ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟਣ ਵਾਲੇ ਅਫ਼ਸਰਾਂ ਨੂੰ ਹਾਈਕੋਰਟ ਰਾਹੀਂ ਸਬਕ ਪੜ੍ਹਾਇਆ ਜਾਵੇਗਾ: ਨਿਮਿਸ਼ਾ ਮਹਿਤਾ

Wednesday, Mar 15, 2023 - 03:55 PM (IST)

ਗ਼ਰੀਬਾਂ ਦੇ ਰਾਸ਼ਨ ਕਾਰਡ ਕੱਟਣ ਵਾਲੇ ਅਫ਼ਸਰਾਂ ਨੂੰ ਹਾਈਕੋਰਟ ਰਾਹੀਂ ਸਬਕ ਪੜ੍ਹਾਇਆ ਜਾਵੇਗਾ: ਨਿਮਿਸ਼ਾ ਮਹਿਤਾ

ਗੜ੍ਹਸ਼ੰਕਰ- ਭਾਰਤੀ ਜਨਤਾ ਪਾਰਟੀ ਦੀ ਆਗੂ ਅਤੇ ਭਾਜਪਾ ਗੜ੍ਹਸ਼ੰਕਰ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੱਟਵਾਏ ਜਾ ਰਹੇ ਗ਼ਰੀਬਾਂ ਦੇ ਰਾਸ਼ਨ ਕਾਰਡਾਂ ਦੇ ਮਸਲੇ 'ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਵੱਲੋਂ ਸਖ਼ਤ ਟਿੱਪਣੀ ਕਰਦੇ ਹੋਏ ਰਾਸ਼ਨ ਕਾਰਡਾਂ ਦੀ ਸ਼ਨਾਖ਼ਤ ਕਰ ਰਹੇ ਅਫ਼ਸਰਾਂ ਨੂੰ ਕੋਰਟ ਤੱਕ ਘੜੀਸਣ ਦੀ ਚਿਤਾਵਨੀ ਦਿੱਤੀ ਗਈ ਹੈ। ਨਿਮਿਸ਼ਾ ਮਹਿਤਾ ਨੇ ਰਾਸ਼ਨ ਕਾਰਡਾਂ ਦੀ ਪਿੰਡ-ਪਿੰਡ ਸ਼ਨਾਖ਼ਤ ਕਰਨ ਵਾਲੇ ਪੰਚਾਇਤੀ ਰਾਜ ਦੇ ਅਫ਼ਸਰਾਂ ਅਤੇ ਮਾਹਿਲਪੁਰ ਗੜ੍ਹਸ਼ੰਕਰ ਦੀ ਕਮੇਟੀ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਪਿਛਲੇ ਸਮੇਂ ਵਿਚ ਵੀ ਇਨ੍ਹਾਂ ਅਫ਼ਸਰਾਂ ਦੀਆਂ ਸ਼ਨਾਖਤਾਂ ਤੋਂ ਬਾਅਦ ਹੀ ਰਾਸ਼ਨ ਕਾਰਡ ਜਾਰੀ ਹੋਏ ਸਨ ਪਰ ਹੁਣ ਉਨ੍ਹਾਂ ਗ਼ਰੀਬਾਂ ਨੂੰ ਇਨ੍ਹਾਂ ਹੀ ਅਫ਼ਸਰਾਂ ਵੱਲੋਂ ਆਯੋਗ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਗੜ੍ਹਸ਼ੰਕਰ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਉਹ ਹਾਈਕੋਰਟ ਦਾ ਦਰਵਾਜ਼ਾ ਖੜ੍ਹਕਾਉਣਗੇ ਅਤੇ ਇਨ੍ਹਾਂ ਅਫ਼ਸਰਾਂ ਨੂੰ ਜ਼ਿੰਦਗੀ ਭਰ ਲਈ ਸਬਕ ਪੜ੍ਹਾਉਣਗੇ। 

ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਭਖਣ ਲੱਗੀ ਸਿਆਸਤ, ਚੋਣ ਅਖਾੜੇ 'ਚ ਉਤਰ ਸਕਦੇ ਨੇ ਮੋਹਿੰਦਰ ਸਿੰਘ ਕੇ. ਪੀ.

ਨਿਮਿਸ਼ਾ ਮਹਿਤਾ ਨੇ ਕਿਹਾ ਕਿ ਉਂਝ ਤਾਂ ਹਲਕਾ ਵਿਧਾਇਕ ਜੈ ਕ੍ਰਿਸ਼ਨ ਰੋੜੀ ਆਪਣੇ ਆਪ ਨੂੰ ਲੋਕਾਂ ਦੇ ਹੱਕਾਂ ਦੇ ਰਾਖੇ ਦੱਸਦੇ ਹਨ ਪਰ ਹੁਣ ਰੋੜੀ ਲੋਕਾਂ ਨੂੰ ਜਵਾਬ ਦੇਣ ਕਿ ਉਸ ਦਾ ਸਰਕਾਰ ਵਿਚ ਉਸ ਦੇ ਹੀ ਹੁਕਮ ਮੰਨਣ ਵਾਲੇ ਅਫ਼ਸਰ ਉਸ ਦੇ ਜਿੱਤ ਜਾਣ ਦੇ ਬਾਵਜੂਦ ਵੀ ਗ਼ਰੀਬਾਂ ਦੀ ਧੋਣ 'ਤੇ ਰਾਸ਼ਨ ਕਾਰਡ ਕੱਟਵਾ ਕੇ ਆਰਾ ਕਿਉਂ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਰੋੜੀ ਦੱਸਣ ਆਟਾ-ਦਾਲ ਦੇ ਕਾਰਡ ਕੱਟਵਾ ਕੇ ਗੜ੍ਹਸ਼ੰਕਰ ਦੀ ਜਨਤਾ ਨੂੰ ਕਿ ਆਮ ਆਦਮੀ ਪਾਰਟੀ ਨੂੰ 2022 ਦੀਆਂ ਚੋਣਾਂ ਜਿਤਾਉਣ ਦੀ ਸਜ਼ਾ ਦਿੱਤੀ ਜਾ ਰਹੀ ਹੈ ? 

ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਸਮੇਂ ਵਿਚ ਕਰੀਬ 25 ਹਜ਼ਾਰ ਗ਼ਰੀਬ ਲੋਕਾਂ ਦੇ ਰਾਸ਼ਨ ਕਾਰਡ ਬਣਵਾਏ ਗਏ ਸਨ। ਉਨ੍ਹਾਂ ਕਿਹਾ ਕਿ ਮੈਂ ਗੜ੍ਹਸ਼ੰਕਰ ਦੇ ਪਿੰਡ-ਪਿੰਡ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਆਪ ਜਾ ਕੇ ਹਲਕੇ ਦੇ ਲੋੜਵੰਦ ਲੋਕਾਂ ਦੇ ਕਰੀਬ 6 ਹਜ਼ਾਰ ਨਵੇਂ ਕਾਰਡ ਜਾਰੀ ਕਰਵਾਏ ਸਨ ਪਰ ਅੱਜ 'ਆਪ' ਦੀ ਸਰਕਾਰ ਵੱਲੋਂ ਬੇਰਹਿਮੀ ਨਾਲ ਸੈਂਕੜਿਆਂ ਦੀ ਗਿਣਤੀ ਵਿਚ ਹਰ ਪਿੰਡ ਵਿਚ ਧੜਾ-ਧੜ ਇਹ ਕਾਰਡ ਕੱਟੇ ਜਾ ਰਹੇ ਹਨ। ਅੱਗੇ ਬੋਲਦੇ ਹੋਏ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਇਕ ਪਾਸੇ ਕੇਂਦਰ ਦੀ ਮੋਦੀ ਸਰਕਾਰ ਹੈ, ਜਿਸ ਨੇ ਲੋਕਾਂ ਨੂੰ ਰਾਹਤ ਦੇਣ ਲਈ ਕਣਕ ਦੇ 2 ਰੁਪਏ ਲੈਣੇ ਵੀ ਬੰਦ ਕਰ ਦਿੱਤੇ ਹਨ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਲੋੜਵੰਦਾਂ ਦੇ ਕਾਰਡ ਕੱਟ ਕੇ ਲੋਕਾਂ ਨੂੰ 35 ਰੁਪਏ ਕਿਲੋ ਆਟਾ ਲੈਣ 'ਤੇ ਮਜਬੂਰ ਕਰ ਰਹੀ ਹੈ। ਭਾਜਪਾ ਹਲਕਾ ਇੰਚਾਰਜ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਨਹੀਂ ਤਾਂ ਗੜ੍ਹਸ਼ੰਕਰ ਭਾਜਪਾ ਆਗੂ ਚੁੱਪ ਨਹੀਂ ਬੈਠੇਗੀ। 

ਇਹ ਵੀ ਪੜ੍ਹੋ: ਟਾਂਡਾ ਵਿਖੇ ਆਸਟ੍ਰੇਲੀਆ ਤੋਂ ਪਰਤੇ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਦਰਦਨਾਕ ਮੌਤ, ਘਰ 'ਚ ਵਿਛੇ ਸੱਥਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News