ਟੈਕਸ ਬਿੱਲ ਖ਼ਿਲਾਫ਼ ਅੰਦੋਲਨ, ਵਿਰੋਧ ਪ੍ਰਦਰਸ਼ਨ ''ਚ ਗਈ 39 ਲੋਕਾਂ ਦੀ ਜਾਨ
Tuesday, Jul 02, 2024 - 01:36 PM (IST)

ਨੈਰੋਬੀ (ਵਾਰਤਾ)- ਪੂਰਬੀ ਅਫ਼ਰੀਕੀ ਦੇਸ਼ ਕੀਨੀਆ 'ਚ ਵਿਵਾਦਿਤ ਟੈਕਸ ਵਾਧੇ ਬਿੱਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ 'ਚ ਕਰੀਬ 39 ਲੋਕ ਮਾਰੇ ਗਏ ਹਨ ਅਤੇ 361 ਹੋਰ ਜ਼ਖ਼ਮੀ ਹੋਏ ਹਨ। ਕੀਨੀਆ ਨੈਸ਼ਨਲ ਕਮਿਸ਼ਨ ਆਫ਼ ਹਿਊਮਨ ਰਾਈਟਸ (ਕੇ.ਐੱਨ.ਸੀ.ਐੱਚ.ਆਰ.) ਨੇ ਸੋਮਵਾਰ ਨੂੰ ਮ੍ਰਿਤਕਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲੇ ਕੇ.ਐੱਨ.ਸੀ.ਐੱਚ.ਆਰ. ਨੇ ਸ਼ਨੀਵਾਰ ਨੂੰ ਦੱਸਿਆ ਸੀ ਕਿ ਕੀਨੀਆ 'ਚ ਚੱਲ ਰਹੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਦੌਰਾਨ ਕਰੀਬ 30 ਲੋਕ ਮਾਰੇ ਗਏ ਸਨ। ਮਨੁੱਖੀ ਅਧਿਕਾਰ ਸਮੂਹ ਨੇ ਕੀਨੀਆ ਦੀਆਂ ਸੁਰੱਖਿਆ ਫ਼ੋਰਸਾਂ 'ਤੇ ਪ੍ਰਦਰਸ਼ਨਕਾਰੀਆਂ ਦੀ ਭੀੜ 'ਤੇ ਸਿੱਧੇ ਗੋਲੀਆਂ ਚਲਾਉਣ ਦਾ ਵੀ ਦੋਸ਼ ਲਗਾਇਆ ਹੈ। ਕਮਿਸ਼ਨ ਨੇ ਸੋਸ਼ਲ ਮੀਡੀਆ 'ਐਕਸ' 'ਤੇ ਲਿਖਿਆ,''ਸਾਡੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਦੇਸ਼ ਭਰ 'ਚ ਵਿਰੋਧ ਪ੍ਰਦਰਸ਼ਨਾਂ 'ਚ 39 ਲੋਕ ਮਾਰੇ ਗਏ ਹਨ ਅਤੇ 361 ਹੋਰ ਜ਼ਖ਼ਮੀ ਹੋਏ ਹਨ।'' ਇਸ ਤੋਂ ਇਲਾਵਾ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ 'ਚ 32 ਲੋਕਾਂ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ 627 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਜੂਨ ਦੇ ਮੱਧ ਤੋਂ ਕੀਨੀਆ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਹੈ। ਜਦੋਂ ਸਰਕਾਰ ਨੇ ਬਰੈੱਡ, ਚੀਨੀ ਆਵਾਜਾਈ, ਮੋਬਾਇਲ ਅਤੇ ਵਿੱਤੀ ਸੇਵਾਵਾਂ ਅਤੇ ਵਿਦੇਸ਼ੀ ਕਰੰਸੀ ਲੈਣ-ਦੇਣ 'ਤੇ 16 ਫ਼ੀਸਦੀ ਵੈਟ ਲਗਾਉਣ ਦੇ ਨਾਲ-ਨਾਲ ਕਾਰਾਂ ਅਤੇ ਬਨਸਪਤੀ ਤੇਲ 'ਤੇ 2.5 ਫ਼ੀਸਦੀ ਆਬਕਾਰੀ ਡਿਊਟੀ ਲਗਾਉਣ ਵਾਲਾ ਬਿੱਲ ਪੇਸ਼ ਕੀਤਾ ਸੀ। ਵਿਰੋਧ ਪ੍ਰਦਰਸ਼ਨਾਂ ਦੇ ਭੜਕਣ 'ਤੇ ਹਾਲਾਂਕਿ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਬਿੱਲ 'ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਨੂੰ ਮੁੜ ਵਿਚਾਰ ਲਈ ਸੰਸਦ 'ਚ ਵਾਪਸ ਭੇਜ ਦਿੱਤਾ। ਕੀਨੀਆ 'ਚ ਸਰਕਾਰ ਵਲੋਂ ਨਵੇਂ ਟੈਕਸ ਲਗਾਉਣ ਨਾਲ ਜਨਤਾ ਕਾਫ਼ੀ ਗੁੱਸੇ 'ਚ ਹੈ ਅਤੇ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸੇ ਕੜੀ 'ਚ ਮੰਗਲਵਾਰ ਨੂੰ ਭੀੜ ਸੰਸਦ 'ਚ ਪ੍ਰਵੇਸ਼ ਕਰ ਗਈ ਅਤੇ ਉੱਥੇ ਆਗਜਨੀ ਕੀਤੀ। ਇਸ ਤੋਂ ਬਾਅਦ ਸੰਸਦ ਮੈਂਬਰਾਂ ਨੂੰ ਸੰਸਦ ਭਵਨ ਤੋਂ ਸੁਰੱਖਿਆ ਕੱਢਿਆ ਗਿਆ। ਪ੍ਰਦਰਸ਼ਨਕਾਰੀ ਨਵੇਂ ਟੈਕਸ ਦਾ ਵਿਰੋਧ ਕਰ ਰਹੇ ਹਨ, ਜਿਸ 'ਤੇ ਡਾਇਪਰ ਵਰਗੀਆਂ ਵਸਤੂਆਂ ਦੀ ਕੀਮਤ ਵਧ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e