿੰਦੂ ਨੇਤਾ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਨ। ਖੁਫੀਆ ਸੂਤਰਾਂ ਮੁਤਾਬਕ ਕੱਟੜਪੰਥੀ ਖਾਲਿਸਤਾਨੀ ਸੰਗਠਨ ਅਤੇ ਗੈਂਗਸਟਰ ਹਿੰਦੂ ਨੇਤਾਵਾਂ ਦੀ ਬਾਕਾਇਦਾ ਰੇਕੀ ਕਰ ਚੁੱਕੇ ਹਨ। ਡਰ ਹੈ ਕਿ ਉਨ੍ਹਾਂ 'ਤੇ ਜਲਦੀ ਹੀ ਜਾਨਲੇਵਾ ਹਮਲਾ ਹੋ ਸਕਦਾ ਹੈ। ਹਿੰਦੂ ਆਗੂਆਂ 'ਤੇ ਵਧਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਪੁਲਸ ਅਤੇ ਐੱਨ. ਆਈ. ਏ. ਨੇ ਆਗੂਆਂ ਅਤੇ ਉਨ੍ਹਾਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਿੰਦੂਆਂ 'ਤੇ ਕਈ ਜਾਨਲੇਵਾ ਹਮਲੇ ਹੋ ਚੁੱਕੇ ਹਨ ਅਤੇ ਕਈ ਨੇਤਾ ਜਾਨਾਂ ਵੀ ਗੁਆ ਚੁੱਕੇ ਹਨ। ਕੱਟੜਪੰਥੀ, ਅੱਤਵਾਦੀ ਅਤੇ ਗੈਂਗਸਟਰ ਆਈ. ਐੱਸ. ਆਈ. ਦੇ ਇਸ਼ਾਰਿਆਂ 'ਤੇ ਪੰਜਾਬ 'ਚ ਸੰਪ੍ਰਦਾਇਕ ਸਦਭਾਵ ਵਿਗਾੜਨ ਲਈ ਹਿੰਦੂਆਂ 'ਤੇ ਹਮਲੇ ਕਰਵਾਉਣ ਦੀ ਤਿਆਰੀ ਵਿਚ ਹਨ। ਉਨ੍ਹਾਂ ਕਿਹਾ ਕਿ ਹਿੰਦੂ ਆਗੂਆਂ 'ਤੇ ਹਮਲਾ ਕਰ ਕੇ ਗੈਂਗਸਟਰ ਅਤੇ ਅੱਤਵਾਦੀ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਗੈਂਗਸਟਰ ਸੁਖਪ੍ਰੀਤ ਬੁੱਢਾ ਦੇ ਆਈ. ਐੱਸ. ਆਈ. ਦੇ ਨਾਲ ਤਾਰ ਜੁੜੇ ਹੋ ਸਕਦੇ ਹਨ। ਸੁਰੱਖਿਆ ਜਾਂਚ ਏਜੰਸੀਆਂ ਨੇ ਹਿੰਦੂ ਆਗੂਆਂ ਨੂੰ ਸਾਵਧਾਨ ਹੋਣ ਲਈ ਕਿਹਾ ਹੈ। ਸ਼ਰਮਾ ਨੇ ਕਿਹਾ ਕਿ ਕੱਟੜਪੰਥੀ ਸੋਚ ਦੇ ਅੱਤਵਾਦੀਆਂ ਅਤੇ ਪੰਜਾਬ ਦੇ ਨਿਰਦੋਸ਼ ਲੋਕਾਂ ਦਾ ਕਤਲੇਆਮ ਕਰਨ ਵਾਲੇ ਗੈਂਗਸਟਰਾਂ ਖਿਲਾਫ ਸਾਡੀ ਆਵਾਜ ਬੁਲੰਦ ਰਹੇਗੀ।