ਪਿਛਲੇ 7 ਸਾਲਾਂ ਤੋਂ 200 ਗਜ਼ ਜਗ੍ਹਾ 'ਚ ਚੱਲ ਰਹੇ ਸਕੂਲਾਂ ਲਈ PSEB ਦੇ ਨਵੇਂ ਨਿਯਮ
Saturday, Jun 13, 2020 - 03:23 PM (IST)
ਲੁਧਿਆਣਾ (ਵਿੱਕੀ) : ਤਾਲਾਬੰਦੀ ਕਾਰਨ ਪਹਿਲਾਂ ਹੀ ਮਾਪਿਆਂ ਤੋਂ ਫੀਸਾਂ ਨਾ ਆਉਣ ਕਾਰਨ ਪ੍ਰੇਸ਼ਾਨ ਰਾਜ ਭਰ ਦੇ ਐਸੋਸੀਏਟ ਸਕੂਲਾਂ ਸਾਹਮਣੇ ਉਸ ਸਮੇਂ ਨਵੀਂ ਮੁਸੀਬਤ ਖੜ੍ਹੀ ਹੋ ਗਈ, ਜਦ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਨ੍ਹਾਂ ਸਕੂਲਾਂ 'ਤੇ 500 ਗਜ਼ ਜਗ੍ਹਾ ਪੂਰੀ ਕਰਨ ਦੀ ਸ਼ਰਤ ਲਾ ਦਿੱਤੀ। ਬੋਰਡ ਵਲੋਂ ਸ਼ੁੱਕਰਵਾਰ ਨੂੰ ਜਾਰੀ ਉਪਰੋਕਤ ਨੋਟੀਫਿਕੇਸ਼ਨ ਤੋਂ ਬਾਅਦ ਸਕੂਲ ਸੰਚਾਲਕਾਂ 'ਚ ਭਾਜੜਾਂ ਪੈ ਗਈਆਂ ਕਿਉਂਕਿ ਸ਼ਹਿਰੀ ਇਲਾਕਿਆਂ ਵਿਚ ਸਥਿਤ ਜ਼ਿਆਦਾਤਰ ਸਕੂਲਾਂ ਲਈ ਜਗ੍ਹਾ ਦੀ ਸ਼ਰਤ ਨੂੰ ਪੂਰੀ ਕਰਨਾ ਮੁਮਕਿਨ ਨਹੀਂ ਹੈ। ਪੀ. ਐੱਸ. ਈ. ਬੀ. ਵੱਲੋਂ ਜਾਰੀ ਨਿਰਦੇਸ਼ਾਂ ਵਿਚ ਸਕੂਲਾਂ ਲਈ ਸ਼ਰਤ ਰੱਖੀ ਗਈ ਹੈ ਕਿ 10ਵੀਂ ਤੱਕ ਕਲਾਸਾਂ ਚਲਾਉਣ ਲਈ 500 ਗਜ਼ ਅਤੇ 12ਵੀਂ ਤੱਕ ਲਈ 750 ਗਜ਼ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਸਕੂਲਾਂ ਨੂੰ ਚੀਫ ਟਾਊਨ ਪਲਾਨਰ ਜਾਂ ਸਮਰੱਥ ਅਥਾਰਟੀ ਵੱਲੋਂ ਜਾਰੀ ਨਕਸ਼ੇ ਅਤੇ ਸੀ. ਐੱਲ. ਯੂ. ਬੋਰਡ ਕੋਲ ਜਮ੍ਹਾ ਕਰਵਾਉਣਗੇ ਹੋਣਗੇ।
ਇਕ ਅਨੁਮਾਨ ਮੁਤਾਬਕ ਸੂਬੇ ਵਿਚ ਲਗਭਗ 2200 ਐਸੋਸੀਏਟ ਸਕੂਲ ਹਨ, ਜਿਨ੍ਹਾਂ 'ਚੋਂ 1500 ਸਕੂਲ 200 ਤੋਂ 500 ਗਜ਼ ਤਕ ਜਗ੍ਹਾ ਵਿਚ ਚੱਲ ਰਹੇ ਹਨ। ਉਥੇ 700 ਦੇ ਲਗਭਗ ਸਕੂਲਾਂ ਕੋਲ 500 ਗਜ਼ ਤੋਂ ਜ਼ਿਆਦਾ ਜਗ੍ਹਾ ਹੈ। ਵਿਭਾਗ ਵਲੋਂ ਬੀਤੇ ਦਿਨੀਂ ਲਏ ਗਏ ਫੈਸਲੇ ਮੁਤਾਬਕ ਜੇਕਰ ਸਕੂਲ ਬੋਰਡ ਵੱਲੋਂ ਰੱਖੀ ਗਈ ਸ਼ਰਤ ਨੂੰ 31 ਦਸੰਬਰ 2020 ਤੱਕ ਪੂਰਾ ਨਹੀਂ ਕਰਨਗੇ ਤਾਂ 31 ਮਾਰਚ ਤੋਂ ਬਾਅਦ ਸਿਰਫ ਪਲੇਅ ਵੇ ਸਕੂਲ ਹੀ ਚਲਾ ਸਕਣਗੇ ਮਤਲਬ ਸ਼ਰਤ ਪੂਰੀ ਨਾ ਕਰਨ ਵਾਲੇ ਸਕੂਲਾਂ ਨੂੰ ਬੋਰਡ ਕੰਟੀਨਿਊਸ਼ਨ ਜਾਰੀ ਨਹੀਂ ਕਰੇਗਾ। ਹੁਣ ਜ਼ਮੀਨੀ ਹਲਾਤਾਂ 'ਤੇ ਗੌਰ ਕਰੀਏ ਤਾਂ ਇਕਦਮ ਨਾਲ ਜਗ੍ਹਾ ਨੂੰ 500 ਗਜ਼ ਤੱਕ ਵਧਾਉਣਾ ਸਕੂਲਾਂ ਲਈ ਟੇਡੀ ਖੀਰ ਸਾਬਿਤ ਹੋਵੇਗਾ ਕਿਉਂਕਿ ਜਿਹੜੀ ਜਗ੍ਹਾ 'ਤੇ ਸਕੂਲ ਚੱਲ ਰਹੇ ਹਨ, ਉਥੇ ਜਗ੍ਹਾ ਦੇ ਭਾਅ ਕਾਫੀ ਵਧ ਚੁੱਕੇ ਹਨ। ਉਧਰ ਦੇਰ ਸ਼ਾਮ ਤੋਂ ਹੀ ਬੋਰਡ ਦੇ ਫੈਸਲੇ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ।
ਬੋਰਡ ਨੇ ਇਹ ਰੱਖੀਆਂ ਸ਼ਰਤਾਂ
-ਸਕੂਲ ਦੇ ਕਮਰਿਆਂ ਦਾ ਸਾਈਜ਼ 20ਗਜ਼15 ਫੁਟ ਹੋਣਾ ਚਾਹੀਦਾ ਹੈ
- ਪਹਿਲੀ ਤੋਂ 10ਵੀਂ ਕਲਾਸ ਤੱਕ ਲਈ 10 ਕਮਰੇ ਅਤੇ 12ਵੀਂ ਤੱਕ ਲਈ 14 ਕਮਰੇ ਹੋਣੇ ਚਾਹੀਦੇ
- ਲੈਬਾਰਟਰੀ ਦਾ ਸਾਈਜ਼ 20ਗਜ਼15 ਹੋਣਾ ਚਾਹੀਦਾ
- ਹਰ ਵੋਕੇਸ਼ਨਲ ਟਰੇਡ ਲਈ ਇਕ ਵਰਕਸ਼ਾਪ ਜਿਸ ਦਾ ਸਾਈਜ 33ਗ33 ਫੁੱਟ ਦਾ ਹੋਣਾ ਚਾਹੀਦਾ
- ਸਕੂਲ ਵਿਚ 20ਗਜ਼15 ਫੁਟ ਸਾਈਜ਼ ਕੰਪਿਊਟਰ ਲੈਬ
- ਸਿਲੇਬਸ, ਪਾਠ ਪੁਸਤਕ ਅਤੇ ਕੋਰਸਿਜ਼ ਬੋਰਡ ਵੱਲੋਂ ਨਿਰਧਾਰਤ ਕੀਤੇ ਅਨੁਸਾਰ ਹੋਵੇਗੀ
- 10ਵੀਂ ਤੱਕ ਲਾਈਬ੍ਰੇਰੀ ਲਈ ਪੁਸਤਕਾਂ ਦੀ ਗਿਣਤੀ 500
- ਸੀਨੀਅਰ ਸੈਕੰਡਰੀ ਕਲਾਸ ਤੱਕ 750 ਪੁਸਤਕਾਂ
- ਸੀਨੀਅਰ ਸੈਕੰਡਰੀ ਤੋਂ ਇਲਾਵਾ ਗਰੁੱਪਾਂ ਲਈ ਘੱਟ ਤੋਂ ਘੱਟ 100 ਪੁਸਤਕਾਂ ਹੋਣੀਆਂ ਜ਼ਰੂਰੀ ਹੈ।
- ਖੇਡ ਦਾ ਮੈਦਾਨ ਨਹੀਂ ਹੈ ਤਾਂ ਖੇਡ ਮੈਦਾਨ ਲਈ ਲੋਕਲ ਬਾਡੀਜ਼ ਦੇ ਨਾਲ ਕੋਈ ਅਰੇਂਜਮੈਂਟ ਹੋਣਾ ਚਾਹੀਦਾ।
- ਤਨਖਾਹ ਦੀ ਅਦਾਇਗੀ ਬੈਂਕ ਖਾਤੇ ਜ਼ਰੀਏ ਕੀਤੀ ਜਾਵੇਗੀ।
- ਪ੍ਰੋਵੀਡੈਂਟ ਫੰਡ ਅਤੇ ਈ. ਐੱਸ. ਆਈ. ਦੀ ਕਟੌਤੀ ਸਬੰਧਤ ਐਕਟ/ਕਾਨੂੰਨ ਅਨੁਸਾਰ ਕੀਤੀ ਜਾਵੇਗੀ।