ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਨਵੀਆਂ PCR ਗੱਡੀਆਂ ਨੂੰ ਦਿੱਤੀ ਗਈ ਹਰੀ ਝੰਡੀ

Monday, Oct 28, 2024 - 10:19 AM (IST)

ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਨਵੀਆਂ PCR ਗੱਡੀਆਂ ਨੂੰ ਦਿੱਤੀ ਗਈ ਹਰੀ ਝੰਡੀ

ਅਬੋਹਰ (ਸੁਨੀਲ) : ਤਿਉਹਾਰ ਦੇ ਮੱਦੇਨਜ਼ਰ ਸ਼ਹਿਰ 'ਚ ਅਮਨ-ਕਾਨੂੰਨ ਦੀ ਸਥਿਤੀ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹਾ ਪੁਲਸ ਕਪਤਾਨ ਵਰਿੰਦਰ ਸਿੰਘ ਬਰਾੜ ਵੱਲੋਂ ਸ਼ਹਿਰ ’ਚ ਪੀ. ਸੀ. ਆਰ. ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ’ਚ 15 ਮੋਟਰਸਾਈਕਲ ਅਤੇ 3 ਐਕਟਿਵਾ ਸ਼ਾਮਲ ਹਨ, ਜੋ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ’ਚ 24 ਘੰਟੇ ਗਸ਼ਤ ਕਰਨਗੇ। ਜ਼ਿਲ੍ਹਾ ਪੁਲਸ ਕਪਤਾਨ ਨੇ ਦੱਸਿਆ ਕਿ ਦੀਵਾਲੀ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਭੀੜ ਹੈ।

ਇਸ ਲਈ ਸਮਾਜ ਵਿਰੋਧੀ ਅਨਸਰ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਨੂੰ ਕਾਬੂ ਕਰਨ ਲਈ ਫਾਜ਼ਿਲਕਾ ਪੁਲਸ 24 ਘੰਟੇ ਸੇਵਾਵਾਂ ਦੇ ਰਹੀ ਹੈ। ਇਸ ਦੇ ਮੱਦੇਨਜ਼ਰ ਨਵੇਂ ਪੀ. ਸੀ. ਆਰ. ਵਾਹਨਾਂ ਨੂੰ ਰਵਾਨਾ ਕੀਤਾ ਗਿਆ ਹੈ। ਇਨ੍ਹਾਂ ਪੀ. ਸੀ. ਆਰ. ਵਾਹਨਾਂ ਵਿਚੋਂ 2 ਮੋਟਰਸਾਈਕਲ 24 ਘੰਟੇ ਉਪਲੱਬਧ ਰਹਿਣਗੇ, ਜੋ ਕਿ ਜਿੱਥੇ ਵੀ ਕੋਈ ਜ਼ੁਰਮ ਹੁੰਦਾ ਹੈ, ਉੱਥੇ ਸਭ ਤੋਂ ਪਹਿਲਾਂ ਪਹੁੰਚਣਗੇ।

ਜ਼ਿਲ੍ਹਾ ਪੁਲਸ ਕਪਤਾਨ ਨੇ ਕਿਹਾ ਕਿ ਬਹੁਤ ਜਲਦੀ ਉਨ੍ਹਾਂ ਦੀ ਪੁਲਸ ਵੱਲੋਂ ਵੱਡੇ ਸੈਟੇਲਾਈਟ ਸਿਸਟਮ ਤਹਿਤ ਪੂਰੇ ਸ਼ਹਿਰ ’ਚ ਸੀ. ਸੀ. ਟੀ. ਵੀ. ਕੈਮਰੇ ਲਾਏ ਜਾਣਗੇ। ਜਿਸ ਦਾ ਐਕਸੈੱਸ ਨਗਰ ਥਾਣਾ ’ਚ ਉਪਲਬੱਧ ਹੋਵੇਗਾ। ਜਿਸ ਦਾ ਫ਼ਾਇਦਾ ਇਹ ਹੋਵੇਗਾ ਕਿ ਸਿਟੀ ਥਾਣੇ ’ਚ ਬੈਠੀ ਟੀਮ ਪੂਰੇ ਸ਼ਹਿਰ ’ਤੇ ਤਿੱਖੀ ਨਜ਼ਰ ਰੱਖੇਗੀ। ਜੇਕਰ ਸ਼ਹਿਰ ’ਚ ਕਿਤੇ ਵੀ ਕੋਈ ਘਟਨਾ ਵਾਪਰਦੀ ਹੈ ਜਾਂ ਕੋਈ ਸਮਾਜ ਵਿਰੋਧੀ ਅਨਸਰ ਨਜ਼ਰ ਆਉਂਦਾ ਹੈ ਤਾਂ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਗੱਡੀਆਂ ਨੂੰ ਸ਼ਹਿਰ ’ਚ ਰਵਾਨਾ ਕੀਤਾ ਗਿਆ ਹੈ, ਇਸੇ ਤਰ੍ਹਾਂ ਜਲਦੀ ਹੀ ਫਾਜ਼ਿਲਕਾ ਅਤੇ ਜਲਾਲਾਬਾਦ ’ਚ ਵੀ ਪੀ. ਸੀ. ਆਰ. ਵਾਹਨਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ। ਇਸ ਮੌਕੇ ਪੁਲਸ ਉਪ ਕਪਤਾਨ ਸੁਖਵਿੰਦਰ ਸਿੰਘ ਬਰਾੜ, ਸਿਟੀ ਥਾਣਾ ਨੰਬਰ 2 ਦੀ ਇੰਚਾਰਜ ਪ੍ਰਮਿਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।


author

Babita

Content Editor

Related News