ਪ੍ਰਨੀਤ ਕੌਰ ਵੱਲੋਂ ਜ਼ਮੀਨਦੋਜ਼ ਕੂੜਾਦਾਨ ਦੇ ਪਾਇਲਟ ਪ੍ਰਾਜੈਕਟ ਦਾ ਉਦਘਾਟਨ
Saturday, Aug 19, 2017 - 07:46 AM (IST)
ਪਟਿਆਲਾ (ਜੋਸਨ, ਰਜੇਸ਼) - ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਅਤੇ ਇੱਥੋਂ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਮਾਹੌਲ ਮੁਹੱਈਆ ਕਰਵਾ ਕੇ ਇਸ ਨੂੰ ਦੇਸ਼ ਦੇ ਸੁੰਦਰ ਸ਼ਹਿਰਾਂ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਸ਼ਹਿਰ ਵਿੱਚ ਥਾਂ-ਥਾਂ ਲਾਏ ਕੂੜੇ ਦੇ ਢੇਰਾਂ ਤੋਂ ਛੇਤੀ ਹੀ ਸ਼ਹਿਰ ਵਾਸੀਆਂ ਨੂੰ ਨਿਜਾਤ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਸਾਬਕਾ ਵਿਧਾਇਕ ਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਪਟਿਆਲਾ ਸ਼ਹਿਰ ਨੂੰ ਖੁੱਲ੍ਹੇ ਵਿਚ ਸੁੱਟੇ ਜਾਂਦੇ ਕੂੜਾ-ਕਰਕਟ ਤੋਂ ਮੁਕਤੀ ਦਿਵਾਉਣ ਲਈ ਨਗਰ ਨਿਗਮ ਵੱਲੋਂ ਨਾਭਾ ਗੇਟ ਵਿਖੇ ਸਥਾਪਤ ਕੀਤੇ ਜ਼ਮੀਨਦੋਜ਼ ਕੂੜਾਦਾਨ ਦੇ ਪਾਇਲਟ ਪ੍ਰਾਜੈਕਟ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀਮਤੀ ਪ੍ਰਨੀਤ ਕੌਰ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਨੂੰ ਇਕ ਮਹੀਨਾ ਪਰਖਣ ਉਪਰੰਤ ਅਜਿਹੇ 20 ਹੋਰ ਅੰਡਰ-ਗਰਾਊਂਡ ਕੂੜਾਦਾਨ ਪੂਰੇ ਸ਼ਹਿਰ ਵਿਚ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹਰੇਕ ਕੂੜਾਦਾਨ ਦੀ ਸਮਰੱਥਾ 30 ਕੁਇੰਟਲ ਕੂੜੇ ਦੀ ਹੋਵੇਗੀ ਜੋ ਕਿ 3000 ਘਰਾਂ ਨੂੰ ਕਵਰ ਕਰੇਗਾ। ਪ੍ਰਨੀਤ ਕੌਰ ਨੇ ਦੱਸਿਆ ਕਿ ਛੇਤੀ ਹੀ ਪਟਿਆਲਾ ਸ਼ਹਿਰ ਵਿਚ 60 ਤੋਂ 70 ਕੁਇੰਟਲ ਦੀ ਸਮਰੱਥਾ ਵਾਲੇ 4 ਵੱਡੇ ਕੂੜਾਦਾਨ ਲਾਏ ਜਾਣਗੇ। ਉਪਰੰਤ 10 ਕੁਇੰਟਲ ਦੀ ਸਮਰੱਥਾ ਵਾਲੇ 30 ਕੂੜਾਦਾਨ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਮੁਹੱਈਆ ਕਰਵਾਏ ਅੰਕੜਿਆਂ ਮੁਤਾਬਿਕ ਸ਼ਹਿਰ ਵਿੱਚ ਰੋਜ਼ਾਨਾ 240 ਟਨ ਕੂੜਾ ਇਕੱਠਾ ਹੁੰਦਾ ਹੈ।
ਇਸ ਮੌਕੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਅਮਰਿੰਦਰ ਸਿੰਘ ਬਜਾਜ, ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ, ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਆਗੂ ਸੰਜੀਵ ਬਿੱਟੂ, ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਮੁੱਖ ਮੰਤਰੀ ਦੇ ਓ. ਐੱਸ. ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀਮਤੀ ਪੂਨਮਦੀਪ ਕੌਰ, ਨਗਰ ਨਿਗਮ ਦੀ ਸਹਾਇਕ ਕਮਿਸ਼ਨਰ ਮੈਡਮ ਅਨੂਪ੍ਰੀਤਾ ਜੌਹਲ, ਐੱਸ.ਐੱਸ. ਬੋਰਡ ਦੇ ਸਾਬਕਾ ਮੈਂਬਰ ਕੰਵਲਜੀਤ ਸਿੰਘ ਸਹਿਗਲ, ਸੀਨੀਅਰ ਕਾਂਗਰਸੀ ਆਗੂ ਸ. ਸੰਤੋਖ ਸਿੰਘ, ਪ੍ਰੋਗਰੈਸਿਵ ਸੈੱਲ ਦੇ ਚੇਅਰਮੈਨ ਸ: ਜੋਗਿੰਦਰ ਸਿੰਘ, ਵਾਰਡ ਨੰ: 41 ਦੇ ਮਿਊਂਸੀਪਲ ਕੌਂਸਲਰ ਰਾਜੇਸ਼ ਮੰਡੌਰਾ, ਨਗਰ ਨਿਗਮ ਦੇ ਅਧਿਕਾਰੀ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
