ਪਾਰਸਲ ਛੁਡਵਾਉਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲਾ ਨਾਈਜੀਰੀਅਨ ਗ੍ਰਿਫ਼ਤਾਰ
Thursday, Jan 21, 2021 - 01:02 PM (IST)
ਚੰਡੀਗੜ੍ਹ (ਸੁਸ਼ੀਲ) : ਯੂ. ਕੇ. ਤੋਂ ਆਏ ਲੱਖਾਂ ਡਾਲਰ ਦੇ ਪਾਰਸਲ ਨੂੰ ਛੁਡਵਾਉਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਕਰਨ ਵਾਲੇ ਨਾਈਜੀਰੀਅਨ ਨੂੰ ਸਾਈਬਰ ਸੈੱਲ ਨੇ ਯੂ. ਪੀ. ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਨਾਈਜੀਰੀਆ ਵਾਸੀ ਫਰਾਂਸਿਸ ਏਮੇਕਾ ਦੁਰੋਬਾਸੀ ਦੇ ਰੂਪ 'ਚ ਹੋਈ। ਮੁਲਜ਼ਮ ਤੋਂ 14 ਮੋਬਾਇਲ, ਪੈੱਨ ਡਰਾਈਵ, ਇਕ ਲੈਪਟਾਪ, ਸੱਤ ਡੈਬਿਟ ਕਾਰਡ ਅਤੇ ਤਿੰਨ ਪਾਸਬੁੱਕ ਬਰਾਮਦ ਹੋਈਆਂ। ਸਾਈਬਰ ਸੈੱਲ ਨੇ ਫੜ੍ਹੇ ਗਏ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਚਾਰ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਦੋਸਤ ਨੇ ਭੇਜਿਆ ਸੀ ਪਾਰਸਲ
ਸਾਈਬਰ ਸੈੱਲ ਨੇ ਦੱਸਿਆ ਕਿ ਸੈਕਟਰ-21 ਵਾਸੀ ਸਾਧੋ ਨੇ ਕਿਹਾ ਸੀ ਕਿ ਉਸ ਨੂੰ ਬ੍ਰਿਟੇਨ ਤੋਂ ਚੰਦਾ ਦੇ ਫੇਸਬੁੱਕ ਮੈਸੇਂਜਰ ’ਤੇ ਮੈਸੇਜ ਮਿਲਿਆ ਸੀ। ਇਸ ਤੋਂ ਬਾਅਦ ਉਸ ਨੇ ਆਪਣਾ ਵਟਸਐਪ ਨੰਬਰ ਸਾਂਝਾ ਕੀਤਾ ਅਤੇ ਆਪਣੀ ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਗਈ ਹੈ। ਉਹ ਪਤੀ ਦੀ ਕਮਾਈ ਨੂੰ ਕੋਰੀਅਰ ਦੇ ਮਾਧਿਅਮ ਨਾਲ ਉਸ ਨੂੰ ਭੇਜਣਾ ਚਾਹੁੰਦੀ ਹੈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਫ਼ੋਨ ਆਇਆ ਕਿ ਤੁਹਾਡਾ ਯੂ. ਕੇ. ਤੋਂ ਪਾਰਸਲ ਆਇਆ ਹੋਇਆ ਹੈ। ਉਸ ਨੂੰ ਰਿਲੀਜ਼ ਕਰਵਾਉਣ ਲਈ ਰੁਪਏ ਦੇਣ ਹੋਣਗੇ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਯੂ. ਕੇ. ਦੇ ਦੋਸਤ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਸ ਨੇ ਲੱਖਾਂ ਰੁਪਏ ਦਾ ਪਾਰਸਲ ਭੇਜਿਆ ਹੈ।
ਸ਼ਿਕਾਇਤਕਰਤਾ ਨੇ ਪਾਰਸਲ ਛੁਡਵਾਉਣ ਲਈ ਵੱਖ-ਵੱਖ ਖਾਤਿਆਂ 'ਚ 14 ਲੱਖ 62 ਹਜ਼ਾਰ 730 ਰੁਪਏ ਜਮ੍ਹਾਂ ਕਰਵਾ ਦਿੱਤੇ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਠੱਗੀ ਦਾ ਅਹਿਸਾਸ ਹੋਇਆ ਅਤੇ ਉਸ ਨੇ ਸੈਕਟਰ-19 ਪੁਲਸ ਥਾਣੇ 'ਚ 11 ਨਵੰਬਰ, 2020 ਨੂੰ ਮਾਮਲਾ ਦਰਜ ਕਰਵਾਇਆ। ਸਾਈਬਰ ਸੈੱਲ ਨੇ ਮੁਲਜ਼ਮ ਨੂੰ ਫੜ੍ਹਨ ਲਈ ਸਬ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ 'ਚ ਟੀਮ ਬਣਾਈ। ਸਬ ਇੰਸਪੈਕਟਰ ਸੁਨੀਲ ਨੇ ਹੈੱਡ ਕਾਂਸਟੇਬਲ ਬਹਾਦੁਰ ਸਿੰਘ, ਰਾਜਿੰਦਰ ਸਿੰਘ ਅਤੇ ਬਲਿਵੰਦਰ ਨੇ ਯੂ. ਪੀ. 'ਚ ਛਾਪਾ ਮਾਰ ਕੇ ਲੱਖਾਂ ਦੀ ਠੱਗੀ ਕਰਨ ਵਾਲੇ ਨਾਈਜੀਰੀਅਨ ਨੂੰ ਗ੍ਰਿਫ਼ਤਾਰ ਕਰ ਲਿਆ।