ਸਫਾਈ ਸੇਵਕਾਂ ਦੇ ਹੱਕ ''ਚ ''ਪੰਜਾਬ ਬੰਦ'' ਨੂੰ ਖਰੜ ਵਪਾਰ ਮੰਡਲ ਦਾ ਸਮਰਥਨ
Thursday, Jul 30, 2026 - 12:34 PM (IST)
ਖਰੜ (ਅਮਰਦੀਪ ਸਿੰਘ ਸੈਣੀ) : ਸਫਾਈ ਸੇਵਕਾਂ ਦੀਆਂ ਮੰਗਾਂ ਦੇ ਸਮਰਥਨ 'ਚ ਦਿੱਤੇ ਗਏ ਪੰਜਾਬ ਬੰਦ ਨੂੰ ਖਰੜ ਵਪਾਰ ਮੰਡਲ ਵੱਲੋਂ ਪੂਰਾ ਸਮਰਥਨ ਦਿੱਤਾ ਗਿਆ। ਇਸ ਦੌਰਾਨ ਖਰੜ ਦੇ ਮੁੱਖ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰਾਂ 'ਚ ਸਨਾਟਾ ਛਾਇਆ ਰਿਹਾ। ਹਾਲਾਂਕਿ ਆਵਾਜਾਈ ਆਮ ਵਾਂਗ ਚੱਲਦੀ ਰਹੀ, ਪਰ ਵਪਾਰਕ ਗਤੀਵਿਧੀਆਂ ਪੂਰੀ ਤਰ੍ਹਾਂ ਪ੍ਰਭਾਵਿਤ ਰਹੀਆਂ। ਖਰੜ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਕਿਹਾ ਕਿ ਵਪਾਰ ਮੰਡਲ ਵੱਲੋਂ ਸਫਾਈ ਸੇਵਕਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਫਾਈ ਸੇਵਕ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਈਮਾਨਦਾਰੀ ਨਾਲ ਨਿਭਾ ਰਹੇ ਹਨ, ਪਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਮੰਨਦਿਆਂ ਜਲਦ ਤੋਂ ਜਲਦ ਹੱਲ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ਼ ਮਿਲ ਸਕੇ ਅਤੇ ਸੂਬੇ ਵਿੱਚ ਆਮ ਹਾਲਾਤ ਮੁੜ ਬਹਾਲ ਹੋ ਸਕਣ। ਵਪਾਰ ਮੰਡਲ ਨੇ ਕਿਹਾ ਕਿ ਸਮਾਜ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਫਾਈ ਸੇਵਕਾਂ ਦਾ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦਾ ਹੱਲ ਸਰਕਾਰ ਦੀ ਤਰਜ਼ੀਹ ਹੋਣਾ ਚਾਹੀਦਾ ਹੈ।
