ਬਦਰੀਨਾਥ ''ਚ ਅਲਕਨੰਦਾ ਨਦੀ ਨੇ ਧਾਰਿਆ ਭਿਆਨਕ ਰੂਪ, ਸ਼ਰਧਾਲੂ ਵੀ ਸਹਿਮੇ

Tuesday, Jul 02, 2024 - 01:22 PM (IST)

ਬਦਰੀਨਾਥ ''ਚ ਅਲਕਨੰਦਾ ਨਦੀ ਨੇ ਧਾਰਿਆ ਭਿਆਨਕ ਰੂਪ, ਸ਼ਰਧਾਲੂ ਵੀ ਸਹਿਮੇ

ਗੋਪੇਸ਼ਵਰ- ਉਤਰਾਖੰਡ 'ਚ ਉੱਚ ਗੜ੍ਹਵਾਲ ਹਿਮਾਲੀਅਨ ਖੇਤਰ 'ਚ ਸਥਿਤ ਵਿਸ਼ਵ ਪ੍ਰਸਿੱਧ ਬਦਰੀਨਾਥ ਮੰਦਰ ਦੇ ਬਿਲਕੁਲ ਹੇਠਾਂ ਅਲਕਨੰਦਾ ਨਦੀ ਦੇ ਕੰਢੇ 'ਤੇ ਮਾਸਟਰ ਪਲਾਨ  ਤਹਿਤ ਕੀਤੀ ਜਾ ਰਹੀ ਖੋਦਾਈ ਕਾਰਨ ਸੋਮਵਾਰ ਦੇਰ ਸ਼ਾਮ ਨਦੀ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਅਤੇ ਪਾਣੀ ਇਤਿਹਾਸਕ ਤਪਤਕੁੰਡ ਦੀ ਹੱਦ ਨੂੰ ਛੂਹਣ ਲੱਗਾ, ਜਿਸ ਕਾਰਨ ਧਾਮ 'ਚ ਮੌਜੂਦ ਸ਼ਰਧਾਲੂ ਸਹਿਮ ਗਏ। ਹਾਲਾਂਕਿ ਕੁਝ ਘੰਟੇ ਰੁਕਣ ਤੋਂ ਬਾਅਦ ਨਦੀ ਦੇ ਪਾਣੀ ਦਾ ਪੱਧਰ ਆਮ ਵਾਂਗ ਹੋ ਗਿਆ। ਅਲਕਨੰਦਾ ਬਦਰੀਨਾਥ ਮੰਦਰ ਤੋਂ ਕੁਝ ਮੀਟਰ ਹੇਠਾਂ ਵਗਦੀ ਹੈ। ਨਦੀ ਦੇ ਕੰਢੇ ਅਤੇ ਮੰਦਰ ਦੇ ਵਿਚਕਾਰ ਇਤਿਹਾਸਕ ਅਤੇ ਧਾਰਮਿਕ ਤੌਰ 'ਤੇ ਮਹੱਤਵਪੂਰਨ ਪਵਿੱਤਰ ਤਪਤਕੁੰਡ ਹੈ ਅਤੇ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਰਧਾਲੂ ਇਸ ਗਰਮ ਪਾਣੀ ਦੇ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਅਤੇ ਭਗਵਾਨ ਬਦਰੀਵਿਸ਼ਾਲ ਦੇ ਦਰਸ਼ਨ ਕਰਦੇ ਹਨ।

PunjabKesari

ਇਸ ਸਥਾਨ ਦੇ ਨੇੜੇ ਬ੍ਰਹਮਕਪਾਲ ਖੇਤਰ ਹੈ ਜਿੱਥੇ ਸ਼ਰਧਾਲੂ ਆਪਣੇ ਪੂਰਵਜਾਂ ਦੀ ਯਾਦ ਵਿਚ ਪਿਤਰ ਦਾਨ ਭੇਟ ਕਰਦੇ ਹਨ। ਇਸ ਖੇਤਰ ਵਿਚ ਨਦੀ ਦੇ ਕੰਢੇ 12 ਚੱਟਾਨਾਂ ਹਨ ਜੋ ਬਦਰੀਨਾਥ ਯਾਤਰਾ 'ਤੇ ਆਉਣ ਵਾਲੇ ਸ਼ਰਧਾਲੂਆਂ ਵਲੋਂ ਪੂਜਣਯੋਗ ਹਨ। ਇਸ ਇਲਾਕੇ ਵਿਚ ਅਲਕਨੰਦਾ ਨਦੀ ਕਈ ਘੰਟਿਆਂ ਤੱਕ ਉਫਾਨ 'ਤੇ ਰਹੀ। ਚਸ਼ਮਦੀਦਾਂ ਮੁਤਾਬਕ ਨਦੀ ਦਾ ਇਹ ਰੂਪ ਡਰਾਉਣਾ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਮਾਸਟਰ ਪਲਾਨ ਤਹਿਤ ਕੀਤੀ ਜਾ ਰਹੀ ਖੋਦਾਈ ਕਾਰਨ ਅਲਕਨੰਦਾ ਦੇ ਪਾਣੀ ਦਾ ਪੱਧਰ ਵਧਣ ਨਾਲ ਬਦਰੀਨਾਥ ਮੰਦਰ ਦੇ ਹੇਠਲੇ ਹਿੱਸੇ ਵਿਚ ਕੰਢਿਆਂ 'ਤੇ ਜਮ੍ਹਾ ਮਲਬਾ ਵੀ ਮਿੱਟੀ ਵਹਿ ਗਿਆ ਪਰ ਛੋਟੇ-ਛੋਟੇ ਪੱਥਰ ਅਤੇ ਬੋਲਡਰ ਉੱਥੇ ਹੀ ਫਸ ਗਏ ਅਤੇ ਮੰਦਰ ਦੇ ਹੇਠਾਂ ਅਲਕਨੰਦਾ ਦੇ ਵਹਾਅ ਨੂੰ ਰੋਕ ਦਿੱਤਾ। ਇਸ ਕਾਰਨ ਬਦਰੀਨਾਥ ਮੰਦਰ ਦਾ ਬ੍ਰਹਮਕਪਾਲ ਇਲਾਕਾ ਕਰੀਬ ਤਿੰਨ ਘੰਟੇ ਤੱਕ ਖ਼ਤਰੇ ਵਿਚ ਰਿਹਾ। ਬਦਰੀਨਾਥ ਤੀਰਥ ਪੁਰੋਹਿਤ ਸੰਗਠਨ ਦੇ ਪ੍ਰਧਾਨ ਪ੍ਰਵੀਨ ਧਿਆਨੀ ਨੇ ਦੱਸਿਆ ਕਿ ਅਸੀਂ ਲੰਬੇ ਸਮੇਂ ਤੋਂ ਸਥਾਨਕ ਪ੍ਰਸ਼ਾਸਨ ਨੂੰ ਮਾਸਟਰ ਪਲਾਨ ਦੇ ਨਿਰਮਾਣ ਕਾਰਜਾਂ ਕਾਰਨ ਬਦਰੀਨਾਥ ਮੰਦਰ ਖਾਸ ਕਰਕੇ ਤਪਤਕੁੰਡ ਨੂੰ ਹੋਣ ਵਾਲੇ ਸੰਭਾਵੀ ਖ਼ਤਰੇ ਬਾਰੇ ਚੇਤਾਵਨੀ ਦੇ ਰਹੇ ਹਾਂ।

PunjabKesari

ਪਿਛਲੇ 40 ਸਾਲਾਂ ਤੋਂ ਬਦਰੀਨਾਥ ਵਿਚ ਤੀਰਥ ਪੁਰੋਹਿਤ ਕਾਰੋਬਾਰ ਨਾਲ ਜੁੜੇ ਧਿਆਨੀ ਨੇ ਕਿਹਾ ਕਿ ਅਲਕਨੰਦਾ ਦੇ ਪਾਣੀ ਦਾ ਪੱਧਰ ਇਸ ਤਰ੍ਹਾਂ ਵੱਧਣਾ ਉਨ੍ਹਾਂ ਨੇ ਪਹਿਲੀ ਵਾਰ ਵੇਖਿਆ ਹੈ। ਪਹਿਲੀ ਵਾਰ ਅਲਕਨੰਦਾ ਦੇ ਪਾਣੀ ਵਿਚ ਸਾਰੀਆਂ 12 ਚੱਟਾਨਾਂ ਡੁੱਬ ਗਈਆਂ ਅਤੇ ਨਦੀ ਦਾ ਪਾਣੀ ਬ੍ਰਹਮਕਪਾਲ ਅਤੇ ਤਪਤਕੁੰਡ ਤੱਕ ਆਉਣਾ ਇਸ ਵਿਸ਼ਵ ਪ੍ਰਸਿੱਧ ਮੰਦਿਰ ਲਈ ਖ਼ਤਰੇ ਦੀ ਘੰਟੀ ਹੈ। ਖ਼ਤਰਿਆਂ ਬਾਰੇ ਦੋ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਕਿਹਾ ਗਿਆ ਸੀ ਕਿ ਅਲਕਨੰਦਾ ਗਲੇਸ਼ੀਅਰ ਤੋਂ ਨਿਕਲਣ ਵਾਲੀ ਨਦੀ ਹੈ, ਜਿਸ ਦਾ ਉੱਚ ਹਿਮਾਲਿਆ 'ਚ ਹੋਣ ਵਾਲੀਆਂ ਗਤੀਵਿਧੀਆਂ 'ਤੇ ਸਿੱਧਾ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ 1930 ਵਿਚ ਬਦਰੀਨਾਥ ਮੰਦਰ ਨੇੜੇ ਅਲਕਨੰਦਾ ਦਾ ਜਲ ਪੱਧਰ 30 ਫੁੱਟ ਵੱਧ ਗਿਆ ਸੀ ਅਤੇ 2014 ਵਿਚ ਵੀ ਅਲਕਨੰਦਾ ਨੇ ਬਦਰੀਨਾਥ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਸੀ।


author

Tanu

Content Editor

Related News