ਜੇਲ ''ਚ ਸਿਰਫ ਛੁੱਟੀ ਕੱਟਣ ਆਉਂਦੈ ''ਅਰਬਪਤੀ ਨਿਰਮਲ ਭੰਗੂ''!

11/20/2018 12:59:39 PM

ਬਠਿੰਡਾ : ਪਰਲਜ਼ ਗਰੁੱਪ ਦਾ ਅਰਬਪਤੀ ਮਾਲਕ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਨਿਰਮਲ ਭੰਗੂ ਬਠਿੰਡਾ ਦੀ ਜੇਲ ਲੱਗਦਾ ਹੈ ਕਿ ਸਿਰਫ ਛੁੱਟੀ ਕੱਟਣ ਹੀ ਆਉਂਦਾ ਹੈ ਕਿਉਂਕਿ ਜਦੋਂ ਤੋਂ ਭੰਗੂ ਨੂੰ ਬਠਿੰਡਾ ਜੇਲ 'ਚ ਲਿਆਂਦਾ ਗਿਆ ਹੈ, ਉਸ ਨੇ 889 'ਚੋਂ 671 ਦਿਨ ਤਾਂ ਮੋਹਾਲੀ ਦੇ ਇਕ ਨਿਜੀ ਹਸਪਤਾਲ 'ਚ ਹੀ ਬਿਤਾ ਛੱਡੇ ਹਨ। ਬਠਿੰਡਾ ਪੁਲਸ ਨੂੰ ਵੀ ਹਸਪਤਾਲ 'ਚ 'ਵੀ. ਆਈ. ਪੀ.' ਮਰੀਜ਼ ਭੰਗੂ ਦੀ ਰਖਵਾਲੀ ਕਰੀਬ 45 ਲੱਖ ਰੁਪਏ 'ਚ ਪੈ ਚੁੱਕੀ ਹੈ। ਦੂਜੇ ਪਾਸੇ ਪਰਲਜ਼ ਪੀੜਤਾਂ ਨੂੰ ਇਨਸਾਫ ਦੁਆਉਣ ਲਈ ਜੂਝ ਰਹੀ ਸੰਸਥਾ ਦੇ ਪ੍ਰਧਾਨ ਗੁਰਤੇਜ ਸਿੰਘ ਨੇ ਕਿਹਾ ਕਿ ਪੰਜਾਬ 'ਚ ਪਰਲਜ਼ ਤੋਂ 25 ਲੱਖ ਲੋਕ ਪੀੜਤ ਹਨ। ਉਨ੍ਹਾਂ ਦਾ 10 ਹਜ਼ਾਰ ਕਰੋੜ ਰੁਪਏ ਪਰਲਜ਼ ਵੱਲ ਫਸਿਆ ਹੋਇਆ ਹੈ। ਨਿਵੇਸ਼ਕ 25 ਨਵੰਬਰ ਨੂੰ ਇਸ ਸਬੰਧੀ ਦਿੱਲੀ 'ਚ ਵੱਡਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਹੁਣ ਭੁੱਖ-ਹੜਤਾਲ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਯੋਜਨਾਬੱਧ ਤਰੀਕੇ ਨਾਲ ਭੰਗੂ ਨੂੰ ਤਿਹਾੜ ਜੇਲ ਤੋਂ ਬਠਿੰਡਾ ਜੇਲ ਲਿਆਂਦਾ ਗਿਆ ਅਤੇ ਹੁਣ ਸਰਕਾਰੀ ਮਿਹਰਬਾਨੀ ਨਾਲ ਜੇਲ ਨਾਲੋਂ ਜ਼ਿਆਦਾ ਹਸਪਤਾਲ ਰੱਖਿਆ ਜਾ ਰਿਹਾ ਹੈ। 
ਕੀ ਹੈ ਪੂਰਾ ਮਾਮਲਾ
ਥਾਣਾ ਥਰਮਲ ਬਠਿੰਡਾ 'ਚ ਪਹਿਲੀ ਜੂਨ, 2016 ਨੂੰ ਪਰਲਜ਼ ਗੋਲਡਨ ਫਾਰੈਸਟ ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਨਿਰਮਲ ਭੰਗੂ ਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਸੀ. ਬੀ. ਆਈ. ਨੇ ਭੰਗੂ ਖਿਲਾਫ 45 ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦਾ ਫਰਵਰੀ 2014 'ਚ ਕੇਸ ਦਰਜ ਕੀਤਾ ਸੀ ਤੇ ਉਸ ਵੇਲੇ ਉਸ ਨੂੰ ਤਿਹਾੜ ਜੇਲ 'ਚ ਰੱਖਿਆ ਗਿਆ ਸੀ। ਪੰਜਾਬ ਪੁਲਸ ਭੰਗੂ ਨੂੰ ਤਿਹਾੜ ਜੇਲ ਤੋਂ ਬਠਿੰਡਾ ਜੇਲ 'ਚ ਲੈ ਆਈ ਸੀ। ਸੂਤਰਾਂ ਮੁਤਾਬਕ ਉਹ ਜੇਲ 'ਚ ਕਾਫੀ ਤੰਗੀ ਮਹਿਸੂਸ ਕਰਦਾ ਸੀ ਅਤੇ ਜੇਲ 'ਚ ਇਕ ਰਾਤ ਕੱਟਣ ਮਗਰੋਂ ਹੀ ਮੋਹਾਲੀ ਦੇ ਹਸਪਤਾਲ 'ਚ ਭਰਤੀ ਹੋ ਗਿਆ। 13 ਜੂਨ, 2016 ਤੋਂ ਲੈ ਕੇ 19 ਨਵੰਬਰ, 2018 ਤੱਕ ਨਿਰਮਲ ਭੰਗੂ ਦਾ ਹਵਾਲਾਤੀ ਸਮਾਂ 889 ਦਿਨ ਬਣਦਾ ਹੈ, ਜਿਸ 'ਚੋਂ 671 ਦਿਨ ਭੰਗੂ ਨੇ ਹਸਪਤਾਲ 'ਚ ਹੀ ਬਿਤਾਏ ਹਨ। 
 


Babita

Content Editor

Related News