ਚੰਡੀਗੜ੍ਹ ''ਚ ਪਹਿਲੀ ਮਹਿਲਾ ਨਿਲਾਂਬਰੀ ਜਗਦਲੇ ਨੇ ਸੰਭਾਲਿਆ ਅਹੁਦਾ

08/22/2017 4:57:30 PM

ਚੰਡੀਗੜ੍ਹ : ਭਾਰਤੀ ਪੁਲਸ ਸੇਵਾ 2008 ਬੈਚ ਦੀ ਨਿਲਾਂਬਰੀ ਵਿਜੇ ਜਗਦਲੇ ਨੇ ਮੰਗਲਵਾਰ ਨੂੰ ਆਪਣਾ ਐੱਸ. ਐੱਸ. ਪੀ. ਦਾ ਅਹੁਦਾ ਸੰਭਾਲ ਲਿਆ ਹੈ। ਟ੍ਰੈਕ ਰਿਕਾਰਡ ਦੇ ਆਧਾਰ 'ਤੇ ਉਨ੍ਹਾਂ ਨੇ ਇਸ ਦੌੜ 'ਚ ਇਕ ਸੀਨੀਅਰ ਅਤੇ ਇਕ ਜੂਨੀਅਰ ਆਈ. ਪੀ. ਐੱਸ. ਨੂੰ ਪਿੱਛੇ ਛੱਡ ਕੇ ਇਹ ਅਹੁਦਾ ਹਾਸਲ ਕੀਤਾ ਹੈ। ਪੰਜਾਬ ਸਰਕਾਰ ਨੇ ਹਾਲ ਹੀ'ਚ ਐੱਸ. ਐੱਸ. ਪੀ. ਅਹੁਦੇ ਲਈ ਤਿੰਨ ਆਈ. ਪੀ. ਐੱਸ. ਦੇ ਨਾਵਾਂ ਦਾ ਪੈਨਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਭੇਜਿਆ ਸੀ। ਇਸ 'ਚ 2008 ਬੈਚ ਦੀ ਆਈ. ਪੀ. ਐੱਸ. ਨਿਲਾਂਬਰੀ ਜਗਦਲੇ, 2007 ਬੈਚ ਦੇ ਆਈ. ਪੀ. ਐੱਸ. ਭੂਪਤੀ ਅਤੇ 2009 ਬੈਚ ਦੇ ਆਈ. ਪੀ. ਐੱਸ. ਨਵੀਨ ਸਿੰਘਲ ਦਾ ਨਾਂ ਸ਼ਾਮਲ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਤਿੰਨਾਂ ਅਫਸਰਾਂ ਦਾ ਰਿਕਾਰਡ ਚੈੱਕ ਕਰਕੇ ਐੱਸ. ਐੱਸ. ਪੀ. ਦੇ ਨਾਂ ਲਈ ਅਖੀਰ ਨਿਲਾਂਬਰੀ ਦੇ ਨਾਂ 'ਤੇ ਮੋਹਰ ਲਾਈ। ਚੰਡੀਗੜ੍ਹ 'ਚ ਐੱਸ. ਐੱਸ. ਪੀ. ਦਾ ਅਹੁਦਾ 2003 ਬੈਚ ਦੇ ਆਈ. ਪੀ. ਐੱਸ. ਸੁਖਚੈਨ ਸਿੰਘ ਗਿੱਲ ਦਾ ਡੈਪੁਟੇਸ਼ਨ ਸਮਾਂ ਪੂਰਾ ਹੋਣ ਤੋਂ ਬਾਅਦ ਦਸੰਬਰ, 2016 ਤੋਂ ਖਾਲੀ ਪਿਆ ਸੀ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪੁਲਸ 'ਚ ਸਭ ਤੋਂ ਪਹਿਲਾਂ ਮਹਿਲਾ ਆਈ. ਜੀ. ਕਿਰਨ ਬੇਦੀ ਬਣੀ ਸੀ। ਉਹ ਸਿਰਫ ਚੰਡੀਗੜ੍ਹ 'ਚ 43 ਦਿਨ ਹੀ ਰਹਿ ਸਕੀ ਸੀ। ਕਿਸੇ ਕਾਰਨ ਕਰਕੇ ਉਨ੍ਹਾਂ ਦਾ ਵਾਪਸ ਦਿੱਲੀ 'ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਕਿਰਨ ਬੇਦੀ ਨੇ ਚੰਡੀਗੜ੍ਹ ਪੁਲਸ ਨੂੰ 5 ਅਪ੍ਰੈਲ, 1999 ਨੂੰ ਜੁਆਇਨ ਕੀਤਾ ਸੀ ਅਤੇ 18 ਮਈ, 1999 ਨੂੰ ਟਰਾਂਸਫਲ ਹੋ ਗਈ ਸੀ। ਆਈ. ਜੀ. ਬੇਦੀ ਨੇ 43 ਦਿਨ ਹੀ ਚੰਡੀਗੜ੍ਹ 'ਚ ਕਾਨੂੰਨ ਵਿਵਸਥਾ 'ਚ ਕਾਫੀ ਸੁਧਾਰ ਕੀਤਾ ਸੀ। 


Related News