ਖੁੱਡਾ ਲਾਹੌਰਾ ''ਚ ਮਿਲੀ ਨਵਜੰਮੀ ਬੱਚੀ ਦੀ ਲਾਸ਼, ਕੇਸ ਦਰਜ
Sunday, Jun 24, 2018 - 05:04 AM (IST)
ਚੰਡੀਗੜ੍ਹ, (ਸੁਸ਼ੀਲ)- ਖੁੱਡਾ ਲਾਹੌਰਾ ਸਥਿਤ ਨੰਦਾ ਫ਼ਾਰਮ ਹਾਊਸ ਕੋਲ ਨਵਜੰਮੀ ਬੱਚੀ ਦੀ ਲਾਸ਼ ਸ਼ਨੀਵਾਰ ਸਵੇਰੇ ਪਈ ਮਿਲੀ । ਰਾਹਗੀਰ ਰਾਜੂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ । ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ।
ਸੈਕਟਰ-11 ਥਾਣਾ ਪੁਲਸ ਨੇ ਰਾਜੂ ਦੀ ਸ਼ਿਕਾਇਤ 'ਤੇ ਬੱਚੀ ਦੇ ਅਣਪਛਾਤੇ ਮਾਤਾ-ਪਿਤਾ ਖਿਲਾਫ ਮਾਮਲਾ ਦਰਜ ਕਰ ਲਿਆ । ਰਾਜੂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਉਹ ਨੰਦਾ ਫ਼ਾਰਮ ਹਾਊਸ ਦੇ ਨੇੜੇ ਜਾ ਰਿਹਾ ਸੀ ਤਾਂ ਉਸ ਨੂੰ ਕੱਪੜੇ 'ਚ ਲਪੇਟੀ ਹੋਈ ਨਵਜੰਮੀ ਬੱਚੀ ਦਿਖਾਈ ਦਿੱਤੀ ।
ਪੁਲਸ ਨੇ ਆਸ-ਪਾਸ ਲੋਕਾਂ ਤੋਂ ਬੱਚੀ ਬਾਰੇ ਪੁੱਛਿਆ ਪਰ ਬੱਚੀ ਨੂੰ ਸੁੱਟਣ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਿਆ । ਸੈਕਟਰ-11 ਥਾਣਾ ਪੁਲਸ ਖੁੱਡਾ ਲਾਹੌਰਾ ਵਿਚ ਦਾਈ ਤੇ ਪ੍ਰਾਈਵੇਟ ਡਾਕਟਰਾਂ ਤੋਂ ਪਤਾ ਕਰ ਰਹੀ ਹੈ ਕਿ ਇਕ ਦਿਨ ਪਹਿਲਾਂ ਕਿਹੜੀ-ਕਿਹੜੀ ਔਰਤ ਦੀ ਡਲਿਵਰੀ ਹੋਈ ਹੈ । ਸੈਕਟਰ-11 ਥਾਣੇ ਦੇ ਕਾਰਜਕਾਰੀ ਐੱਸ. ਐੱਚ. ਓ. ਰਾਮਰਤਨ ਸ਼ਰਮਾ ਨੇ ਦੱਸਿਆ ਕਿ ਨਵਜੰਮੀ ਬੱਚੀ ਬਾਰੇ ਰਾਜੂ ਨੇ ਜਾਣਕਾਰੀ ਦਿੱਤੀ ਸੀ । ਪੁਲਸ ਵਲੋਂ ਮਾਮਲਾ ਦਰਜ ਕਰਕੇ ਬੱਚੀ ਨੂੰ ਸੁੱਟਣ ਵਾਲੇ ਮਾਤਾ-ਪਿਤਾ ਦੀ ਭਾਲ ਕੀਤੀ ਜਾ ਰਹੀ ਹੈ ।