ਕੋਕੀਨ, ਹੈਰੋਇਨ ਤੇ ਡਰੱਗ ਮਨੀ ਸਮੇਤ ਨਾਈਜੀਰੀਅਨ ਔਰਤ ਸਾਥੀ ਸਮੇਤ ਗ੍ਰਿਫਤਾਰ

04/20/2018 8:17:21 AM

ਮੋਹਾਲੀ (ਕੁਲਦੀਪ) - ਇਕ ਬੱਚੇ ਦੀ ਮਾਂ ਨਾਈਜੀਰੀਅਨ ਮਹਿਲਾ ਆਪਣੇ ਨਾਈਜੀਰੀਅਨ ਦੋਸਤ ਨਾਲ ਮੋਹਾਲੀ ਦੇ ਸੈਕਟਰ-80 ਵਿਚ ਰਹਿ ਰਹੀ ਸੀ। ਦੋਵੇਂ ਮਿਲ ਕੇ ਨਸ਼ਾ ਸਪਲਾਈ ਕਰ ਕੇ ਕਮਾਈ ਕਰਨ ਵਿਚ ਲੱਗੇ ਹੋਏ ਸਨ। ਇਸ ਦੀ ਭਿਣਕ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਲੱਗ ਗਈ। ਐੱਸ. ਟੀ. ਐੱਫ. ਨੇ ਗੁਪਤ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਕੇ ਦੋਵਾਂ ਨੂੰ ਉਸ ਸਮੇਂ ਦਬੋਚ ਲਿਆ ਜਦੋਂ ਉਹ ਐਕਟਿਵਾ 'ਤੇ ਕਿਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਜਾ ਰਹੇ ਸਨ। ਦੋਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਖਿਲਾਫ ਐੱਸ. ਟੀ. ਐੱਫ. ਪੁਲਸ ਸਟੇਸ਼ਨ ਫੇਜ਼-4 ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤੇ ਫਾਰਨਰ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ।  
ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ. ਟੀ. ਐੱਫ. ਦੀ ਟੀਮ ਨੇ ਏ. ਐੱਸ. ਆਈ. ਅਵਤਾਰ ਸਿੰਘ ਸੋਹੀ ਦੀ ਅਗਵਾਈ ਵਿਚ ਸੈਕਟਰ-80 ਵਿਚ ਨਾਕਾਬੰਦੀ ਕੀਤੀ ਹੋਈ ਸੀ। ਨਾਕੇ ਦੌਰਾਨ ਐਕਟਿਵਾ ਸਕੂਟਰ 'ਤੇ ਲੰਘ ਰਹੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿਚ ਔਰਤ ਦਾ ਨਾਂ 'ਰਾਈਟਾ' ਜਦੋਂਕਿ ਉਸ ਦੇ ਸਾਥੀ ਦਾ ਨਾਂ 'ਜੂਡੇ ਜਸਟਿਨ' ਹੈ।
ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ 'ਤੇ ਅਦਾਲਤ ਨੇ ਦੋਵਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ 50 ਗ੍ਰਾਮ ਕੋਕੀਨ, 50 ਗ੍ਰਾਮ ਹੈਰੋਇਨ ਤੇ 40 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਸੈਕਟਰ 80 ਮੋਹਾਲੀ ਦੀ ਇਕ ਕੋਠੀ ਦੀ ਪਹਿਲੀ ਮੰਜ਼ਿਲ 'ਤੇ ਕਿਰਾਏਦਾਰ ਵਜੋਂ ਰਹਿ ਰਹੇ ਸਨ। ਦੋਵੇਂ ਦਿੱਲੀ ਤੋਂ ਨਸ਼ੀਲੇ ਪਦਾਰਥ ਲਿਆ ਕੇ ਇਥੇ ਵੇਚਦੇ ਸਨ। ਦੋਵਾਂ ਨੂੰ ਉਨ੍ਹਾਂ ਦੇ ਘਰ ਵਿਚ ਲੈ ਜਾ ਕੇ ਚੈਕਿੰਗ ਕੀਤੀ ਗਈ ਤਾਂ ਉਥੋਂ ਇਕ ਇਲੈਕਟ੍ਰਾਨਿਕ ਕੰਡਾ ਤੇ ਪਾਲੀਥੀਨ ਵੀ ਬਰਾਮਦ ਹੋਏ।
ਭਾਰਤ 'ਚ ਰਹਿਣ ਲਈ ਨਹੀਂ ਸੀ ਵੈਲਿਡ ਵੀਜ਼ਾ
ਪੁਲਸ ਅਧਿਕਾਰੀ ਸੋਹਲ ਨੇ ਦੱਸਿਆ ਕਿ ਦੋਵਾਂ ਤੋਂ ਕੀਤੀ ਗਈ ਪੁੱਛਗਿਛ ਵਿਚ ਇਹ ਗੱਲ ਸਾਹਮਣੇ ਆਈ ਕਿ ਭਾਰਤ 'ਚ ਰਹਿਣ ਸਬੰਧੀ ਦੋਵਾਂ ਕੋਲ ਕੋਈ ਵੈਲਿਡ ਵੀਜ਼ਾ ਤੇ ਵੈਲਿਡ ਪਾਸਪੋਰਟ ਆਦਿ ਨਹੀਂ ਸੀ।
ਬੱਚੇ ਸਮੇਤ ਭੇਜੀ ਜੇਲ
ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤੀ ਗਈ ਨਾਈਜੀਰੀਅਨ ਔਰਤ ਡੇਢ ਸਾਲ ਦੇ ਬੱਚੇ ਦੀ ਮਾਂ ਹੈ । ਜਦੋਂ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਬੱਚਾ ਵੀ ਉਸ ਦੇ ਨਾਲ ਸੀ। ਪੁਲਸ ਨੇ ਅਦਾਲਤ ਤੋਂ ਰਿਮਾਂਡ ਮੰਗਿਆ ਪਰ ਅਦਾਲਤ ਨੇ ਦੋਵਾਂ ਨੂੰ ਬੱਚੇ ਸਮੇਤ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ।


Related News