ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ

Tuesday, Jul 02, 2024 - 12:55 PM (IST)

ਲੁਧਿਆਣਾ ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ 'ਚ ਨਵਾਂ ਮੋੜ

ਲੁਧਿਆਣਾ (ਜ.ਬ.)- ਰੇਲਵੇ ਸਟੇਸ਼ਨ ਤੋਂ 7 ਮਹੀਨਿਆਂ ਦੀ ਬੱਚੀ ਚੋਰੀ ਹੋਣ ਦੇ ਮਾਮਲੇ ’ਚ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਮਿਲੀ ਹੈ, ਜਿਸ ਤੋਂ ਪਤਾ ਲੱਗਾ ਹੈ ਕਿ ਬੱਚੀ ਨੂੰ ਇਕ ਔਰਤ ਚੋਰੀ ਕਰ ਕੇ ਲੈ ਗਈ ਹੈ, ਜੋ ਜਾਂਦੇ ਹੋਏ ਪਰਿਵਾਰ ਦਾ ਇਕ ਕੱਪੜਿਆਂ ਨਾਲ ਭਰਿਆ ਬੈਗ ਵੀ ਚੁੱਕ ਕੇ ਲੈ ਗਈ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਔਰਤ ਬੱਚੀ ਨੂੰ ਬਾਹਰ ਕਿਸ ਪਾਸੇ ਲੈ ਗਈ ਹੈ।

ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਸੋਮਵਾਰ ਨੂੰ ਵੀ ਸਵੇਰ ਤੋਂ ਪਰਿਵਾਰ ਜੀ. ਆਰ. ਪੀ. ਥਾਣੇ ਦੇ ਬਾਹਰ ਹੀ ਬੈਠਾ ਰਿਹਾ। ਓਧਰ ਪੁਲਸ ਦੇ ਹੱਥ ਸਿਰਫ ਇਕ ਹੀ ਸੁਰਾਗ ਲੱਗਾ ਹੈ ਕਿ ਬੱਚੀ ਨੂੰ ਇਕ ਔਰਤ ਨੇ ਚੋਰੀ ਕੀਤਾ ਹੈ, ਜੋ ਪੁਲਸ ਨੂੰ ਫੁਟੇਜ ਮਿਲੀ ਹੈ, ਉਹ ਦੂਰ ਦੀ ਹੈ। ਇਸ ਲਈ ਔਰਤ ਦਾ ਚਿਹਰਾ ਵੀ ਨਹੀਂ ਦਿਖਾਈ ਦੇ ਰਿਹਾ। ਹੁਣ ਪੁਲਸ ਲਈ ਬੱਚੀ ਨੂੰ ਲੱਭਣਾ ਇਕ ਚੈਲੇਂਜ ਬਣ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - STF ਪੰਜਾਬ ਵੱਲੋਂ 'ਨਸ਼ੇ ਵਾਲੀ ਫੈਕਟਰੀ' ਦਾ ਪਰਦਾਫਾਸ਼, ਜਾਣੋ ਕੀ-ਕੀ ਹੋਇਆ ਬਰਾਮਦ

ਰੇਲਵੇ ਸਟੇਸ਼ਨ ਕੰਪਲੈਕਸ ’ਚ ਲੱਗੇ ਕਈ ਕੈਮਰੇ, ਚਲਦਾ ਕੋਈ ਨਹੀਂ

ਜਿਥੇ ਪਰਿਵਾਰ ਸੁੱਤਾ ਹੋਇਆ ਸੀ, ਉਥੇ ਨੇੜੇ ਹੀ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਇਆ ਸੀ। ਉਥੋਂ ਬਾਹਰ ਵੱਲ ਜਾਂਦੇ ਹੋਏ ਵੀ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਸੀ. ਸੀ. ਟੀ. ਵੀ. ਕੈਮਰੇ ’ਚ ਕੁਝ ਨਹੀਂ ਆ ਰਿਹਾ ਕਿਉਂਕਿ ਤਕਰੀਬਨ ਸਾਰੇ ਕੈਮਰੇ ਬੰਦ ਜਾਂ ਖ਼ਰਾਬ ਪਏ ਹਨ। ਉਸ ਤੋਂ ਇਲਾਵਾ ਅੱਗੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਵੀ ਪੁਲਸ ਨੂੰ ਕੁਝ ਹਾਸਲ ਨਹੀਂ ਹੋਇਆ। ਹੁਣ ਪੁਲਸ ਪਰਿਵਾਰ ਨੂੰ ਇਹ ਸਪੱਸ਼ਟ ਨਹੀਂ ਕਰ ਰਹੀ ਕਿ ਉਹ ਕੈਮਰੇ ਚੱਲ ਵੀ ਰਹੇ ਹਨ ਜਾਂ ਨਹੀਂ।

ਸਿਰਫ ਪੁਲਸ ਉਨ੍ਹਾਂ ਨੂੰ ਇਹ ਗੱਲ ਕਹਿ ਰਹੀ ਹੈ ਕਿ ਉਨ੍ਹਾਂ ਕੈਮਰਿਆਂ ’ਚ ਕੁਝ ਨਜ਼ਰ ਨਹੀਂ ਆਇਆ ਪਰ ਬਾਹਰ ਨਿਕਲ ਕੇ ਪਾਰਕਿੰਗ ਕੋਲ ਲੱਗੇ ਕੈਮਰੇ ’ਚ ਬੱਚੀ ਚੋਰੀ ਕਰਨ ਵਾਲੀ ਔਰਤ ਨਜ਼ਰ ਆ ਰਹੀ ਸੀ। ਉਸ ਫੁਟੇਜ ’ਚ ਔਰਤ ਦੇ ਹੱਥ ’ਚ ਬੱਚੀ ਅਤੇ ਕਾਲੇ ਰੰਗ ਦਾ ਬੈਗ ਫੜਿਆ ਹੋਇਆ ਨਜ਼ਰ ਆ ਰਿਹਾ ਸੀ, ਜੋ ਬਾਹਰ ਖੜ੍ਹੀ ਹੋ ਕੇ ਇਕ ਆਟੋ ਵਾਲੇ ਨਾਲ ਕਿਤੇ ਜਾਣ ਲਈ ਰੇਟ ਕਰਦੀ ਹੈ ਪਰ ਆਟੋ ਵਾਲਾ ਉਸ ਨੂੰ ਲੈ ਕੇ ਨਹੀਂ ਜਾਂਦਾ। ਇਸ ਤੋਂ ਬਾਅਦ ਔਰਤ ਕਿਸ ਪਾਸੇ ਗਈ, ਅਜੇ ਤੱਕ ਉਸ ਦਾ ਪਤਾ ਨਹੀਂ ਲੱਗ ਸਕਿਆ।

ਪੀੜਤ ਪਰਿਵਾਰ ਦਾ ਦੋਸ਼: RPF ਪੁਲਸ ਦਾ ਰਵੱਈਆ ਠੀਕ ਨਹੀਂ ਸੀ

ਪੀੜਤ ਪਿਤਾ ਚੰਦਨ ਕੁਮਾਰ ਅਤੇ ਉਸ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਜਦੋਂ ਬੱਚੀ ਚੋਰੀ ਹੋਈ ਤਾਂ ਉਨ੍ਹਾਂ ਨੇ ਆਸ-ਪਾਸ ਬੈਠੀ ਪੁਲਸ ਨੂੰ ਦੱਸਿਆ। ਇਕ ਔਰਤ ਮੁਲਾਜ਼ਮ ਉਥੇ ਆਈ ਸੀ। ਉਸ ਦਾ ਰਵੱਈਆ ਉਨ੍ਹਾਂ ਪ੍ਰਤੀ ਬਿਲਕੁਲ ਠੀਕ ਨਹੀਂ ਸੀ। ਬੱਚੀ ਚੋਰੀ ਹੋਣ ਕਾਰਨ ਉਨ੍ਹਾਂ ਦਾ ਪਰਿਵਾਰ ਟੈਂਸ਼ਨ ’ਚ ਸੀ, ਜਦੋਂਕਿ ਲੇਡੀ ਮੁਲਾਜ਼ਮ ਉਨ੍ਹਾਂ ਨੂੰ ਭਜਾ ਰਹੀ ਸੀ ਅਤੇ ਕਹਿ ਰਹੀ ਸੀ ਕਿ ਕਿਤੇ ਹੋਰ ਬੱਚੇ ਵੀ ਨਾ ਚੋਰੀ ਹੋ ਜਾਣ। ਇਸ ਤੋਂ ਇਲਾਵਾ ਉਸ ਔਰਤ ਮੁਲਾਜ਼ਮ ਨੇ ਉਨ੍ਹਾਂ ਨੂੰ ਹੀ ਦੋਸ਼ ਦੇਣਾ ਸ਼ੁਰੂ ਕਰ ਦਿੱਤਾ ਕਿ ਉਹ ਬੱਚੀ ਨੂੰ ਟਰੇਨ ’ਚ ਹੀ ਭੁੱਲ ਆਏ ਹੋਣਗੇ। ਹਾਲਾਂਕਿ ਬਾਅਦ ’ਚ ਜੀ. ਆਰ. ਪੀ. ਦੀ ਪੁਲਸ ਨੇ ਆ ਕੇ ਉਨ੍ਹਾਂ ਦੀ ਗੱਲ ਸੁਣੀ ਅਤੇ ਕਾਰਵਾਈ ਸ਼ੁਰੂ ਕੀਤੀ।

ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼

ਇਸ ਸਬੰਧੀ ਗੱਲਬਾਤ ਕਰਦਿਆਂ ਥਾਣਾ ਜੀ. ਆਰ. ਪੀ. ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੁਲਸ ਬੱਚੀ ਦੀ ਭਾਲ ’ਚ ਲੱਗੀ ਹੋਈ ਹੈ। ਸਟੇਸ਼ਨ ’ਚ ਕੁਝ ਕੈਮਰੇ ਨਹੀਂ ਚੱਲ ਰਹੇ, ਜਿਸ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਹਾਲ ਦੀ ਘੜੀ ਇਕ ਫੁਟੇਜ ਮਿਲੀ ਹੈ। ਉਸੇ ਦੇ ਆਧਾਰ ’ਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਮਾਰਟ ਸਿਟੀ ਪ੍ਰਾਜੈਕਟ ਦੇ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਸਟੇਸ਼ਨ ’ਤੇ ਵੀ ਔਰਤ ਦੇ ਮਿਲੇ ਹੁਲੀਏ ਤੋਂ ਪੁੱਛਗਿੱਛ ਚੱਲ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News