ਨਗਰ ਨਿਗਮ ਅਫਸਰਾਂ ਨੂੰ ਨਵੀਆਂ ਗੱਡੀਆਂ ਲਈ ਕਰਨੀ ਪਵੇਗੀ ਉਡੀਕ
Friday, Jul 27, 2018 - 01:18 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵਲੋਂ ਰੱਖੀਆਂ ਗਈਆਂ ਕੰਡਮ ਗੱਡੀਆਂ ਦੀ ਬੋਲੀ ਦੌਰਾਨ ਖਰੀਦਦਾਰ ਨਾ ਮਿਲਣ ਕਾਰਨ ਅਧਿਕਾਰੀਆਂ ਨੂੰ ਫਿਲਹਾਲ ਨਵੇਂ ਵਾਹਨਾਂ ਲਈ ਉਡੀਕ ਕਰਨੀ ਪਵੇਗੀ। ਇਸ ਮਾਮਲੇ 'ਚ ਵਰਕਸ਼ਾਪ ਬ੍ਰਾਂਚ ਵਲੋਂ ਰਿਪੋਰਟ ਤਿਆਰ ਕੀਤੀ ਗਈ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਦਿੱਤੀਆਂ ਗਈਆਂ ਗੱਡੀਆਂ ਆਊਟ ਡੇਟਿਡ ਜਾਂ ਕੰਡਮ ਹੋ ਗਈਆਂ ਹਨ, ਇਨ੍ਹਾਂ 'ਚ ਅੰਬੈਸਡਰ ਤੇ ਜਿਪਸੀ ਸ਼ਾਮਲ ਹਨ, ਜਿਸ ਦੇ ਮੱਦੇਨਜ਼ਰ ਕਈ ਅਧਿਕਾਰੀਆਂ ਨੂੰ ਕਿਰਾਏ 'ਤੇ ਇਨੋਵਾ ਗੱਡੀਆਂ ਨੂੰ ਲੈ ਕੇ ਦਿੱਤੀਆਂ ਗਈਆਂ ਹਨ।
ਪਰ ਮੇਅਰ ਨੇ ਨਗਰ ਨਿਗਮ ਦਾ ਖਜ਼ਾਨਾ ਖਾਲੀ ਹੋਣ ਦਾ ਹਵਾਲਾ ਦਿੰਦੇ ਹੋਏ ਨਵੀਆਂ ਗੱਡੀਆਂ ਦੀ ਖਰੀਦ ਲਈ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਮੇਅਰ ਨੇ ਪੁਰਾਣੀਆਂ ਗੱਡੀਆਂ ਤੇ ਸਕ੍ਰੈਪ ਵੇਚ ਕੇ ਆਉਣ ਵਾਲੇ ਪੈਸੇ ਨਾਲ ਨਵੇਂ ਵਾਹਨ ਖਰੀਦਣ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ। ਇਸ ਸਬੰਧ 'ਚ ਅਧਿਕਾਰੀਆਂ 'ਤੇ ਕੌਂਸਲਰਾਂ ਦੀ ਕਮੇਟੀ ਬਣਾ ਕੇ ਜੋ ਬੋਲੀ ਰੱਖੀ ਗਈ, ਉਸ 'ਚ ਸ਼ਾਮਲ ਹੋਏ ਲੋਕਾਂ ਨੇ ਇਹ ਕਹਿ ਕੇ ਕੰਡਮ ਗੱਡੀਆਂ ਤੇ ਸਕ੍ਰੈਪ ਖਰੀਦਣ ਤੋਂ ਇਨਕਾਰ ਕਰ ਦਿਤਾ ਕਿ ਇਸ ਦੀ ਰਿਜ਼ਰਵ ਪ੍ਰਾਈਜ਼ ਮਾਰਕਿਟ ਰੇਟ ਤੋਂ ਕਾਫੀ ਵੱਧ ਹੈ ਅਤੇ ਉੱਪਰੋਂ ਜੀ. ਐੱਸ. ਟੀ. ਵੀ ਲੱਗ ਜਾਂਦਾ ਹੈ।
