''ਮੋਟਾਪੇ'' ਕਾਰਨ ਸਰੀਰ ਹੋ ਗਿਐ ਬੇਡੌਲ ਤਾਂ ਇਹ ਚੀਜ਼ਾਂ ਬਣਾ ਦੇਣਗੀਆਂ ਸਲਿੱਮ-ਟਰਿੱਮ!
Tuesday, Nov 14, 2017 - 10:58 AM (IST)

ਚੰਡੀਗੜ੍ਹ (ਅਰਚਨਾ) : ਦੁਨੀਆ 'ਚ ਵੱਡੀ ਗਿਣਤੀ 'ਚ ਲੋਕ ਮੋਟਾਪੇ ਦਾ ਸ਼ਿਕਾਰ ਬਣ ਰਹੇ ਹਨ। ਇਸ ਦਾ ਕਾਰਨ ਇਕ ਤਾਂ ਖਾਣ-ਪਾਣ ਸਹੀ ਨਾ ਹੋਣਾ ਅਤੇ ਦੂਜਾ ਕਸਰਤ ਕਰਨ ਲਈ ਸਮਾਂ ਨਾ ਕੱਢ ਸਕਣਾ ਹੈ ਪਰ ਹੁਣ ਲੋਕਾਂ ਨੂੰ ਫਿੱਟ ਰੱਖਣ ਲਈ ਨਾਈਪਰ ਪੂਰੀ ਤਰ੍ਹਾਂ ਤਿਆਰ ਹੈ। ਨਾਈਪਰ ਨੇ ਖੋਜ ਕੀਤੀ ਹੈ ਕਿ ਕੜ੍ਹੀ ਪੱਤਾ ਅਤੇ ਦਾਲਚੀਨੀ ਦੇ ਅੰਦਰ ਅਜਿਹੇ ਵਿਗਿਆਨੀ ਤੱਤ ਮੌਜੂਦ ਹਨ, ਜੋ ਤੁਹਾਡੇ ਬੇਡੌਲ ਸਰੀਰ ਨੂੰ ਸਲਿੱਮਟ-ਟਰਿੱਮ ਬਣਾ ਦੇਣਗੇ। ਇਸ ਫਾਰਮੂਲੇ ਦੇ ਆਧਾਰ 'ਤੇ ਜਲਦੀ ਹੀ ਦਵਾਈਆਂ ਤਿਆਰ ਕੀਤੀਆਂ ਜਾਣਗੀਆਂ, ਜੋ ਓਬੈਸਿਟੀ ਦੇ ਸ਼ਿਕਾਰ ਲੋਕਾਂ ਨੂੰ ਕਈ ਬੀਮਾਰੀਆਂ ਤੋਂ ਰਾਹਤ ਦਿਵਾਉਣਗੀਆਂ।
ਨਾਈਪਰ ਦਾ ਆਯੁਰਵੈਦਿਕ ਸੈੱਲ ਪਿਛਲੇ ਕਈ ਮਹੀਨਿਆਂ ਤੋਂ ਕੁਦਰਤੀ ਖਾਣ ਵਾਲੇ ਪਦਾਰਥਾਂ 'ਚ ਦਵਾਈ ਵਾਲੇ ਗੁਣਾਂ ਨੂੰ ਖੰਗਾਲ ਰਿਹਾ ਹੈ। ਹਲਦੀ, ਅਦਰਕ, ਲਸਣ, ਪਿਆਜ, ਪਹਾੜੀ ਪਾਲਕ ਮਸਾਲਿਆਂ ਦੇ ਅੰਦਰ ਮੌਜੂਦ ਤੱਤਾਂ 'ਤੇ ਅਧਿਐਨ ਕਰਨ ਤੋਂ ਬਾਅਦ ਨਾਈਪਰ ਦੀ ਲੈਬਾਰਟਰੀ 'ਚ ਅਜਿਹਾ ਤੋੜ ਮਿਲਿਆ, ਜਿਸ ਨੇ ਸਾਬਿਤ ਕਰ ਦਿੱਤਾ ਕਿ ਸਿਰਫ 2 ਹਫਤਿਆਂ ਤੱਕ ਫਾਰਮੂਲੇ ਦੇ ਆਧਾਰ 'ਤੇ ਜੇਕਰ ਕੜ੍ਹੀ ਪੱਤਾ ਅਤੇ ਦਾਲਚੀਨੀ ਦਾ ਇਸਤੇਮਾਲ ਕੀਤਾ ਜਾਵੇ ਤਾਂ ਮੋਟੇ ਵਿਅਕਤੀ ਦੇ ਭਾਰ ਦਾ ਪੰਜਵਾਂ ਹਿੱਸਾ ਘੱਟ ਹੋ ਜਾਵੇਗਾ। ਇਹ ਹੀ ਨਹੀਂ, ਉਸ ਦੇ ਸਰੀਰ ਅੰਦਰ ਮੌਜੂਦ ਬੈੱਡ ਕੋਲੈਸਟ੍ਰਾਲ ਦਾ ਪੱਧਰ ਵੀ ਘੱਟ ਕਰ ਦੇਵੇਗਾ ਅਤੇ ਗੁਡ ਕੋਲੈਸਟ੍ਰਾਲ ਦਾ ਪੱਧਰ ਵਧ ਜਾਵੇਗਾ।