ਜੱਜਾਂ ਨੂੰ ਤਾਂ ਸ਼ਨੀਵਾਰ, ਐਤਵਾਰ ਵੀ ਛੁੱਟੀ ਨਹੀਂ ਮਿਲਦੀ :  ਸੁਪਰੀਮ ਕੋਰਟ

Wednesday, May 01, 2024 - 05:57 PM (IST)

ਜੱਜਾਂ ਨੂੰ ਤਾਂ ਸ਼ਨੀਵਾਰ, ਐਤਵਾਰ ਵੀ ਛੁੱਟੀ ਨਹੀਂ ਮਿਲਦੀ :  ਸੁਪਰੀਮ ਕੋਰਟ

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਜੋ ਲੋਕ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਲੰਬੀਆਂ ਛੁੱਟੀਆਂ ਨੂੰ ਲੈ ਕੇ ਉਨ੍ਹਾਂ ਦੀ ਆਲੋਚਨਾ ਕਰਦੇ ਹਨ, ਉਹ ਇਹ ਨਹੀਂ ਸਮਝਦੇ ਕਿ ਜੱਜਾਂ ਨੂੰ ਤਾਂ ਸ਼ਨੀਵਾਰ ਅਤੇ ਐਤਵਾਰ ਦੀ ਵੀ ਛੁੱਟੀ ਨਹੀਂ ਮਿਲਦੀ। ਜੱਜ ਬੀ.ਆਰ. ਗਵਈ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ ਇਹ ਟਿੱਪਣੀ ਉਦੋਂ ਕੀਤੀ, ਜਦੋਂ ਸਾਲਿਸੀਟਰ ਜਨਰਲ ਤੁਸ਼ਾਰ ਮੇਹਤਾ ਨੇ ਕਿਹਾ ਕਿ ਜੋ ਲੋਕ ਇਹ ਆਲੋਚਨਾ ਕਰਦੇ ਹਨ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੀਆਂ ਲੰਬੀਆਂ ਛੁੱਟੀਆਂ ਲੈਂਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਜੱਜ ਕਿਵੇਂ ਕੰਮ ਕਰਦੇ ਹਨ। ਛੁੱਟੀ ਦਾ ਮੁੱਦਾ ਉਦੋਂ ਸਾਹਮਣੇ ਆਇਆ, ਜਦੋਂ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਦੇ ਇਕ ਮਾਮਲੇ 'ਚ ਦਲੀਲਾਂ ਲਈ ਵੀਰਵਾਰ ਦਾ ਦਿਨ ਤੈਅ ਕੀਤਾ ਅਤੇ ਦੋਹਾਂ ਪੱਖਾਂ ਨੂੰ ਕਿਹਾ ਕਿ ਸੁਪਰੀਮ ਕੋਰਟ ਦੀਆਂ ਗਰਮੀਆਂ ਦੀਆਂ ਛੁੱਟੀਆਂ 'ਤੇ ਜਾਣ ਤੋਂ ਪਹਿਲਾਂ ਦਲੀਲਾਂ ਪੂਰੀਆਂ ਕੀਤੀਆਂ ਜਾਣ, ਜੋ 20 ਮਈ ਤੋਂ ਸ਼ੁਰੂ ਹੋਣਗੀਆਂ।

ਇਸ ਦੌਰਾਨ ਮੇਹਤਾ ਨੇ ਬੈਂਚ ਨੂੰ ਕਿਹਾ,''ਜੋ ਲੋਕ ਇਹ ਆਲੋਚਨਾ ਕਰਦੇ ਹਨ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟ ਲੰਬੀਆਂ ਛੁੱਟੀਆਂ ਲੈਂਦੇ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਜੱਜ ਕਿਵੇਂ ਕੰਮ ਕਰਦੇ ਹਨ।'' ਇਸ 'ਤੇ ਜੱਜ ਗਵਈ ਨੇ ਕਿਹਾ,''ਜੋ ਲੋਕ ਆਲੋਚਨਾ ਕਰਦੇ ਹਨ, ਉਹ ਇਹ ਨਹੀਂ ਜਾਣਦੇ ਕਿ ਸਾਨੂੰ ਸ਼ਨੀਵਾਰ ਅਤੇ ਐਤਵਾਰ ਦੀ ਵੀ ਛੁੱਟੀ ਨਹੀਂ ਮਿਲਦੀ। ਹੋਰ ਕੰਮ, ਸੰਮੇਲਨ ਆਦਿ ਹੁੰਦੇ ਹਨ।'' ਪੱਛਮੀ ਬੰਗਾਲ ਦੇ ਸਾਹਮਣੇ ਕੇਂਦਰ ਦਾ ਪੱਖ ਰੱਖ ਰਹੇ ਮੇਹਤਾ ਨੇ ਬੈਂਚ ਨੂੰ ਕਿਹਾ ਕਿ ਸੁਪਰੀਮ ਕੋਰਟ ਦੇ ਜੱਜ ਰੋਜ਼ਾਨਾ 50 ਤੋਂ 60 ਮਾਮਲੇ ਦੇਖਦੇ ਹਨ ਅਤੇ ਉਹ ਛੁੱਟੀਆਂ ਦੇ ਹੱਕਦਾਰ ਹਨ। ਮਾਮਲੇ 'ਚ ਪੇਸ਼ ਹੋਏ ਸੀਨੀਅਰ ਐਡਵੋਕੇਟ ਕਪਿਲ ਸਿੱਬਲ ਨੇ ਵੀ ਕਿਹਾ,''ਇਹ ਦੇਸ਼ 'ਚ ਸਭ ਤੋਂ ਕਠਿਨ ਕੰਮ ਹੈ।'' ਬੈਂਚ ਨੇ ਕਿਹਾ ਕਿ ਛੁੱਟੀਆਂ ਦੌਰਾਨ ਜੱਜ ਉਨ੍ਹਾਂ ਵਲੋਂ ਸੁਣੇ ਗਏ ਮਾਮਲਿਆਂ 'ਚ ਫ਼ੈਸਲੇ ਲਿਖਦੇ ਹਨ। ਬੈਂਚ ਨੇ ਕਿਹਾ,''ਲੰਬੇ ਫ਼ੈਸਲੇ ਛੁੱਟੀਆਂ 'ਚ ਲਿਖਣੇ ਹੁੰਦੇ ਹਨ।'' ਮੇਹਤਾ ਨੇ ਕਿਹਾ,''ਜਿਹੜੇ ਲੋਕਾਂ ਨੂੰ ਪ੍ਰਣਾਲੀ ਦੀ ਜਾਣਕਾਰੀ ਨਹੀਂ ਹੈ, ਉਹ ਇਸ ਦੀ ਆਲੋਚਨਾ ਕਰਦੇ ਹਨ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News