ਲੁਧਿਆਣਾ : ਬੁੱਢੇ ਨਾਲੇ ਦੀ ਸਮੱਸਿਆ ਸਬੰਧੀ ਐੱਨ. ਜੀ. ਟੀ. ਨੇ ਕੀਤਾ ਦੌਰਾ
Saturday, Nov 16, 2019 - 09:29 AM (IST)

ਲੁਧਿਆਣਾ (ਨਰਿੰਦਰ) : ਸ਼ਹਿਰ 'ਚ ਬੁੱਢੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਨੈਸ਼ਨਲ ਗਰੀਨ ਟ੍ਰਿਬੀਊਨਲ (ਐੱਨ. ਜੀ. ਟੀ.) ਦੀ ਟੀਮ ਵਲੋਂ ਲੁਧਿਆਣਾ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਟੀਮ ਨੇ ਉਨ੍ਹਾਂ ਫੈਕਟਰੀਆਂ 'ਚੋਂ ਪਾਣੀ ਦੇ ਸੈਂਪਲ ਵੀ ਭਰੇ, ਜੋ ਬੁੱਢੇ ਨਾਲੇ 'ਚ ਪਾਣੀ ਦੀ ਨਿਕਾਸੀ ਕਰਦੀਆਂ ਹਨ। ਚੇਅਰਮੈਨ ਜਸਟਿਸ ਜਸਬੀਰ ਸਿੰਘ ਦੀ ਅਗਵਾਈ ਵਾਲੀ ਟੀਮ 'ਚ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਂਚੇਵਾਲ ਵੀ ਸ਼ਾਮਲ ਸਨ, ਜਿਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਰਕਟ ਹਾਊਸ 'ਚ ਕਰੀਬ 2 ਘੰਟੇ ਬੰਦ ਕਮਰਾ ਬੈਠਕ ਕੀਤੀ ਅਤੇ ਪਰਾਲੀ ਸਾੜੇ ਜਾਣ 'ਤੇ ਵੀ ਚਿੰਤਾ ਪ੍ਰਗਟ ਕੀਤੀ।
ਜਸਟਿਸ ਜਸਬੀਰ ਸਿੰਘ ਨੇ ਦੱਸਿਆ ਕਿ ਬੁੱਢੇ ਨਾਲੇ 'ਚ ਪ੍ਰਦੂਸ਼ਿਤ ਪਾਣੀ ਜਾਣ ਤੋਂ ਰੋਕਣ ਲਈ 1,000 ਕਰੋੜ ਰੁਪਏ ਦੀ ਲਾਗਤ ਨਾਲ ਐਸ. ਟੀ. ਪੀਜ਼ ਦੀ ਸਮਰੱਥਾ ਵਧਾਈ ਜਾਵੇਗੀ ਅਤੇ ਹੋਰ ਵਾਟਰ ਟਰੀਟਮੈਂਟ ਪਲਾਂਟ ਲੱਗਣਗੇ। ਉਨ੍ਹਾਂ ਨੇ ਦੱਸਿਆ ਕਿ 31 ਮਾਰਚ, 2020 ਤੱਕ ਟੈਂਡਰ ਲੱਗਣਗੇ ਅਤੇ 31 ਮਾਰਚ, 2021 ਤੱਕ ਕੰਮ ਪੂਰਾ ਹੋ ਜਾਵੇਗਾ। ਸੰਤ ਸੀਂਚੇਵਾਲ ਨੇ ਦੱਸਿਆ ਕਿ ਬੁੱਢੇ ਨਾਲੇ 'ਚ ਪ੍ਰਦੂਸ਼ਣ ਖਤਮ ਕਰਨ ਲਈ ਅਜੇ ਤੱਕ ਕੁਝ ਨਹੀਂ ਹੋਇਆ ਹੈ ਪਰ ਹੁਣ 1,000 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਹੋਣਗੇ ਤਾਂ ਫਿਰ ਪਤਾ ਲੱਗੇਗਾ।