ਹਸਪਤਾਲ 'ਚੋਂ ਨਵਜਨਮਿਆ ਬੱਚਾ ਚੋਰੀ ਹੋਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਹੈਰਾਨ ਰਹਿ ਗਿਆ ਪਰਿਵਾਰ
Tuesday, Apr 18, 2023 - 12:01 PM (IST)
ਲੁਧਿਆਣਾ (ਰਾਜ) : ਹਮੇਸ਼ਾ ਸੁਰਖੀਆਂ ’ਚ ਰਹਿਣ ਵਾਲਾ ਸਿਵਲ ਹਸਪਤਾਲ ਫਿਰ ਸੁਰਖੀਆਂ ’ਚ ਆ ਗਿਆ ਹੈ। ਸਿਵਲ ਹਸਪਤਾਲ ਦੇ ਮਦਰ ਐਂਡ ਚਾਈਲਡ ਵਿਭਾਗ ਅੰਦਰੋਂ ਤੜਕੇ ਸਵੇਰੇ ਇਕ ਜੋੜੇ ਨੇ ਨਵਜਨਮਿਆ ਬੱਚਾ ਚੋਰੀ ਕਰ ਲਿਆ। ਚੋਰੀ ਤੋਂ ਪਹਿਲਾਂ ਉਨ੍ਹਾਂ ਨੇ ਬੇਹੋਸ਼ੀ ਦਾ ਸਪ੍ਰੇਅ ਕੀਤਾ ਸੀ। ਬੱਚੇ ਨੂੰ ਚੁੱਕਣ ’ਚ ਜੋੜੇ ਨੇ ਆਪਣੀ 8 ਸਾਲ ਦੀ ਧੀ ਦੀ ਵਰਤੋਂ ਕੀਤੀ। ਬੱਚਾ ਚੋਰੀ ਦੀ ਸੂਚਨਾ ਮਿਲਣ ਤੋਂ ਬਾਅਦ ਏ. ਡੀ. ਸੀ. ਪੀ. ਰਮਨਦੀਪ ਸਿੰਘ ਭੁੱਲਰ, ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸ਼ਰਮਾ ਪੁਲਸ ਪਾਰਟੀ ਦੇ ਨਾਲ ਪੁੱਜ ਗਏ। ਉਨ੍ਹਾਂ ਨੇ ਤੁਰੰਤ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ। ਉਨ੍ਹਾਂ ਨੂੰ ਮੁਲਜ਼ਮਾਂ ਦੀ ਫੁਟੇਜ ਮਿਲ ਗਈ, ਜਿਸ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਬੱਚਾ ਲੱਭਣ ਲਈ ਵੱਖ-ਵੱਖ ਟੀਮਾਂ ਲਗਾ ਦਿੱਤੀਆਂ। ਪੁਲਸ ਨੇ ਸਿਰਫ 12 ਘੰਟਿਆਂ ’ਚ ਕੇਸ ਹੱਲ ਕਰ ਕੇ ਨਵਜਨਮੇ ਬੱਚੇ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਤੇ ਚੋਰੀ ਕਰਨ ਵਾਲੇ ਜੋੜੇ ਨੂੰ ਵੀ ਕਾਬੂ ਕਰ ਲਿਆ ਹੈ। ਮੁਲਜ਼ਮ ਸਾਹਿਲ ਅਤੇ ਉਸ ਦੀ ਪਤਨੀ ਪ੍ਰੀਤੀ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ-2 ਵਿਚ ਪਰਚਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮ ਔਰਤ ਪ੍ਰੀਤੀ ਖ਼ੁਦ ਇਕ ਨਿੱਜੀ ਹਸਪਤਾਲ ’ਚ ਸਟਾਫ਼ ਨਰਸ ਹੈ। ਉਸ ਦਾ ਪਤੀ ਮਜ਼ਦੂਰੀ ਕਰਦਾ ਹੈ ਅਤੇ ਭਾਮੀਆਂ ਕਲਾਂ ਇਲਾਕੇ ’ਚ ਇਕ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਬੱਚੇ ਦਾ ਕਿਸੇ ਨਾਲ 5 ਲੱਖ ਰੁਪਏ ’ਚ ਸੌਦਾ ਕੀਤਾ ਸੀ। ਮੁਲਜ਼ਮ ਪ੍ਰੀਤੀ ਅਤੇ ਉਸ ਦੇ ਪਤੀ ਨੇ ਸਿਵਲ ਹਸਪਤਾਲ ਤੋਂ ਬੱਚਾ ਚੋਰੀ ਕਰਨ ਦੀ ਪੂਰੀ ਯੋਜਨਾ ਬਣਾਈ।
ਉਨ੍ਹਾਂ ਨੇ ਰਾਤ ਨੂੰ ਬੱਚਾ ਚੋਰੀ ਕਰਨ ਦੀ ਯੋਜਨਾ ਬਣਾ ਕੇ ਆਪਣੀ ਨਾਬਾਲਗ ਧੀ ਦਾ ਸਹਾਰਾ ਲਿਆ। ਉਨ੍ਹਾਂ ਨੇ ਧੀ ਦੇ ਬੀਮਾਰ ਹੋਣ ਦਾ ਬਹਾਨਾ ਬਣਾਇਆ ਅਤੇ ਉਸ ਦੇ ਟੈਸਟ ਕਰਵਾਉਣ ਲਈ ਦੇਰ ਰਾਤ ਨੂੰ ਆਪਣੀ ਨਾਬਾਲਗ ਧੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ। ਉਸ ਤੋਂ ਬਾਅਦ ਮੁਲਜ਼ਮ ਇਧਰ-ਉੱਧਰ ਘੁੰਮਦੇ ਰਹੇ ਅਤੇ ਸਟਾਫ਼ ਨਰਸ ਨੂੰ ਗੁੰਮਰਾਹ ਕਰ ਕੇ ਵਾਰਡ ’ਚ ਚਲੇ ਗਏ। ਇਸੇ ਦੌਰਾਨ ਮੁਲਜ਼ਮ ਪ੍ਰੀਤੀ, ਬੱਚੇ ਦੀ ਮਾਂ ਸ਼ਬਨਮ ਕੋਲ ਗਈ ਅਤੇ ਉੱਥੇ ਗੱਲਾਂ ਕਰਨ ਲੱਗੀ। ਇਕਦਮ ਉਹ ਬੱਚੇ ਨੂੰ ਖਿਡਾਉਣ ਦੇ ਬਹਾਨੇ ਬੱਚਾ ਲੈ ਕੇ ਉੱਥੋਂ ਨਿਕਲ ਗਈ। ਉਹ ਬੱਚਾ ਲੈ ਕੇ ਕੁੱਝ ਦੇਰ ਹਸਪਤਾਲ ਵਿਚ ਹੀ ਰੁਕੇ ਰਹੇ। ਸਿਰਫ ਇਹ ਚੈੱਕ ਕਰਨ ਲਈ ਕਿ ਕਿਸੇ ਨੇ ਰੌਲਾ ਪਾਇਆ ਜਾਂ ਨਹੀਂ। ਜਦੋਂ ਕੁੱਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਸਭ ਕੁੱਝ ਨਾਰਮਲ ਰਿਹਾ ਤਾਂ ਮੁਲਜ਼ਮ ਬੱਚੇ ਨੂੰ ਲੈ ਕੇ ਬਾਹਰ ਨਿਕਲ ਗਏ ਅਤੇ ਬਾਹਰ ਆਪਣੇ ਬਾਈਕ ’ਤੇ ਬੈਠ ਕੇ ਮੁਲਜ਼ਮ ਫ਼ਰਾਰ ਹੋ ਗਏ ਸਨ।
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਤੱਕ ਪੁੱਜੀ ਪੁਲਸ
ਸਭ ਤੋਂ ਪਹਿਲਾਂ ਪੁਲਸ ਨੇ ਸਿਵਲ ਹਸਪਤਾਲ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ, ਜਿੱਥੋਂ ਪੁਲਸ ਨੂੰ ਇਹ ਪਤਾ ਲੱਗਾ ਕਿ ਬੱਚਾ ਚੋਰੀ ਕਰਨ ’ਚ ਜੋੜਾ ਅਤੇ ਉਸ ਦੇ ਨਾਲ ਇਕ ਬੱਚੀ ਵੀ ਸ਼ਾਮਲ ਹੈ। ਇਸ ਤੋਂ ਬਾਅਦ ਹਸਪਤਾਲ ਦੇ ਬਾਹਰ ਕੈਮਰੇ ਦੇਖੇ ਗਏ, ਜਿਸ ਵਿਚ ਮੁਲਜ਼ਮ ਬਾਈਕ ’ਤੇ ਜਾਂਦੇ ਹੋਏ ਨਜ਼ਰ ਆਏ। ਹੋਰ ਫੁਟੇਜ ’ਚ ਪੁਲਸ ਨੂੰ ਬਾਈਕ ਦਾ ਨੰਬਰ ਮਿਲ ਗਿਆ, ਜਿਸ ਤੋਂ ਬਾਅਦ ਪੁਲਸ ਉਕਤ ਨੰਬਰ ਦੀ ਮਦਦ ਨਾਲ ਮੁਲਜ਼ਮਾਂ ਤੱਕ ਪੁੱਜ ਗਈ। ਮੁਲਜ਼ਮ ਘਰ ਵਿਚ ਹੀ ਬੱਚੇ ਨੂੰ ਲੈ ਕੇ ਬੈਠ ਹੋਏ ਸਨ।
ਇਹ ਵੀ ਪੜ੍ਹੋ : ਮਲੋਆ ਦੇ ਫਲੈਟਾਂ 'ਚ ਰਹਿਣ ਵਾਲੇ ਲੋਕ ਜ਼ਰਾ ਧਿਆਨ ਦੇਣ, ਗਰਾਊਂਡ ਫਲੋਰ 'ਤੇ ਰਹਿਣਾ ਪਵੇਗਾ ਮਹਿੰਗਾ
5 ਲੱਖ ’ਚ ਬੱਚੇ ਨੂੰ ਵੇਚਣ ਦਾ ਸੌਦਾ ਹੋਇਆ ਸੀ ਤੈਅ
ਪਤਾ ਲੱਗਾ ਹੈ ਕਿ ਮੁਲਜ਼ਮ ਸਾਹਿਲ ਅਤੇ ਉਸ ਦੀ ਪਤਨੀ ਪ੍ਰੀਤੀ ਨੇ ਬੱਚੇ ਨੂੰ ਵੇਚਣਾ ਸੀ। ਉਨ੍ਹਾਂ ਨੇ ਕਿਸੇ ਨਾਲ 5 ਲੱਖ ਰੁਪਏ ’ਚ ਸੌਦਾ ਕੀਤਾ ਹੋਇਆ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪ੍ਰੀਤੀ ਨੂੰ ਹਸਪਤਾਲ ’ਚ ਹੀ ਕੋਈ ਮਿਲਿਆ ਸੀ, ਜਿਸ ਨੇ ਬੱਚਾ ਖ਼ਰੀਦਣ ਲਈ 5 ਲੱਖ ਰੁਪਏ ਦੇਣ ਦਾ ਝਾਂਸਾ ਦਿੱਤਾ ਸੀ। ਅਜੇ ਇਕ-ਦੋ ਦਿਨ ਤੱਕ ਬੱਚੇ ਨੂੰ ਪ੍ਰੀਤੀ ਨੇ ਹੀ ਸੰਭਾਲਣਾ ਸੀ ਅਤੇ ਉਸ ਤੋਂ ਬਾਅਦ ਖ਼ਰੀਦਦਾਰ ਨੇ ਬੱਚਾ ਲੈ ਕੇ ਜਾਣਾ ਸੀ। ਪੁਲਸ ਹੁਣ ਇਹ ਜਾਂਚ ਕਰਨ ’ਚ ਜੁੱਟੀ ਹੈ ਕਿ ਬੱਚਾ ਕਿਸ ਨੇ ਖਰੀਦਣਾ ਸੀ ਅਤੇ ਇਸ ਤੋਂ ਪਹਿਲਾਂ ਵੀ ਅਜਿਹੀ ਕੋਈ ਵਾਰਦਾਤ ਹੋਈ ਜਾਂ ਨਹੀਂ। ਪੁਲਸ ਨੂੰ ਸ਼ੱਕ ਹੈ ਕਿ ਕਿਤੇ ਪ੍ਰੀਤੀ ਅਤੇ ਉਸ ਦਾ ਪਤੀ ਬੱਚੇ ਚੋਰੀ ਕਰ ਕੇ ਵੇਚਣ ਵਾਲੇ ਗਿਰੋਹ ਨਾਲ ਤਾਂ ਨਹੀਂ ਮਿਲੇ ਹੋਏ।
ਇਸ ਤਰ੍ਹਾਂ ਵਾਪਰੀ ਸੀ ਘਟਨਾ, ਪਰਿਵਾਰ ਨੇ ਹਸਪਤਾਲ ਸਟਾਫ਼ ’ਤੇ ਲਾਏ ਦੋਸ਼
ਬੱਚੇ ਦੀ ਭੂਆ ਮੁਤਾਬਕ ਵੀਰਵਾਰ ਨੂੰ ਸ਼ਬਨਮ ਹਸਪਤਾਲ ’ਚ ਦਾਖ਼ਲ ਹੋਈ ਸੀ। ਰਾਤ ਨੂੰ ਉਸ ਦੀ ਸਰਜਰੀ ਹੋਈ ਸੀ ਅਤੇ ਮੁੰਡਾ ਪੈਦਾ ਹੋਇਆ ਸੀ। ਸੋਮਵਾਰ ਤੜਕੇ ਸਾਰੇ ਸੁੱਤੇ ਹੋਏ ਸਨ। ਤੜਕੇ ਕਰੀਬ 3 ਵਜੇ ਇਕ ਔਰਤ ਸ਼ਬਨਮ ਕੋਲ ਆਈ ਅਤੇ ਉਸ ਨੂੰ ਗੱਲਾਂ ’ਚ ਲਗਾ ਲਿਆ। ਔਰਤ ਨੇ ਕੁੱਝ ਸਪ੍ਰੇਅ ਕੀਤਾ। ਇਸ ਤੋਂ ਬਾਅਦ ਬੱਚੇ ਨੂੰ ਖਿਡਾਉਣ ਬਹਾਨੇ ਗੋਦ ’ਚ ਚੁੱਕ ਲਿਆ। ਇਸ ਤੋਂ ਬਾਅਦ ਜਦੋਂ ਸ਼ਬਨਮ ਅਤੇ ਹੋਰ ਨੀਂਦ ’ਚ ਚਲੇ ਗਏ ਤਾਂ ਔਰਤ ਬੱਚਾ ਲੈ ਕੇ ਚੁੱਪ-ਚਾਪ ਖ਼ਿਸਕ ਗਈ। ਪਰਿਵਾਰ ਦਾ ਦੋਸ਼ ਹੈ ਕਿ ਜਦੋਂ ਉਨ੍ਹਾਂ ਨੇ ਹਸਪਤਾਲ ਦੀਆਂ ਨਰਸਾਂ ਨੂੰ ਇਹ ਦੱਸਿਆ ਤਾਂ ਉਹ ਉਲਟਾ ਉਨ੍ਹਾਂ ਨੂੰ ਗਲਤ ਬੋਲਣ ਲੱਗੀਆਂ ਅਤੇ ਕਹਿਣ ਲੱਗੀਆਂ ਦੀ ਬੱਚਾ ਚੋਰੀ ਹੋਇਆ ਤਾਂ ਫਿਰ ਕੀ ਹੋਇਆ। ਦੂਜਾ ਕਰ ਲੈਣਾ। ਇਸ ਤੋਂ ਇਲਾਵਾ ਪਰਿਵਾਰ ਦਾ ਦੋਸ਼ ਹੈ ਕਿ ਮੌਕੇ ’ਤੇ ਸਭ ਤੋਂ ਪਹਿਲਾਂ ਪੁੱਜੇ ਚੌਂਕੀ ਪੁਲਸ ਦੇ ਇਕ ਮੁਲਾਜ਼ਮ ਨੇ ਉਨ੍ਹਾਂ ਨੂੰ ਥੱਪੜ ਮਾਰਨ ਅਤੇ ਥਾਣੇ ’ਚ ਦੇਣ ਲਈ ਧਮਕਾਇਆ ਸੀ। ਇਸ ਤੋਂ ਬਾਅਦ ਜਦੋਂ ਵੱਡੇ ਅਧਿਕਾਰੀ ਆਏ ਤਾਂ ਉਨ੍ਹਾਂ ਦੀ ਸੁਣਵਾਈ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ