ਹੋਰਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ ਗਰੀਬ ਰਿਕਸ਼ਾ ਚਾਲਕ ਨਿਹੰਗ ਧਰਮ ਸਿੰਘ, ਜਜ਼ਬਾ ਅਜਿਹਾ ਕਰੋਗੇ ਸਲਾਮਾਂ

Monday, Jan 02, 2023 - 06:04 PM (IST)

ਹੋਰਨਾਂ ਲਈ ਪ੍ਰੇਰਨਾ ਦਾ ਸ੍ਰੋਤ ਬਣਿਆ ਗਰੀਬ ਰਿਕਸ਼ਾ ਚਾਲਕ ਨਿਹੰਗ ਧਰਮ ਸਿੰਘ, ਜਜ਼ਬਾ ਅਜਿਹਾ ਕਰੋਗੇ ਸਲਾਮਾਂ

ਮੁੱਲਾਂਪੁਰ ਦਾਖਾ (ਕਾਲੀਆ) : ਜਿਸ ਪ੍ਰਾਣੀ ਦੇ ਮਨ ਅੰਦਰ ਸੇਵਾ ਕਰਨ ਦੀ ਭਾਵਨਾ ਉਜਾਗਰ ਹੋ ਜਾਂਦੀ ਹੈ ਉਹ ਠਾਣ ਲੈਂਦਾ ਹੈ ਕਿ ਮੈਂ ਆਪਣਾ ਜੀਵਨ ਲੋਕਾਈ ਨੂੰ ਸਮਰਪਿਤ ਕਰਨਾ ਹੈ, ਉਸ ਲਈ ਗਰੀਬੀ ਅਤੇ ਉਮਰ ਕੋਈ ਮਾਈਨੇ ਨਹੀਂ ਰੱਖਦੀ। ਇਸ ਦੀ ਉਦਾਹਰਣ ਉਦੋਂ ਵੇਖਣ ਨੂੰ ਮਿਲੀ ਜਦੋਂ ਇਕ ਰਿਕਸ਼ਾ ਚਾਲਕ ਨਿਹੰਗ ਸਿੰਘ ਸਾਰਾ ਦਿਨ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ, ਉਥੇ ਹੀ ਅੰਮ੍ਰਿਤ ਵੇਲੇ ਸਵੇਰੇ 4 ਵਜੇ ਤੋਂ 9 ਵਜੇ ਤੱਕ ਬੱਸ ਸਟੈਂਡ ਮੁੱਲਾਂਪੁਰ ਦੇ ਬਾਹਰ ਖੁਦ ਚਾਹ ਬਣਾ ਕੇ ਰਾਹਗੀਰਾਂ ਨੂੰ ਚਾਹ ਦਾ ਲੰਗਰ ਬੜੇ ਅਦਬ ਅਤੇ ਸਤਿਕਾਰ ਨਾਲ ਛਕਾਉਂਦਾ ਹੈ। ਨਿਹੰਗ ਬਾਬਾ ਧਰਮ ਸਿੰਘ ਵਾਸੀ ਪਿੰਡ ਮੰਡਿਆਣੀ ਤੋਂ ਜੋ ਕਿ ਪਿਛਲੇ 6-7 ਸਾਲਾਂ ਤੋਂ ਹਰ ਸਾਲ ਸਰਦੀ ਸ਼ੁਰੂ ਹੁੰਦਿਆਂ ਹੀ ਫਰੀ ਚਾਹ ਦੀ ਸੇਵਾ ਦਾ ਲੰਗਰ ਆਰੰਭ ਕਰ ਦਿੰਦਾ ਹੈ।

ਇਹ ਵੀ ਪੜ੍ਹੋ : ਨਵੇਂ ਸਾਲ ਮੌਕੇ ਸ੍ਰੀ ਦਰਬਾਰ ਸਾਹਿਬ ’ਚ ਵਾਪਰੀ ਵੱਡੀ ਘਟਨਾ, ਖੁਦ ਨੂੰ ਵਕੀਲ ਦੱਸਣ ਵਾਲੇ ਦੀ ਕਰਤੂਤ ਨੇ ਉਡਾਏ ਹੋਸ਼

PunjabKesari

96 ਕਰੋੜੀ ਬਾਬਾ ਬੁੱਢਾ ਦਲ ਦੇ ਮੁੱਖੀ ਨਿਹੰਗ ਬਾਬਾ ਜੋਗਿੰਦਰ ਸਿੰਘ ਮੁੱਖ ਸੇਵਾਦਾਰ ਦਮਦਮਾ ਸਾਹਿਬ ਰਕਬਾ ਤੋਂ ਪ੍ਰੇਰਨਾ ਲੈ ਕੇ ਨਿਹੰਗ ਧਰਮ ਸਿੰਘ ਨੇ ਇਹ ਨਿਰਸਵਾਰਥ ਸੇਵਾ ਦਾ ਬੀੜਾ ਚੁੱਕਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਕਸ਼ਾ ਚਾਲਕ ਨਿਹੰਗ ਧਰਮ ਸਿੰਘ ਨੇ ਦੱਸਿਆ ਕਿ ਉਹ ਦਸਾਂ ਨੁੰਹਾਂ ਦੀ ਕਿਰਤ ਕਰਕੇ ਰਿਕਸ਼ਾ ਚਲਾ ਕੇ ਆਪਣੇ ਮੰਡਿਆਣੀ ਰਹਿ ਰਹੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਗੁਰਮਤਿ ਦੇ ਚੱਲਦਿਆਂ ਅੰਮ੍ਰਿਤ ਵੇਲੇ ਸਵੇਰੇ 4 ਵਜੇ ਚਾਹ ਦਾ ਲੰਗਰ ਤਿਆਰ ਕਰ ਦਿੰਦੇ ਹਨ ਅਤੇ ਖੁਦ ਰਾਹਗੀਰਾਂ ਨੂੰ ਛਕਾਉਂਦੇ ਹਨ। ਇਹ ਨਿਰਸਵਾਰਥ ਸੇਵਾ ਕਰਕੇ ਜੋ ਮੈਨੂੰ ਅਨੰਦ ਮਿਲਦਾ ਹੈ ਉਹ ਬਿਆਨ ਨਹੀਂ ਕਰ ਸਕਦਾ। 

ਇਹ ਵੀ ਪੜ੍ਹੋ : ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਡ ਹੋਰ ਕੱਢੇਗੀ ਵੱਟ, ਮੌਸਮ ਵਿਭਾਗ ਨੇ ਫਿਰ ਜਾਰੀ ਕੀਤੀ ਚਿਤਾਵਨੀ

ਇੱਥੇ ਇਹ ਵੀ ਦੱਸਣਯੋਗ ਹੈ ਕਿ ਨਿਹੰਗ ਬਾਬਾ ਧਰਮ ਸਿੰਘ ਨੇ ਆਪਣੇ ਰਿਕਸ਼ੇ ਨੂੰ ਨਿਵੇਕਲਾ ਬਣਾ ਕੇ ਰਿਕਸ਼ੇ ਦੇ ਹੈਂਡਲ ਉਪਰ ਸਟੇਅਰਿੰਗ ਲਗਾਇਆ ਹੋਇਆ ਹੈ ਤਾਂ ਜੋ ਆਪਣੀ ਵੱਖਰੀ ਪਹਿਚਾਣ ਬਣਾ ਸਕਣ ਅਤੇ ਗੁਰੂ ਦਾ ਸਿੱਖ ਬਣ ਕੇ ਆਪਣਾ ਜੀਵਨ ਲੋਕਾਂ ਦੇ ਲੇਖੇ ਲਗਾ ਸਕਣ। ਇਹ ਵੀ ਕਾਰਜ ਕੋਈ ਵਿਰਲਾ ਹੀ ਕਰ ਸਕਦਾ ਹੈ ਕਿਉਂਕਿ ਇਹ ਗਰੀਬ ਅਤੇ ਮਰੀਜ਼ ਸਵਾਰੀ ਤੋਂ ਪੈਸੇ ਵੀ ਨਹੀਂ ਲੈਂਦੇ। ਇਸ ਨੂੰ ਵੀ ਆਪਣੀ ਸੇਵਾ ਹੀ ਸਮਝਦੇ ਹਨ। ਨਹਿੰਗ ਸਿੰਘ ਦੀ ਇਹ ਨਿਰਸਵਾਰਥ ਸੇਵਾ ਅੱਜ ਹੋਰਨਾਂ ਲਈ ਵੀ ਪ੍ਰੇਰਨਾ ਦਾ ਸ੍ਰੋਤ ਹੈ ਅਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਲਈ ਬਹੁਤ ਵੱਡੀ ਨਸੀਹਤ ਹੈ। 

ਇਹ ਵੀ ਪੜ੍ਹੋ : ਸਾਲ ਦੇ ਪਹਿਲੇ ਦਿਨ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਸਰਕਾਰ ਦਾ ਵੱਡਾ ਤੋਹਫ਼ਾ, ਸ਼ੁਰੂ ਕੀਤੀ ਇਹ ਸਕੀਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News