ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ
Sunday, Oct 08, 2023 - 11:21 AM (IST)
ਚੰਡੀਗੜ੍ਹ/ਜਲੰਧਰ (ਹਾਂਡਾ)– 37 ਸਾਲ ਪਹਿਲਾਂ 1986 ਵਿਚ ਨਕੋਦਰ ਵਿਚ ਹੋਈ ਬੇਅਦਬੀ ਨੂੰ ਲੈ ਕੇ ਰੋਸ ਵਿਖਾਵਾ ਕਰ ਰਹੇ ਲੋਕਾਂ ’ਤੇ ਪੁਲਸ ਫਾਇਰਿੰਗ ਮਾਮਲੇ ’ਚ 4 ਨੌਜਵਾਨਾਂ ਦੀ ਮੌਤ ਦੇ ਮਾਮਲੇ ’ਚ ਪੰਜਾਬ ਸਰਕਾਰ ਨੇ ਜਾਂਚ ਲਈ ਨਵੀਂ ਐੱਸ. ਆਈ. ਟੀ. ਦਾ ਗਠਨ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਐੱਸ. ਆਈ. ਟੀ. ਗਠਿਤ ਕਰਨ ਦੀ ਮੰਗ ਨੂੰ ਲੈ ਕੇ ਦਾਖ਼ਲ ਪਟੀਸ਼ਨ ’ਤੇ ਸੁਣਵਾਈ ਦੌਰਾਨ ਦਿੱਤੀ। ਇਸ ਜਾਣਕਾਰੀ ’ਤੇ ਜਾਂਚ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਦਾ ਹੁਕਮ ਦਿੰਦਿਆਂ ਹਾਈਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜਲੰਧਰ ਦੇ ਬਲਦੇਵ ਸਿੰਘ ਐਡਵੋਕੇਟ ਐੱਚ. ਸੀ. ਅਰੋੜਾ ਰਾਹੀਂ 37 ਸਾਲ ਪੁਰਾਣੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂ ਐੱਸ. ਆਈ. ਟੀ. ਤੋਂ ਜਾਂਚ ਦੀ ਮੰਗ ਕਰਦਿਆਂ ਦੋਸ਼ੀ ਅਫ਼ਸਰਾਂ ’ਤੇ ਕਾਰਵਾਈ ਕਰਨ ਨੂੰ ਕਿਹਾ ਸੀ।
ਇਹ ਵੀ ਪੜ੍ਹੋ: ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਫਰਜ਼ੀ ਏਜੰਟਾਂ ਤੋਂ ਬਚਾਉਣ ਲਈ ਕੈਨੇਡਾ ਸਰਕਾਰ ਨੇ ਚੁੱਕਿਆ ਅਹਿਮ ਕਦਮ
ਵਿਧਾਨਸਭਾ ਵਿਚ ਪੇਸ਼ ਹੋਈ ਜਾਂਚ ਰਿਪੋਰਟ ਹੋ ਗਈ ਗਾਇਬ
ਤਤਕਾਲੀ ਡੀ. ਐੱਮ. ਦਰਬਾਰਾ ਸਿੰਘ ਗੁਰੂ, ਐੱਸ. ਐੱਸ. ਪੀ. ਮੁੰ: ਇਜ਼ਹਾਰ ਆਲਮ ਅਤੇ ਐੱਸ. ਪੀ. ਆਪ੍ਰੇਸ਼ੰਜ਼ ਅਸ਼ਵਨੀ ਕੁਮਾਰ ਸ਼ਰਮਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕਰਕੇ ਜਾਂਚ ਦੀ ਮੰਗ ਕੀਤੀ ਗਈ ਸੀ। ਹਾਈਕੋਰਟ ਨੇ ਇਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਰਿਟਾਇਰ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਸੌਂਪਣ ਦਾ ਪੰਜਾਬ ਸਰਕਾਰ ਨੂੰ ਹੁਕਮ ਦਿਤਾ ਸੀ। ਪੰਜਾਬ ਸਰਕਾਰ ਨੇ ਦੱਸਿਆ ਸੀ ਕਿ ਰਿਪੋਰਟ ਦਾ ਦੂਜਾ ਭਾਗ ਗਾਇਬ ਹੈ। ਹਾਈਕੋਰਟ ਨੇ ਪੁੱਛਿਆ ਸੀ ਕਿ ਜੋ ਰਿਪੋਰਟ ਵਿਧਾਨਸਭਾ ਵਿਚ ਪੇਸ਼ ਹੋ ਚੁੱਕੀ ਹੋਵੇ, ਉਹ ਗਾਇਬ ਕਿੰਝ ਹੋ ਸਕਦੀ ਹੈ?
ਪੁਲਸ ਫਾਇਰਿੰਗ ਵਿਚ ਮਾਰੇ ਗਏ 4 ਨੌਜਵਾਨਾਂ ਨੂੰ ਅਣਪਛਾਤੇ ਦੱਸ ਕੇ ਕਰ ਦਿੱਤਾ ਸੀ ਸਸਕਾਰ
ਜ਼ਿਕਰੋਗ ਹੈ ਕਿ ਨਕੋਦਰ ਦੇ ਗੁਰਦੁਆਰਾ ਸਾਹਿਬ ਵਿਚ 2 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਪਵਿੱਤਰ ਸਰੂਪ ਅਗਨ ਭੇਟ ਕਰਨ ਦੀ ਘਟਨਾ ਸਾਹਮਣੇ ਆਈ ਸੀ, ਜਿਸ ਦੇ ਵਿਰੋਧ ਵਿਚ 4 ਫਰਵਰੀ ਨੂੰ ਰੋਸ ਮਾਰਚ ਕੱਢਿਆ ਗਿਆ ਸੀ। ਪੁਲਸ ਨੇ ਮਾਰਚ ਵਿਚ ਸ਼ਾਮਲ ਲੋਕਾਂ ਨੂੰ ਕੰਟਰੋਲ ਕਰਨ ਲਈ ਤਾਕਤ ਦੀ ਵਰਤੋਂ ਕੀਤੀ ਸੀ ਪਰ ਗੱਲ ਨਹੀਂ ਬਣੀ, ਜਿਸ ਤੋਂ ਬਾਅਦ ਫਾਇਰਿੰਗ ਕਰ ਦਿੱਤੀ ਗਈ ਸੀ, ਜਿਸ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਨੇ ਪਰਿਵਾਰ ਨੂੰ ਸੂਚਿਤ ਕੀਤੇ ਬਿਨਾਂ ਚਾਰੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਵਾਰਿਸ ਦੱਸਦਿਆਂ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਸੀ। ਇਸ ਮਾਮਲੇ ਵਿਚ ਜਸਟਿਸ ਗੁਰਨਾਮ ਸਿੰਘ ਦੀ ਪ੍ਰਧਾਨਗੀ ਵਿਚ ਜਾਂਚ ਕਮਿਸ਼ਨ ਗਠਿਤ ਕੀਤਾ ਗਿਆ, ਜਿਸ ਦੀ ਰਿਪੋਰਟ 2001 ਵਿਚ ਵਿਧਾਨਸਭਾ ਵਿਚ ਪੇਸ਼ ਕੀਤੀ ਗਈ। ਇਸ ਦੀ ਰਿਪੋਰਟ ਦਾ ਭਾਗ ਦੋ ਗਾਇਬ ਹੈ, ਜਿਸ ਦੀ ਖੋਜ ਲਈ ਐੱਸ. ਆਈ. ਟੀ. ਗਠਿਤ ਕਰਨ ਦੀ ਮੰਗ ਕੀਤੀ ਗਈ ਹੈ।
ਇਹ ਵੀ ਪੜ੍ਹੋ: ਰੂਹ ਕੰਬਾਊ ਹਾਦਸਾ: ਆਪਣੇ ਹੀ ਟਰੱਕ ਹੇਠਾਂ ਆਇਆ ਚਾਲਕ, ਟਾਇਰ 'ਚ ਫਸਣ ਕਾਰਨ ਹੋਈ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ