5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ

Thursday, Jul 30, 2026 - 01:10 AM (IST)

5 ਹਜ਼ਾਰ ਰਿਸ਼ਵਤ ਲੈਂਦਾ BPEO ਦਫ਼ਤਰ ਦਾ ਕਲਰਕ ਗ੍ਰਿਫ਼ਤਾਰ

ਹਾਜੀਪੁਰ/ਜਲੰਧਰ/ਚੰਡੀਗੜ੍ਹ (ਜੋਸ਼ੀ, ਧਵਨ, ਅੰਕੁਰ) - ਚਾਈਲਡ ਕੇਅਰ ਲੀਵ ਮਨਜ਼ੂਰ ਕਰਵਾਉਣ ਦੇ ਨਾਂ ’ਤੇ ਰਿਸ਼ਵਤ ਮੰਗਣੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦਫ਼ਤਰ ਹਾਜੀਪੁਰ ਦੇ ਕਲਰਕ ਨੂੰ ਭਾਰੀ ਪੈ ਗਈ। ਵਿਜੀਲੈਂਸ ਬਿਊਰੋ ਦੀ ਟੀਮ ਨੇ ਕਲਰਕ ਗਗਨਦੀਪ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਹਿਰਾਸਤ ਵਿਚ ਲੈ ਲਿਆ।

ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਦੀ ਪਤਨੀ ਕੁਲਜੀਤ ਕੌਰ ਬਲਾਕ ਹਾਜੀਪੁਰ ਦੇ ਅਧੀਨ ਆਉਂਦੇ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਸਹੌੜਾ ਕੰਡੀ ਵਿਚ ਈ. ਟੀ. ਟੀ. ਅਧਿਆਪਕ ਦੇ ਅਹੁਦੇ ’ਤੇ ਤਾਇਨਾਤ ਹੈ। ਉਨ੍ਹਾਂ ਦਾ ਅਸਲ ਨਿਵਾਸ ਜ਼ਿਲਾ ਮਲੇਰਕੋਟਲਾ ਦਾ ਪਿੰਡ ਸੁਲਤਾਨਪੁਰ ਹੈ, ਜੋ ਕਿ ਮੌਜੂਦਾ ਤਾਇਨਾਤੀ ਵਾਲੀ ਜਗ੍ਹਾ ਤੋਂ ਲੱਗਭਗ 250 ਕਿਲੋਮੀਟਰ ਦੂਰ ਹੈ। ਉਨ੍ਹਾਂ ਦੀ 9 ਮਹੀਨੇ ਦੀ ਛੋਟੀ ਬੱਚੀ ਹੈ, ਜਿਸ ਦੀ ਦੇਖਭਾਲ ਲਈ ਪਰਿਵਾਰ ਫਿਲਹਾਲ ਪਿੰਡ ਨੰਗਲ ਬਿਹਾਲਾ ਵਿਚ ਕਿਰਾਏ ’ਤੇ ਰਹਿ ਰਿਹਾ ਹੈ। ਬੱਚੀ ਦੀ ਦੇਖਭਾਲ ਲਈ ਅਧਿਆਪਕਾ ਕੁਲਜੀਤ ਕੌਰ ਨੇ ਚਾਈਲਡ ਕੇਅਰ ਲੀਵ ਲਈ ਅਰਜ਼ੀ ਦਿੱਤੀ ਸੀ।

ਦੋਸ਼ ਹੈ ਕਿ ਬੀ. ਪੀ. ਈ. ਓ. ਦਫ਼ਤਰ ਹਾਜੀਪੁਰ ਵਿਚ ਤਾਇਨਾਤ ਕਲਰਕ ਗਗਨਦੀਪ ਨੇ ਇਸ ਛੁੱਟੀ ਨੂੰ ਮਨਜ਼ੂਰ ਕਰਵਾਉਣ ਦੇ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਪੀੜਤ ਪਤੀ ਵੱਲੋਂ ਕਾਫ਼ੀ ਮਿੰਨਤਾਂ ਕਰਨ ਤੋਂ ਬਾਅਦ ਕਲਰਕ 5,000 ਰੁਪਏ ਲੈਣ ਲਈ ਰਾਜ਼ੀ ਹੋ ਗਿਆ। ਰਿਸ਼ਵਤ ਨਾ ਦੇਣ ਦੀ ਮਨਸ਼ਾ ਨਾਲ ਸ਼ਿਕਾਇਤਕਰਤਾ ਨੇ ਇਸ ਦੀ ਜਾਣਕਾਰੀ ਵਿਜੀਲੈਂਸ ਵਿਭਾਗ ਨੂੰ ਦੇ ਦਿੱਤੀ। ਯੋਜਨਾ ਦੇ ਤਹਿਤ ਜਦੋਂ ਸ਼ਿਕਾਇਤਕਰਤਾ ਕਲਰਕ ਗਗਨਦੀਪ ਸਿੰਘ ਨੂੰ 5,000 ਰੁਪਏ ਦੀ ਰਕਮ ਦੇਣ ਪਹੁੰਚਿਆ, ਤਾਂ ਪਹਿਲਾਂ ਤੋਂ ਹੀ ਜਾਲ ਵਿਛਾਈ ਬੈਠੀ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਜੀਲੈਂਸ ਦੀ ਸਾਂਝੀ ਟੀਮ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ। ਵਿਜੀਲੈਂਸ ਵਿਭਾਗ ਨੇ ਕਲਰਕ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
 


author

Inder Prajapati

Content Editor

Related News