NFL ਨੇ ਅਪ੍ਰੈਲ ਮਹੀਨੇ ’ਚ ਖਾਦਾਂ ਦੀ ਵਿਕਰੀ ’ਚ ਦਰਜ ਕੀਤਾ 71 % ਦਾ ਰਿਕਾਰਡ ਵਾਧਾ
Tuesday, May 12, 2020 - 09:35 AM (IST)
ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਕੋਵਿਡ-19 ਲਾਕਡੌਨ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਦੇ ਅਧੀਨ ਸਰਵਜਨਕ ਇਕਾਈ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨ.ਐੱਫ.ਐੱਲ.) ਨੇ ਅਪ੍ਰੈਲ 2020 ਵਿਚ ਰਸਾਇਣਕ ਖਾਦਾਂ ਦੀ ਵਿੱਕਰੀ ਵਿਚ 71 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਦਰਜ ਕੀਤਾ। ਅਪ੍ਰੈਲ ਮਹੀਨੇ ਵਿਚ ਕੰਪਨੀ ਨੇ 3.62 ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਜਦ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਕੰਪਨੀ ਨੇ 2.12 ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਲੌਕਡਾਊਨ ਦੀ ਵਜ੍ਹਾ ਨਾਲ ਢੁਆ ਢੁਆਈ ਦੇ ਕੰਮਾਂ ਵਿਚ ਰੁਕਾਵਟ ਅਉਣ ਦੇ ਬਾਵਜੂਦ ਵੀ ਕਿਸਾਨਾਂ ਦੇ ਲਈ ਖਾਦਾਂ ਦੀ ਪੂਰਤੀ ਜਾਰੀ ਰੱਖੀ।
ਐੱਨ.ਐੱਫ.ਐੱਲ. ਪੰਜਾਬ ਵਿਚ ਨੰਗਲ ਅਤੇ ਬਠਿੰਡਾ, ਹਰਿਆਣਾ ਵਿਚ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਵਿਜੈਪੁਰ ਵਿਚ ਸਥਿਤ ਫੈਕਟਰੀਆ ਵਿਚ ਯੂਰੀਆ ਦਾ ਉਤਪਾਦਨ ਕੀਤਾ। ਕੰਪਨੀ ਦੀ 35.68 ਲੱਖ ਮੀਟਰਕ ਟਨ ਯੂਰੀਆ ਦੀ ਉਤਪਾਦਨ ਸਮਰੱਥਾ ਹੈ। ਹਰ ਤਰ੍ਹਾਂ ਦੇ ਉਤਪਾਦਾਂ ਨੂੰ ਮਿਲਾ ਕੇ ਕੰਪਨੀ ਨੇ 2019-20 ਦੇ ਦੌਰਾਨ ਲਗਾਤਾਰ ਪੰਜਵੀਂ ਵਾਰ 57 ਲੱਖ ਮੀਟਰਕ ਟਨ ਦੀ ਰਿਕਾਰਡ ਵਿਕਰੀ ਦਰਜ ਕੀਤੀ ਹੈ।