ਕਹੀ ਮਾਰ ਕੇ ਤਾਏ ਦਾ ਕਤਲ ਕਰਨ ਦੇ ਦੋਸ਼ ''ਚ ਭਤੀਜਾ ਕਾਬੂ

Sunday, May 06, 2018 - 12:19 AM (IST)

ਕਹੀ ਮਾਰ ਕੇ ਤਾਏ ਦਾ ਕਤਲ ਕਰਨ ਦੇ ਦੋਸ਼ ''ਚ ਭਤੀਜਾ ਕਾਬੂ

ਰੂਪਨਗਰ, (ਜ.ਬ)- ਜ਼ਿਲਾ ਪੁਲਸ ਨੇ ਸੰਤਪੁਰ ਚੁਪਕੀ 'ਚ ਦਲਜੀਤ ਸਿੰਘ ਦੇ ਕਤਲ ਕੇਸ ਨੂੰ ਹੱਲ ਕੀਤਾ ਹੈ। ਐੱਸ.ਐੱਸ.ਪੀ. ਰਾਜਬਚਨ ਸਿੰਘ ਸੰਧੂ ਨੇ ਦੱਸਿਆ ਕਿ 2 ਮਈ ਨੂੰ ਦਲਜੀਤ ਸਿੰਘ ਪੁੱਤਰ ਸੁਰਜਨ ਸਿੰਘ ਨਿਵਾਸੀ ਸੰਤਪੁਰ ਚੁਪਕੀ ਦੇ ਸੱਟਾਂ ਲੱਗਣ ਕਾਰਨ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ, ਜਿਸ ਦੇ ਸਬੰਧ 'ਚ ਸ਼ਮਸ਼ੇਰ ਸਿੰਘ ਪੁੱਤਰ ਸੁਰਜਨ ਸਿੰਘ ਨਿਵਾਸੀ ਸੰਤਪੁਰ ਚੁਪਕੀ ਥਾਣਾ ਸਿੰਘ ਭਗਵੰਤਪੁਰ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਨੂੰ ਟਰੇਸ ਕਰਨ ਲਈ ਉਪ ਪੁਲਸ ਕਪਤਾਨ ਵਰਿੰਦਰਜੀਤ ਸਿੰਘ ਦੀ ਅਗਵਾਈ 'ਚ ਇੰਸਪੈਕਟਰ ਅਤੁਲ ਸੋਨੀ ਇੰਚਾਰਜ ਸੀ.ਆਈ.ਏ. ਸਟਾਫ ਅਤੇ ਇੰਸਪੈਕਟਰ ਸੁਖਵੀਰ ਸਿੰਘ ਥਾਣਾ ਸਿੰਘ ਭਗਵੰਤਪੁਰ ਦੀ ਟੀਮ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕੀਤੀ ਅਤੇ ਇਸ ਕਤਲ ਕੇਸ ਨੂੰ ਹੱਲ ਕੀਤਾ। 
ਜਾਂਚ ਦੌਰਾਨ ਮ੍ਰਿਤਕ ਦਾ ਭਤੀਜਾ ਕੁਲਵੀਰ ਸਿੰਘ ਉਰਫ ਸੋਨੂੰ ਪੁੱਤਰ ਜਗਜੀਤ ਸਿੰਘ ਹੀ ਕਾਤਲ ਪਾਇਆ ਗਿਆ, ਜਿਸ ਨੂੰ 3 ਮਈ ਨੂੰ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ ਟੀ-ਪੁਆਇੰਟ, ਮੋਰਿੰਡਾ ਰੋਡ ਤੋਂ ਗ੍ਰਿਫਤਾਰ ਕੀਤਾ ਗਿਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਲਵੀਰ ਸਿੰਘ ਉਰਫ ਸੋਨੂੰ ਨੂੰ ਉਸ ਦੇ ਪਿਤਾ ਜਗਜੀਤ ਸਿੰਘ ਨੇ ਬੁਰੀ ਸੰਗਤ 'ਚ ਪੈਣ ਦੇ ਕਾਰਨ ਆਪਣੀ ਜਾਇਦਾਦ ਤੋਂ ਬੇਦਖਲ ਕੀਤਾ ਹੋਇਆ ਸੀ। ਉਸ ਦਾ ਜਾਇਦਾਦ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨਾਲ ਝਗੜਾ ਰਹਿੰਦਾ ਸੀ, ਜਿਸ ਕਰ ਕੇ ਉਸ ਨੇ ਆਪਣੇ ਚਾਚਾ ਸ਼ਮਸ਼ੇਰ 'ਤੇ ਹੀ ਕਹੀ ਨਾਲ ਵਾਰ ਕੀਤਾ। ਫਿਰ ਉਸ ਨੇ ਬਿਸਤਰੇ 'ਤੇ ਪਏ ਆਪਣੇ ਤਾਏ ਦਲਜੀਤ ਸਿੰਘ 'ਤੇ ਕਹੀ ਨਾਲ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ਦੀ ਇਲਾਜ ਦੌਰਾਨ ਸਿਵਲ ਹਸਪਤਾਲ ਰੂਪਨਗਰ 'ਚ ਮੌਤ ਹੋ ਗਈ। ਪੁਲਸ ਨੇ ਉਕਤ ਨੂੰ ਗ੍ਰਿਫਤਾਰ ਕਰ ਕੇ ਅਦਾਲਤ 'ਚ ਪੇਸ਼ ਕਰ ਕੇ ਪੁਲਸ ਰਿਮਾਂਡ ਪ੍ਰਾਪਤ ਕੀਤਾ।


Related News