ਵਿਆਹ ਦੇ 5 ਮਹੀਨੇ ਬਾਅਦ ਹੀ ਟੁੱਟੇ ਦਿਲ ਦੇ ਅਰਮਾਨ ਜਦੋਂ...
Monday, Jan 27, 2020 - 05:28 PM (IST)

ਲੁਧਿਆਣਾ (ਵਰਮਾ) : ਵਿਆਹ ਦੇ ਸਮੇਂ ਹਰ ਲੜਕੀ ਦੇ ਮਨ 'ਚ ਆਪਣੇ ਬਿਹਤਰ ਭਵਿੱਖ ਸਬੰਧੀ ਕਈ ਤਰ੍ਹਾਂ ਦੇ ਅਰਮਾਨ ਹੁੰਦੇ ਹਨ। ਅਜਿਹੇ ਹੀ ਅਰਮਾਨ ਗੁਰੂ ਨਾਨਕ ਨਗਰ ਨੇੜੇ ਧੂਰੀ ਲਾਈਨ ਦੀ ਰਹਿਣ ਵਾਲੀ ਰਜਨੀ ਦੇ ਦਿਲ 'ਚ ਸਨ ਪਰ ਵਿਆਹ ਤੋਂ 5 ਮਹੀਨੇ ਬਾਅਦ ਅਜੇ ਉਸ ਦੇ ਸੁਹਾਗ ਦੀ ਮਹਿੰਦੀ ਦਾ ਰੰਗ ਵੀ ਫਿੱਕਾ ਨਹੀਂ ਹੋਇਆ ਸੀ ਕਿ ਉਸ ਦੇ ਦਾਜ ਦੇ ਲੋਭੀ ਸਹੁਰੇ ਵਾਲਿਆਂ ਦੀ ਅਸਲ ਤਸਵੀਰ ਸਾਹਮਣੇ ਆਈ। ਰਜਨੀ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਲਿਖਤੀ ਸ਼ਿਕਾਇਥ 'ਚ ਆਪਣੇ ਪਤੀ, ਸੱਸ, ਨਨਾਣ ਖਿਲਾਫ ਦਾਜ ਖਾਤਰ ਪਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਾਏ ਸਨ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਰਜਨੀ ਨੇ ਪੁਲਸ ਨੂੰ 27 ਮਈ, 2019 ਨੂੰ ਲਿਖਤੀ ਸ਼ਿਕਾਇਤ 'ਚ ਜੋ ਆਪਣੇ ਸਹੁਰਿਆਂ ਖਿਲਾਫ ਦੋਸ਼ ਲਾਏ ਸਨ, ਉਸ ਦੀ ਜਾਂਚ ਉਪਰੰਤ ਰਜਨੀ ਦੇ ਪਤਨੀ ਮੰਗਤ ਖਿਲਾਫ ਦਾਜ ਸਬੰਧੀ ਮਾਮਲਾ ਦਰਜ ਕੀਤਾ ਹੈ।
ਰਜਨੀ ਦੇ ਪਿਤਾ ਮੁਲਖ ਰਾਜ ਨੇ ਬੇਟੀ ਦੇ ਸਹੁਰਿਆਂ ਖਿਲਾਫ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦੀ ਬੇਟੀ ਦਾ ਵਿਆਹ 20 ਅਪ੍ਰੈਲ, 2018 ਨੂੰ ਮੰਗਤ ਜੈਦਕਾ ਵਾਸੀ ਚੇਤ ਸਿੰਘ ਨਗਰ ਨਾਲ ਧੂਮਧਾਮ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਬੇਟੀ ਨੂੰ ਦਾਜ ਲਈ ਮਾਨਸਿਕ ਤੇ ਸਰੀਰਕ ਤੌਰ 'ਤੇ ਪਰੇਸ਼ਾਨ ਕਰਨ ਲੱਗੇ। ਬੇਟੀ ਦਾ ਪਤੀ, ਮਾਤਾ ਤੇ ਭੈਣ ਦਾਜ ਲਈ ਉਸ ਨਾਲ ਕੁੱਟਮਾਰ ਕਰਦੇ ਸਨ। ਮੁਲਖ ਰਾਜ ਨੇ ਦੱਸਿਆ ਕਿ ਜਦੋਂ ਬੇਟੀ ਗਰਭਵਤੀ ਸੀ ਤਾਂ ਉਸ ਦੇ ਸਹੁਰਿਆਂ ਨੇ ਉਸ ਦਾ ਇਲਾਜ ਕਰਾਉਣ ਦੀ ਬਜਾਏ ਕੁੱਟਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਕੁਝ ਸਮੇਂ ਬਾਅਧ ਜਦੋਂ ਅਸੀਂ ਬੇਟੀ ਨੂੰ ਹਸਪਤਾਲ 'ਚ ਇਲਾਜ ਲਈ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਧੜਕਣ ਘੱਟ ਚੱਲ ਰਹੀ ਹੈ ਅਤੇ ਆਪਰੇਸ਼ਨ ਕਰਨਾ ਪਵੇਗਾ। ਇਸ ਦੀ ਜਾਣਕਾਰੀ ਅਸੀਂ ਬੇਟੀ ਦੇ ਸਹੁਰਿਆਂ ਨੂੰ ਦਿੱਤੀ ਤਾਂ ਉਨ੍ਹਾਂ ਕਿਹਾ ਕਿ ਤੁਹਾਡੀ ਬੇਟੀ ਹੈ, ਤੁਹੀਂ ਹੀ ਇਸ ਦਾ ਇਲਾਜ ਕਰਵਾਓ। ਜਦੋਂ ਉਸ ਦਾ ਆਪਰੇਸ਼ਨ ਹੋਇਆ ਤਾਂ ਉਸ ਨੇ ਮਰੇ ਹੋਏ ਬੇਟੇ ਨੂੰ ਜਨਮ ਦਿੱਤਾ। ਫਿਰ ਅਸੀਂ ਬੇਟੀ ਦੇ ਸਹੁਰੇ ਵਾਲਿਆਂ ਨੂੰ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤੁਹਾਡੀ ਬੇਟੀ ਦੀ ਲੋੜ ਨਹੀਂ ਹੈ। ਇਸ ਨੂੰ ਆਪਣੇ ਕੋਲ ਰੱਖੋ, ਜਿਸ ਦੀ ਸ਼ਿਕਾਇਤ ਮੈਂ ਥਾਣਾ ਵੂਮੈਨ ਸੈੱਲ ਦੀ ਪੁਲਸ ਕੋਲ ਕੀਤੀ।