ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ ਨਵਾਂ ਮੋੜ, ਧੋਖੇ ਨਾਲ ਕਰਵਾ 'ਤਾ ਸਸਕਾਰ, ਮੁਲਜ਼ਮਾਂ ਨੇ ਲਾਈਵ ਹੋ ਖੋਲ੍ਹੇ ਵੱਡੇ ਰਾਜ਼
Monday, Aug 21, 2023 - 03:00 PM (IST)
ਜਲੰਧਰ (ਵਰੁਣ)- ਮੀਡੀਆ ਕਰਮਚਾਰੀ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ’ਚ ਹੁਣ ਨਵਾਂ ਮੋੜ ਆ ਗਿਆ ਹੈ। ਦਰਅਸਲ ਰਵੀ ਗਿੱਲ ਦੀ ਖ਼ੁਦਕੁਸ਼ੀ ਮਾਮਲੇ ਵਿਚ ਪੁਲਸ ਦੀ ਲਾਪ੍ਰਵਾਹੀ ਕਾਰਨ ਮਾਮਲਾ ਫਿਰ ਭਖ ਗਿਆ ਹੈ। ਪੁਲਸ ਨੇ ਨਾਮਜ਼ਦ ਭੈਣ-ਭਰਾਵਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰਦਿਆਂ ਪੀੜਤ ਪਰਿਵਾਰ ਨੂੰ ਰਵੀ ਗਿੱਲ ਦਾ ਅੰਤਿਮ ਸੰਸਕਾਰ ਕਰਨ ਲਈ ਮਨਾ ਲਿਆ। ਰਵੀ ਗਿੱਲ ਦਾ ਸਸਕਾਰ ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਪੁਲਸ ਨੇ ਮੀਡੀਆ ਨੂੰ ਇਹ ਵੀ ਦੱਸਿਆ ਕਿ ਕੀਰਤੀ ਗਿੱਲ ਅਤੇ ਉਸ ਦਾ ਭਰਾ ਸ਼ੁਭਮ ਗ੍ਰਿਫ਼ਤਾਰ ਹੋ ਚੁੱਕੇ ਹਨ ਪਰ ਸ਼ਾਮ 7 ਵਜੇ ਦੇ ਕਰੀਬ ਕੀਰਤੀ ਗਿੱਲ, ਉਸ ਦਾ ਭਰਾ ਸ਼ੁਭਮ ਗਿੱਲ ਅਤੇ ਗੋਰਾ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ।
ਜਿਵੇਂ ਹੀ ਰਵੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਕਿ ਪੁਲਸ ਨੇ ਝੂਠ ਬੋਲ ਕੇ ਉਸ ਦਾ ਅੰਤਿਮ ਸੰਸਕਾਰ ਕਰਵਾਇਆ ਹੈ ਤਾਂ ਉਹ ਭੜਕ ਉੱਠੇ। ਪੀੜਤ ਪਰਿਵਾਰ ਅਤੇ ਸਮਰਥਕਾਂ ਨੇ ਭੂਰ ਮੰਡੀ ਦੇ ਸਾਹਮਣੇ ਦੋਵੇਂ ਪਾਸੇ ਜਾਮ ਲਾ ਦਿੱਤਾ ਅਤੇ ਸਾਰੀ ਆਵਾਜਾਈ ਰੋਕ ਦਿੱਤੀ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਖ਼ੀਰ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਅਤੇ ਹੋਰ ਉੱਚ ਅਧਿਕਾਰੀ ਪੀੜਤ ਪਰਿਵਾਰ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ। ਰਵੀ ਗਿੱਲ ਦੇ ਭਰਾ ਰਾਮ ਗਿੱਲ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਐਤਵਾਰ ਨੂੰ ਕਿਹਾ ਸੀ ਕਿ ਕੀਰਤੀ ਗਿੱਲ ਅਤੇ ਉਸ ਦਾ ਭਰਾ ਸ਼ੁਭਮ ਗਿੱਲ ਉਨ੍ਹਾਂ ਦੀ ਹਿਰਾਸਤ ’ਚ ਹਨ। ਪੁਲਸ ਦੀਆਂ ਗੱਲਾਂ ’ਤੇ ਯਕੀਨ ਕਰਦਿਆਂ ਉਨ੍ਹਾਂ ਨੇ ਰਵੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਦੁਪਹਿਰ ਬਾਅਦ ਥਾਣਾ ਨਵੀਂ ਬਾਰਾਂਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਵੀ ਮੀਡੀਆ ਨੂੰ ਦੱਸਿਆ ਕਿ ਕੀਰਤੀ ਗਿੱਲ ਅਤੇ ਸ਼ੁਭਮ ਗਿੱਲ ਗ੍ਰਿਫ਼ਤਾਰ ਹੋ ਚੁੱਕੇ ਹਨ। ਰਾਮ ਗਿੱਲ ਨੇ ਦੱਸਿਆ ਕਿ ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਤਿੰਨੋਂ ਦੇਰ ਸ਼ਾਮ 7 ਵਜੇ ਫੇਸਬੁੱਕ 'ਤੇ ਲਾਈਵ ਹੋ ਗਏ।
ਇਹ ਵੀ ਪੜ੍ਹੋ- ਲੇਹ ਲੱਦਾਖ ’ਚ ਸ਼ਹੀਦ ਹੋਏ 9 ਜਵਾਨਾਂ ’ਚ ਪੰਜਾਬ ਦੇ 2 ਜਵਾਨ ਵੀ ਸ਼ਾਮਲ, CM ਮਾਨ ਨੇ ਜਤਾਇਆ ਦੁੱਖ਼
ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਪਰ ਉਸ ਨੂੰ ਲਗਾਤਾਰ ਫੋਨ ਆਉਣ ਲੱਗੇ। ਅਜਿਹੇ ’ਚ ਉਨ੍ਹਾਂ ਨੇ ਥਾਣਾ ਚਾਰ ਦੇ ਇੰਚਾਰਜ ਮੁਕੇਸ਼ ਕੁਮਾਰ ਨੂੰ ਫੋਨ ਕੀਤਾ। ਉਸ ਨੇ ਫਿਰ ਉਨ੍ਹਾਂ ਨੂੰ ਧੋਖੇ ’ਚ ਰੱਖਿਆ ਅਤੇ ਥਾਣੇ ਆ ਕੇ ਕੀਰਤੀ ਅਤੇ ਸ਼ੁਭਮ ਨੂੰ ਵਿਖਾਉਣ ਦਾ ਵਾਅਦਾ ਕੀਤਾ, ਜਦੋਂ ਉਹ ਥਾਣੇ ਪੁੱਜੇ ਤਾਂ ਥਾਣੇ ਦਾ ਗੇਟ ਬੰਦ ਸੀ। ਸੰਤਰੀ ਨੂੰ ਕਹਿਣ 'ਤੇ ਵੀ ਉਸ ਨੇ ਗੇਟ ਨਹੀਂ ਖੋਲ੍ਹਿਆ, ਜਦੋਂ ਉਹ ਥਾਣਾ ਨਵੀਂ ਬਾਰਾਦਰੀ ਵਿਖੇ ਪੁੱਜੇ ਤਾਂ ਉਥੇ ਵੀ ਉਨ੍ਹਾਂ ਨੂੰ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਜਿਹੇ ’ਚ ਰਵੀ ਗਿੱਲ ਦੇ ਪਰਿਵਾਰ ਅਤੇ ਸਮਰਥਕਾਂ ਨੇ ਭੂਰ ਮੰਡੀ ਦੇ ਸਾਹਮਣੇ ਹਾਈਵੇਅ ’ਤੇ ਧਰਨਾ ਲਾ ਦਿੱਤਾ। ਧਰਨਾ ਸ਼ੁਰੂ ਹੁੰਦੇ ਹੀ ਅੰਮ੍ਰਿਤਸਰ ਅਤੇ ਦਿੱਲੀ ਨੂੰ ਆਉਣ ਵਾਲੀ ਆਵਾਜਾਈ ਠੱਪ ਹੋ ਗਈ ਅਤੇ ਲੰਮਾ ਜਾਮ ਲੱਗ ਗਿਆ। ਰਾਮ ਗਿੱਲ ਨੇ ਕਿਹਾ ਕਿ ਪੁਲਸ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ ਅਤੇ ਹੁਣ ਉਹ ਉਦੋਂ ਤੱਕ ਧਰਨਾ ਨਹੀਂ ਚੁੱਕਣਗੇ ਜਦੋਂ ਤੱਕ ਉਪਰੋਕਤ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਨਹੀਂ ਕੀਤਾ ਜਾਂਦਾ। ਲਾਈਵ ਹੁੰਦੇ ਹੋਏ ਕੀਰਤੀ ਨੇ ਇਕ ਪੁਲਸ ਅਧਿਕਾਰੀ ਨਾਲ ਵੀ ਗੱਲ ਕੀਤੀ ਜੋ ਪੁਲਸ ਨੂੰ ਆਪਣੀ ਲੋਕੇਸ਼ਨ ਦੱਸ ਰਹੀ ਸੀ। ਤਿੰਨਾਂ ਨੂੰ ਚੁੱਕਣ ਲਈ ਇਕ ਟੀਮ ਜਲੰਧਰ ਤੋਂ ਲੁਧਿਆਣਾ ਲਈ ਰਵਾਨਾ ਹੋਈ ਪਰ ਰਾਮ ਗਿੱਲ ਆਪਣੇ ਪਰਿਵਾਰ ਤੇ ਸਮਰਥਕਾਂ ਸਮੇਤ ਧਰਨੇ ’ਤੇ ਬੈਠ ਗਿਆ। ਇਸ ਦੇ ਬਾਅਦ ਪੁਲਸ ਨੇ ਕੀਰਤੀ ਗਿੱਲ, ਸ਼ੁੱਭਮ ਗਿੱਲ ਅਤੇ ਗੋਰਾ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਚੌਥਾ ਸਾਥੀ ਰਾਜੇਸ਼ ਫਰਾਰ ਸੀ।
ਧਰਨਾ ਚੁੱਕਵਾਉਣ ਲਈ ਵਿਧਾਇਕ ਰਮਨ ਅਰੋੜਾ ਨੇ ਰਾਮ ਗਿੱਲ ਨੂੰ ਫੋਨ ਕਰਕੇ ਤਿੰਨਾਂ ਲੋਕਾਂ ਦੀ ਗ੍ਰਿਫ਼ਤਾਰੀ ਬਾਰੇ ਦੱਸਿਆ ਪਰ ਰਾਮ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਤਾਂ ਪੁਲਸ ਨੂੰ ਦੇਖ ਕੇ ਭੀੜ ਭੜਕ ਗਈ ਤੇ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੌਕੇ ’ਤੇ ਵਿਧਾਇਕ ਰਮਨ ਅਰੋੜਾ, ਸੀਨੀ. ਕਾਂਗਰਸੀ ਆਗੂ ਸੁਦੇਸ਼ ਵਿੱਜ ਨੇ ਪੀੜਤ ਪਰਿਵਾਰ ਨਾਲ ਧਰਨੇ ’ਚ ਸ਼ਿਰਕਤ ਕੀਤੀ । ਲੋਕ ਗ੍ਰਿਫਤਾਰੀਆਂ ਬਾਰੇ ਝੂਠ ਬੋਲਣ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਮੰਗ ਨੂੰ ਲੈ ਕੇ ਅੜੇ ਰਹੇ। ਧਰਨੇ ਕਾਰਨ ਲੰਬਾ ਜਾਮ ਵੀ ਲੱਗ ਗਿਆ। ਇਸ ਦੌਰਾਨ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਖ਼ੁਦ ਮੌਕੇ ’ਤੇ ਪੁੱਜੇ। ਅੱਧੀ ਦਰਜਨ ਤੋਂ ਵੱਧ ਥਾਣਿਆਂ ਦੇ ਐੱਸ. ਐੱਚ. ਓਜ਼, ਡੀ. ਸੀ. ਪੀ. ਅੰਕੁਰ ਗੁਪਤਾ, ਏ. ਡੀ. ਸੀ. ਪੀ. ਹਰਿੰਦਰ ਸਿੰਘ ਗਿੱਲ ਸਮੇਤ ਕਈ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। ਸੀ.ਪੀ. ਚਾਹਲ ਨੇ ਰਾਮ ਗਿੱਲ ਦੀ ਸਾਰੀ ਗੱਲ ਸੁਣੀ। ਉਨ੍ਹਾਂ ਆਪਣੇ ਮੋਬਾਇਲ ਤੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਸਵੇਰ ਤੱਕ ਚੌਥੇ ਨਾਮਜ਼ਦ ਪੱਤਰਕਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਜਲੰਧਰ ਦੀ ਹੈਰਾਨੀਜਨਕ ਘਟਨਾ, ਲਾਸ਼ ਦਾ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਨੇ ਜ਼ਰੂਰੀ ਸਮਝੀ ਸ਼ਰਾਬ ਪੀਣੀ
ਰਾਮ ਗਿੱਲ ਨੇ ਸੀ. ਪੀ. ਨੂੰ ਕਿਹਾ ਕਿ ਉਨ੍ਹਾਂ ਨਾਲ ਝੂਠ ਬੋਲਣ ਵਾਲੇ ਪੁਲਸ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਵੇ। ਸੀ.ਪੀ. ਨੇ ਉਨ੍ਹਾਂ ਨੂੰ ਜਾਂਚ ਤੋਂ ਤੁਰੰਤ ਬਾਅਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪਰਿਵਾਰ ਨੂੰ ਭਰੋਸਾ ਦਿਵਾਉਣ ਲਈ ਸੀ.ਪੀ. ਨੇ ਵੀਡੀਓ ਕਾਲ ਕਰ ਕੇ ਤੇ ਲੁਧਿਆਣਾ ਹਾਈਵੇ ਤੋਂ ਜਲੰਧਰ ਲਿਆਂਦੇ ਜਾ ਰਹੇ ਤਿੰਨ ਵਿਅਕਤੀਆਂ ਦੀ ਪੁਲਸ ਹਿਰਾਸਤ ਨੂੰ ਦਿਖਾਇਆ। ਪੌਣੇ 10 ਵਜੇ ਹਾਈਵੇਅ ਤੋਂ ਧਰਨਾ ਚੁੱਕਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਜਾਮ ਖੁੱਲ੍ਹਵਾਉਣਾ ਸ਼ੁਰੂ ਕਰ ਦਿੱਤਾ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਹੁਣ ਝੂਠ ਬੋਲਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਜਿਸ ’ਤੇ ਸੀ. ਪੀ. ਨੇ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
33.24 ਮਿੰਟ ਦੇ ਲਾਈਵ ’ਚ ਖ਼ੁਦ ਨੂੰ ਬੇਕਸੂਰ ਦੱਸ ਰਹੇ ਸਨ ਤਿੰਨੋਂ
ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਸ਼ਾਮ 7 ਵਜੇ ਦੇ ਕਰੀਬ ਫੇਸਬੁੱਕ ਆਈ ਰਾਹੀਂ ਲਾਈਵ ਹੋਏ। ਉਹ 33.24 ਮਿੰਟ ਤੱਕ ਲਾਈਵ ਰਹੇ, ਜਿਸ ’ਚ ਕੀਰਤੀ ਗਿੱਲ, ਸ਼ੁਭਮ ਗਿੱਲ ਅਤੇ ਗੋਰਾ ਖ਼ੁਦ ਨੂੰ ਬੇਕਸੂਰ ਦੱਸ ਰਹੇ ਸਨ। ਕੀਰਤੀ ਨੇ ਦੱਸਿਆ ਕਿ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਵੀ 2 ਅਗਸਤ ਨੂੰ ਹਾਰਪਿਕ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਦੇ ਦਿਲ ’ਚ ਅਜਿਹਾ ਕੁਝ ਨਹੀਂ ਸੀ, ਜਿਸ ਕਾਰਨ ਉਸ ਨੇ ਪੁਲਸ ਨੂੰ ਸ਼ਿਕਾਇਤ ਨਹੀਂ ਕੀਤੀ। ਸ਼ੁਭਮ ਅਤੇ ਗੋਰਾ ਵੀ ਖ਼ੁਦ ਨੂੰ ਬੇਕਸੂਰ ਦੱਸਦੇ ਰਹੇ ਜਿਨ੍ਹਾਂ ਨੇ ਕਿਹਾ ਕਿ ਰਵੀ ਉਨ੍ਹਾਂ ਦਾ ਭਰਾ ਸੀ ਅਤੇ ਉਹ ਕੀਰਤੀ ਅਤੇ ਰਵੀ ਦੇ ਮਾਮਲੇ ’ਚ ਕਦੇ ਨਹੀਂ ਆਏ।
ਕੀਰਤੀ ਨੇ ਕਿਹਾ ਕਿ ਨਾ ਤਾਂ ਉਸ ਨੇ ਰਵੀ ਨੂੰ ਕਦੇ ਬਲੈਕਮੇਲ ਕੀਤਾ ਅਤੇ ਨਾ ਹੀ ਉਸ ਦਾ ਤਲਾਕ ਕਰਵਾਇਆ। ਹਾਲਾਂਕਿ ਉਸ ਨੇ ਉਸ ਦਾ ਸਾਥ ਜ਼ਰੂਰ ਦਿੱਤਾ ਸੀ। ਲਾਈਵ ਦੌਰਾਨ ਤਿੰਨਾਂ ਦੇ ਮੂੰਹ 'ਚੋਂ ਝੱਗ ਵੀ ਨਿਕਲ ਰਹੀ ਸੀ, ਜੋ ਉਲਟੀਆਂ ਕਰਦੇ ਵੀ ਨਜ਼ਰ ਆ ਰਹੇ ਸਨ। ਸ਼ੁਭਮ ਨੇ ਮੰਨਿਆ ਕਿ ਉਨ੍ਹਾਂ ਦਾ ਜੋ ਪੈਸੇ ਦਾ ਹਿਸਾਬ ਸੀ, ਉਸ ਨੇ ਰਵੀ ਨੂੰ 80 ਹਜ਼ਾਰ ਰੁਪਏ ਹੋਰ ਦੇਣੇ ਸਨ ਅਤੇ ਬਾਕੀ ਦੇ ਦਿੱਤੇ ਸਨ। ਕੀਰਤੀ ਨੇ ਕਿਹਾ ਕਿ 10 ਕਰੋੜ ਦੀ ਕੋਈ ਗੱਲ ਨਹੀਂ ਹੈ। ਬਾਕੀ ਸਾਰੀ ਚੈਟਿੰਗ ਉਸ ਦੇ ਮੋਬਾਇਲ ’ਚ ਹੈ, ਜਿਸ ਕਾਰਨ ਪੁਲਸ ਨੂੰ ਵੀ ਕਲੀਅਰ ਹੋ ਜਾਵੇਗਾ ਕਿ ਉਸ ਦੀ ਚੁੱਪੀ ਉਸ ਨੂੰ ਗਲਤ ਬਣਾ ਬੈਠੀ।
ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਲਾਈਵ ਹੋਏ ਸਨ ਤਿੰਨੋਂ
ਕੀਰਤੀ ਗਿੱਲ, ਸ਼ੁਭਮ ਗਿੱਲ ਤੇ ਗੋਰਾ ਜਦ ਲਾਈਵ ਹੋਏ ਤਾਂ ਉਹ ਉਲਟੀਆਂ ਕਰ ਰਹੇ ਸਨ। ਮੂੰਹ ’ਚੋਂ ਝੱਗ ਵੀ ਨਿਕਲ ਰਹੀ ਸੀ। ਤਿੰਨਾਂ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ। ਕੀਰਤੀ ਲਾਈਵ ’ਚ ਇਹ ਵੀ ਕਹਿ ਰਹੀ ਸੀ ਕਿ ਉਸ ਨੂੰ ਨਹੀਂ ਪਤਾ ਕਿ ਉਹ ਜੇਲ ਜਾਂਦੀ ਹੈ ਜਾਂ ਕਿਤੇ ਹੋਰ ਪਰ ਉਸ ਦੀ ਭੈਣ ਤੇ ਭਤੀਜੇ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉਹ ਕਦੇ ਨਹੀਂ ਚਾਹੁੰਦੀ ਸੀ ਕਿ ਰਵੀ ਅਜਿਹਾ ਕਦਮ ਚੁੱਕੇ। ਪਿਛਲੇ ਢਾਈ ਸਾਲਾਂ ਤੋਂ ਉਨ੍ਹਾਂ ’ਚ ਬਹੁਤ ਵਧੀਆ ਰਿਸ਼ਤਾ ਸੀ ਪਰ ਅਜਿਹਾ ਕਿਵੇਂ ਹੋ ਗਿਆ। ਉਸ ਨੇ ਇਹ ਵੀ ਮੰਗ ਕੀਤੀ ਕਿ ਪੁਲਸ ਸੁਸਾਈਡ ਨੋਟ ਦੀ ਵੀ ਜਾਂਚ ਕਰੇ, ਕਿਉਂਕਿ ਰਵੀ ਇਸ ਤਰ੍ਹਾਂ ਨਹੀਂ ਲਿਖ ਸਕਦਾ। ਤਿੰਨਾਂ ਨੂੰ ਐਂਬੂਲੈਂਸ ਰਾਹੀਂ ਦੇਰ ਰਾਤ ਜਲੰਧਰ ਲਿਆਂਦਾ ਗਿਆ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜ ਦੇ ਸੂਬੇਦਾਰ ਨਾਲ ਵਾਪਰੀ ਅਣਹੋਣੀ, ਕਾਰ ਦੇ ਉੱਡੇ ਪਰਖੱਚੇ, ਮਿਲੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ