ਪੰਜਾਬ ''ਚ ਰਜਿਸਟਰੀਆਂ ਕਰਵਾਉਣ ਵਾਲੇ ਜ਼ਰਾ ਦੇਣ ਧਿਆਨ, ਨਵੇਂ ਹੁਕਮ ਹੋ ਗਏ ਜਾਰੀ
Friday, Apr 11, 2025 - 03:36 PM (IST)

ਜਲੰਧਰ (ਚੋਪੜਾ)–ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹੇ ਦੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਸੰਯੁਕਤ ਸਬ-ਰਜਿਸਟਰਾਰ ਦਾ ਕਾਰਜਭਾਰ ਜ਼ਿਲ੍ਹੇ ਵਿਚ ਤਾਇਨਾਤ ਨਾਇਬ ਤਹਿਸੀਲਦਾਰਾਂ ਦੇ ਸਪੁਰਦ ਕਰ ਦਿੱਤਾ ਹੈ। ਇਨ੍ਹਾਂ ਹੁਕਮਾਂ ਵਿਚ ਸਿਰਫ਼ ਸਬ-ਰਜਿਸਟਰਾਰ ਜਲੰਧਰ-1 ਅਤੇ ਸਬ-ਰਜਿਸਟਰਾਰ ਜਲੰਧਰ-2 ਦਫ਼ਤਰ ਦਾ ਕੰਮਕਾਜ ਕਾਨੂੰਨਗੋ ਦੇ ਹਵਾਲੇ ਹੀ ਰੱਖਿਆ ਹੈ। ਹਾਲਾਂਕਿ ਸਬ-ਰਜਿਸਟਰਾਰ-2 ਦਫ਼ਤਰ ਵਿਚ ਸਬ-ਰਜਿਸਟਰਾਰ ਦੀ ਜ਼ਿੰਮੇਵਾਰੀ ਕਾਨੂੰਨਗੋ ਅਵਨਿੰਦਰ ਸਿੰਘ ਤੋਂ ਵਾਪਸ ਲੈ ਕੇ ਕਾਨੂੰਨਗੋ ਅਜੀਤ ਸਿੰਘ ਨੂੰ ਸੌਂਪੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ਦੀ ਇਸ ਸਿਵਲ ਸਰਜਨ 'ਤੇ ਡਿੱਗੀ ਗਾਜ, ਹੋਈ ਮੁਅੱਤਲ, ਵਜ੍ਹਾ ਕਰੇਗੀ ਹੈਰਾਨ
ਡਿਪਟੀ ਕਮਿਸ਼ਨਰ ਨੇ ਆਪਣੇ ਹੁਕਮ ਵਿਚ ਸਬ-ਰਜਿਸਟਰਾਰ ਅਤੇ ਪ੍ਰਸ਼ਾਸਨਿਕ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਜਿਸਟ੍ਰੇਸ਼ਨ ਦਾ ਕੰਮ ਜਿਹੜੇ ਅਧਿਕਾਰੀਆਂ ਨੂੰ ਸੌਂਪਿਆ ਹੈ, ਉਨ੍ਹਾਂ ਵਿਚ ਸਲੋਚਨਾ ਦੇਵੀ ਨਾਇਬ ਤਹਿਸੀਲਦਾਰ ਸ਼ਾਹਕੋਟ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਸ਼ਾਹਕੋਟ, ਬਲਜੀਤ ਸਿੰਘ ਨਾਇਬ ਤਹਿਸੀਲਦਾਰ ਆਦਮਪੁਰ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਆਦਮਪੁਰ, ਦਮਨਦੀਪ ਸਿੰਘ ਨਾਇਬ ਤਹਿਸੀਲਦਾਰ ਫਿਲੌਰ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਫਿਲੌਰ, ਜਸਵਿੰਦਰ ਸਿੰਘ ਨਾਇਬ ਤਹਿਸੀਲਦਾਰ ਕਰਤਾਰਪੁਰ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਕਰਤਾਰਪੁਰ, ਜਸਪਾਲ ਸਿੰਘ ਨਾਇਬ ਤਹਿਸੀਲਦਾਰ ਭੋਗਪੁਰ ਨੂੰ ਸੰਯੁਕਤ ਰਜਿਸਟਰਾਰ ਭੋਗਪੁਰ, ਰਵਨੀਤ ਕੌਰ ਨਾਇਬ ਤਹਿਸੀਲਦਾਰ ਨੂਰਮਹਿਲ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਨੂਰਮਹਿਲ, ਗੁਰਸਿਮਰਨਜੀਤ ਸਿੰਘ ਨਾਇਬ ਤਹਿਸੀਲਦਾਰ ਗੋਰਾਇਆ ਨੂੰ ਸੰਯੁਕਤ ਸਬ-ਰਜਿਸਟਰਾਰ ਗੋਰਾਇਆ, ਮਨਜਿੰਦਰ ਸਿੰਘ ਸਿੱਧੂ ਤਹਿਸੀਲਦਾਰ ਸ਼ਾਹਕੋਟ ਨੂੰ ਸਬ-ਰਜਿਸਟਰਾਰ ਸ਼ਾਹਕੋਟ, ਮਨਦੀਪ ਸਿੰਘ ਨਾਇਬ ਤਹਿਸੀਲਦਾਰ ਨਕੋਦਰ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਨਕੋਦਰ, ਅਰਸ਼ਦੀਪ ਕੌਰ ਨਾਇਬ ਤਹਿਸੀਲਦਾਰ ਮਹਿਤਪੁਰ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਮਹਿਤਪੁਰ, ਅੰਗਰੇਜ਼ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਨੂੰ ਸੰਯੁਕਤ ਡਿਪਟੀ ਰਜਿਸਟਰਾਰ ਲੋਹੀਆਂ, ਮਨਮੋਹਨ ਸਿੰਘ ਕਾਨੂੰਨਗੋ ਫੋਲੜੀਵਾਲ ਨੂੰ ਸਬ-ਰਜਿਸਟਰਾਰ ਜਲੰਧਰ-1 ਅਤੇ ਅਜੀਤ ਸਿੰਘ ਸਦਰ ਕਾਨੂੰਨਗੋ ਜਲੰਧਰ ਨੂੰ ਸਬ-ਰਜਿਸਟਰਾਰ ਜਲੰਧਰ-2 ਦਾ ਕਾਰਜਭਾਰ ਸੌਂਪਿਆ ਗਿਆ ਹੈ।
ਇਹ ਵੀ ਪੜ੍ਹੋ: ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ ਮੌਕੇ CM ਮਾਨ ਸਣੇ ਪਹੁੰਚੀਆਂ ਕਈ ਸ਼ਖ਼ਸੀਅਤਾਂ
ਡਿਪਟੀ ਕਮਿਸ਼ਨਰ ਦੇ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ। ਉਨ੍ਹਾਂ ਅਧਿਕਾਰੀਆਂ ਨੂੰ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪੂਰਨ ਸਮਰਥਨ ਨਾਲ ਆਪਣੇ ਫਰਜ਼ਾਂ ਦਾ ਪਾਲਣ ਕਰਨ ਲਈ ਹੁਕਮ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲਈ ਅਧਿਕਾਰੀ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਾਂ ਵਿਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਇਤਿਹਾਸਕ ਫ਼ੈਸਲਾ ਲੈਂਦੇ ਹੋਏ ਬੀਤੇ ਮਹੀਨੇ ਸੂਬੇ ਭਰ ਦੇ 170 ਦੇ ਲਗਭਗ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਸਨ।
ਜਲੰਧਰ ਜ਼ਿਲ੍ਹੇ ਵਿਚ 5 ਤਹਿਸੀਲਦਾਰਾਂ ਦੇ ਇਲਾਵਾ ਨਾਇਬ ਤਹਿਸੀਲਦਾਰਾਂ ਦਾ ਤਬਾਦਲਾ ਕਰ ਦਿੱਤਾ ਸੀ। ਸਿਰਫ਼ ਸ਼ਾਹਕੋਟ ਤਹਿਸੀਲ ਵਿਚ ਤਾਇਨਾਤ ਤਹਿਸੀਲਦਾਰ ਮਨਿੰਦਰ ਸਿੰਘ ਸਿੱਧੂ ਦਾ ਤਬਾਦਲਾ ਨਹੀਂ ਕੀਤਾ ਗਿਆ ਕਿਉਂਕਿ ਮਨਿੰਦਰ ਸਿੱਧੂ ਨੇ ਲਗਭਗ 7 ਮਹੀਨੇ ਪਹਿਲਾਂ ਹੋਈ ਟਰਾਂਸਫਰ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਸੀ। ਇਸ ਕੇਸ ਦੀ ਸੁਣਵਾਈ ਵਿਚ ਹਾਈ ਕੋਰਟ ਨੇ ਸਟੇਅ ਜਾਰੀ ਕਰਦੇ ਹੋਏ ਸਿੱਧੂ ਦੇ ਤਬਾਦਲੇ ਨੂੰ ਰੱਦ ਕਰਦੇ ਹੋਏ ਸ਼ਾਹਕੋਟ ਦੇ ਤਹਿਸੀਲਦਾਰ ਦੀ ਪੋਸਟਿੰਗ ’ਤੇ ਬਣੇ ਰਹਿਣ ਦੇ ਹੁਕਮ ਜਾਰੀ ਕੀਤੇ ਸਨ। ਹੁਣ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਰਜਿਸਟ੍ਰੇਸ਼ਨ ਦਾ ਕੰਮ ਨਾਇਬ ਤਹਿਸੀਲਦਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਪਰ ਸਬ-ਰਜਿਸਟਰਾਰ-1 ਅਤੇ ਸਬ-ਰਜਿਸਟਰਾਰ-2 ਦੀ ਸੀਟ ’ਤੇ ਕਾਨੂੰਨਗੋ ਨੂੰ ਹੀ ਚਾਰਜ ਦੇਣ ਤੋਂ ਬਾਅਦ ਹੁਣ ਇਨ੍ਹਾਂ ਸੀਟਾਂ ਨੂੰ ਪਾਉਣ ਦੇ ਚਾਹਵਾਨਾਂ ਵਿਚ ਕਸ਼ਮਕਸ਼ ਤੇਜ਼ ਹੋ ਜਾਵੇਗੀ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਰਤ ਰਹੀ ਸਕੂਲ ਬੱਸ ਦੇ ਹੇਠਾਂ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e