ਨਵਜੰਮੇ  ਬੱਚੇ ਦੀ ਹਸਪਤਾਲ ''ਚ ਮੌਤ, ਸਟਾਫ ''ਤੇ ਲੱਗਾ ਲਾਪਰਵਾਹੀ ਦਾ ਦੋਸ਼

02/27/2020 6:59:06 PM

ਭਵਾਨੀਗੜ,(ਵਿਕਾਸ) : ਭਵਾਨੀਗੜ ਦੇ ਸਰਕਾਰੀ ਹਸਪਤਾਲ 'ਚ ਦੋ ਦਿਨਾਂ ਦੇ ਬੱਚੇ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਬੱਚੇ ਦੀ ਮੌਤ ਦੇ ਜ਼ਿੰਮੇਵਾਰ ਹਸਪਤਾਲ ਦੇ ਸਟਾਫ ਨੂੰ ਠਹਿਰਾਇਆ ਤੇ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ। ਓਧਰ ਦੂਜੇ ਪਾਸੇ ਬੱਚੇ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸ਼ਨ ਜਾਂਚ ਕਰਵਾਉਣ ਦੀ ਗੱਲ ਆਖ ਕੇ ਆਪਣਾ ਪੱਲਾ ਝਾੜਦਾ ਨਜ਼ਰ ਆ ਰਿਹਾ ਹੈ।

ਕੀ ਹੈ ਪੂਰਾ ਮਾਮਲਾ
ਇਸ ਮੌਕੇ ਬੱਚੇ ਦੇ ਪਿਤਾ ਬਾਬੂ ਖਾਨ ਪੁੱਤਰ ਜਗਰੂਪ ਖਾਨ ਵਾਸੀ ਪਿੰਡ ਸਕਰੌਦੀ ਸਮੇਤ ਪਰਿਵਾਰ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉਸਦੀ ਪਤਨੀ ਨੇ ਭਵਾਨੀਗੜ ਦੇ ਸਰਕਾਰੀ ਹਸਪਤਾਲ 'ਚ ਇਕ ਲੜਕੇ ਨੂੰ ਜਨਮ ਦਿੱਤਾ ਸੀ, ਜਨਮ ਤੋਂ ਬਾਅਦ ਉਨ੍ਹਾਂ ਦਾ ਬੱਚਾ ਬਿਲਕੁੱਲ ਤੰਦਰੁਸਤ ਸੀ। ਪਰਿਵਾਰ ਮੁਤਾਬਕ ਬੱਚੇ ਨੂੰ ਬੁੱਧਵਾਰ ਵਾਲੇ ਦਿਨ ਡਾਕਟਰਾਂ ਨੇ ਦਵਾਈ ਦਿੱਤੀ ਸੀ ਤੇ ਰਾਤ ਸਮੇਂ ਅਚਾਨਕ ਬੱਚੇ ਦੀ ਹਾਲਤ ਵਿਗੜ ਗਈ, ਜਿਸ ਦੌਰਾਨ ਉਨ੍ਹਾਂ ਨੇ ਤੁਰੰਤ ਮੌਕੇ 'ਤੇ ਮੌਜੂਦ ਸਟਾਫ ਨਰਸ ਨੂੰ ਬੁਲਾ ਕੇ ਇਸ ਬਾਰੇ ਦੱਸਿਆ ਤਾਂ ਨਰਸ ਨੇ ਡਿਊਟੀ 'ਤੇ ਹਾਜ਼ਰ ਸਟਾਫ ਨੂੰ ਬਲਾਉਣ ਦੀ ਗੱਲ ਆਖੀ। ਪਰਿਵਾਰ ਦਾ ਦੋਸ਼ ਹੈ ਕਿ ਨਰਸ ਦੇ ਬੁਲਾਉਣ 'ਤੇ ਵੀ ਅਜਿਹੀ ਹੰਗਾਮੀ ਹਾਲਤ 'ਚ ਡਿਊਟੀ ਡਾਕਟਰ ਉਨ੍ਹਾਂ ਦੇ ਬੱਚੇ ਨੂੰ ਦੇਖਣ ਤੱਕ ਨਹੀਂ ਪਹੁੰਚਿਆ, ਸਗੋਂ ਸਟਾਫ ਨਰਸ ਨੇ ਜੁਬਾਨੀ ਕਲਾਮੀ ਪਰਿਵਾਰ ਨੂੰ ਛੇਤੀ ਨਾਲ ਉਨ੍ਹਾਂ ਦੇ ਨੀਲੇ ਪੈ ਚੁੱਕੇ ਬੱਚੇ ਨੂੰ ਕਿਸੇ ਨਿਜੀ ਹਸਪਤਾਲ 'ਚ ਲਿਜਾਣ ਲਈ ਕਹਿ ਦਿੱਤਾ, ਜਿੱਥੇ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਦੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਐਸ. ਐਮ. ਓ. ਡਾ. ਪ੍ਰਵੀਨ ਕੁਮਾਰ ਨੇ ਕਿਹਾ ਕਿ ਮਾਮਲੇ ਸਬੰਧੀ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ 'ਤੇ ਜਾਂਚ ਕੀਤੀ ਜਾਵੇਗੀ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਵੀ ਕੀਤੀ ਜਾਵੇਗੀ। ਓਧਰ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਆਖਿਆ ਕਿ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਦੋ ਕੁੜੀਆਂ ਤੋਂ ਬਾਅਦ ਹੋਇਆ ਸੀ ਮੁੰਡਾ :
ਬੱਚੇ ਦੇ ਪਿਤਾ ਬੱਬੂ ਖਾਨ ਨੇ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰਦਾ ਹੈ ਤੇ ਤੰਗੀਆਂ 'ਚ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਹੈ। ਉਸ ਦੇ ਪਹਿਲਾਂ ਦੋ ਕੁੜੀਆਂ ਹਨ ਤੇ ਹੁਣ ਬਹੁਤ ਮੁਰਾਦਾਂ ਨਾਲ ਉਸ ਦੇ ਘਰ ਲੜਕਾ ਪੈਦਾ ਹੋਇਆ ਸੀ, ਜਿਸ ਨੂੰ ਡਾਕਟਰਾਂ ਦੀ ਅਣਗਹਿਲੀ ਨੇ ਉਸ ਕੋਲੋਂ ਖੋਹ ਲਿਆ। ਪੀੜ੍ਹਤ ਪਰਿਵਾਰ ਨੇ ਅਣਗਹਿਲੀ ਦਿਖਾਉਣ ਵਾਲੇ ਡਾਕਟਰ ਸਟਾਫ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਮੈਨੂੰ ਕਿਸੇ ਨੇ ਨਹੀਂ ਬੁਲਾਇਆ : ਡਾਕਟਰ
ਘਟਨਾ ਸਮੇਂ ਐਮਰਜੈਂਸੀ ਡਿਊਟੀ 'ਤੇ ਹਾਜ਼ਰ ਡਾਕਟਰ ਵਿਕਰਮਪਾਲ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਮੈਨੂੰ ਕਿਸੇ ਨੇ ਵੀ ਬੱਚੇ ਦੀ ਹਾਲਤ ਸਬੰਧੀ ਸੂਚਿਤ ਨਹੀਂ ਕੀਤਾ। ਉਹ ਬੁੱਧਵਾਰ ਰਾਤ ਨੂੰ ਵੀ ਮਰੀਜ਼ ਦੇਖ ਕੇ ਗਏ ਸਨ, ਜੇਕਰ ਉਨ੍ਹਾਂ ਨੂੰ ਕਿਸੇ ਨੇ ਮੌਕੇ 'ਤੇ ਬੁਲਾਇਆ ਹੁੰਦਾ ਤਾਂ ਉਹ ਬੱਚੇ ਨੂੰ ਜ਼ਰੂਰ ਦੇਖਦੇ।


Related News