ਐਕਸ਼ਨ ’ਚ ਪਾਵਰਕਾਮ : ਨਵੀਂ ਕੰਪਨੀ ਬਣਾਏਗੀ ਬਿਜਲੀ ਬਿੱਲ, ਗਲਤੀ ਹੋਈ ਤਾਂ ‘ਡਿੱਗੇਗੀ ਗਾਜ’

Wednesday, Mar 16, 2022 - 03:21 PM (IST)

ਐਕਸ਼ਨ ’ਚ ਪਾਵਰਕਾਮ : ਨਵੀਂ ਕੰਪਨੀ ਬਣਾਏਗੀ ਬਿਜਲੀ ਬਿੱਲ, ਗਲਤੀ ਹੋਈ ਤਾਂ ‘ਡਿੱਗੇਗੀ ਗਾਜ’

ਜਲੰਧਰ (ਪੁਨੀਤ) : ਗਲਤ ਬਿਜਲੀ ਬਿੱਲ ਬਣਨਾ ਖਪਤਕਾਰਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ, ਜਿਸ ਕਾਰਨ ਵਿਭਾਗ ਨੂੰ ਸਮੇਂ ’ਤੇ ਬਿੱਲਾਂ ਦੀ ਅਦਾਇਗੀ ਨਹੀਂ ਹੋ ਪਾਉਂਦੀ ਅਤੇ ਬਕਾਇਆ ਰਾਸ਼ੀ ਵਧਦੀ ਰਹਿੰਦੀ ਹੈ। ਜਦੋਂ ਵੀ ਗਲਤ ਬਿੱਲ ਪ੍ਰਾਪਤ ਹੁੰਦਾ ਹੈ ਤਾਂ ਖਪਤਕਾਰ ਬਿੱਲਾਂ ਦੀ ਅਦਾਇਗੀ ਨਹੀਂ ਕਰਦੇ, ਜਿਸ ਕਾਰਨ ਸੈਂਕੜੇ ਬਿੱਲ ਲੰਮੇ ਸਮੇਂ ਤੋਂ ਪੈਂਡਿੰਗ ਰਹਿੰਦੇ ਹਨ।

ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਤੋਂ ਗਲਤ ਬਿੱਲ ਬਣਨ ਦੀਆਂ ਸ਼ਿਕਾਇਤਾਂ ’ਤੇ ਐਕਸ਼ਨ ਲੈਂਦਿਆਂ ਪਾਵਰਕਾਮ ਨੇ ਪੁਰਾਣੀ ਕੰਪਨੀ ਨੂੰ ਬਦਲ ਦਿੱਤਾ ਹੈ, ਜਿਸ ਕਾਰਨ ਹੁਣ ਬਿਜਲੀ ਬਿੱਲ ਬਣਾਉਣ ਦੀ ਕਮਾਨ ਨਵੀਂ ਕੰਪਨੀ ਨੂੰ ਸੌਂਪ ਦਿੱਤੀ ਹੈ। ਆਉਣ ਵਾਲੀ 1 ਅਪ੍ਰੈਲ ਤੋਂ ਠੇਕੇ ’ਤੇ ਦਿੱਤੇ ਗਏ ਬਿੱਲ ਬਣਾਉਣ ਦੇ ਇਸ ਕੰਮ 'ਚ ਕੰਪਨੀ ਨੂੰ ਸਾਫ ਤੌਰ ’ਤੇ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜੇਕਰ ਬਿੱਲਾਂ ਵਿੱਚ ਪਹਿਲਾਂ ਵਾਂਗ ਗਲਤੀਆਂ ਹੋਈਆਂ ਤਾਂ ਕੰਪਨੀ ਨੂੰ ਇਸ ਦੇ ਲਈ ਦੋਸ਼ੀ ਠਹਿਰਾਇਆ ਜਾਵੇਗਾ। ਇਸ ਲੜੀ ਵਿੱਚ ਨਵੀਂ ਕੰਪਨੀ ’ਤੇ ਜੁਰਮਾਨਾ ਲਾਉਣ ਦੇ ਨਾਲ-ਨਾਲ ਕਈ ਤਰ੍ਹਾਂ ਦੀ ਗਾਜ ਵੀ ਡਿੱਗੇਗੀ।

ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਏ 2 ਘਰਾਂ ਦੇ ਚਿਰਾਗ, ਹੋਲੇ-ਮਹੱਲੇ 'ਤੇ ਜਾ ਰਹੇ 2 ਸਕੇ ਭਰਾਵਾਂ ਸਣੇ 3 ਮੁੰਡਿਆਂ ਦੀ ਮੌਤ

ਨਵੀਂ ਕੰਪਨੀ ਨੂੰ ਬਿਜਲੀ ਦੇ ਬਿੱਲ ਬਣਾਉਣ ਦਾ ਠੇਕਾ ਦੇਣ ਦੇ ਨਾਲ-ਨਾਲ ਵਿਭਾਗ ਨੇ ਆਪਣੇ ਸਟਾਫ ਨੂੰ ਵੀ ਹਦਾਇਤਾਂ ਦਿੱਤੀਆਂ ਹਨ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਖਪਤਕਾਰਾਂ ਨੂੰ ਗਲਤ ਬਿੱਲ ਡਲਿਵਰ ਨਾ ਹੋਣ। ਇਸ ਲੜੀ 'ਚ ਪਾਵਰ ਨਿਗਮ ਦਾ ਸਟਾਫ ਰੁਟੀਨ ਵਿੱਚ ਵੱਖ-ਵੱਖ ਇਲਾਕਿਆਂ ਦੇ ਬਿੱਲਾਂ ਦੀ ਕਰਾਸ ਚੈਕਿੰਗ ਕਰੇਗਾ। ਹਰ ਵਾਰ ਬਿਲਿੰਗ ਤੋਂ ਬਾਅਦ ਬਿੱਲਾਂ ਦੀ ਚੈਕਿੰਗ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਦੇਣੀ ਹੋਵੇਗੀ। ਅਧਿਕਾਰੀ ਦੱਸਦੇ ਹਨ ਕਿ ਪਿਛਲੇ ਕਈ ਮਹੀਨਿਆਂ ਤੋਂ ਪਾਵਰਕਾਮ ਦਾ ਕੰਮ ਸੁਚਾਰੂ ਢੰਗ ਨਾਲ ਨਹੀਂ ਹੋ ਸਕਿਆ, ਜਿਸ ਕਾਰਨ ਵੱਡੀ ਗਿਣਤੀ 'ਚ ਲੋਕਾਂ ਨੂੰ ਗਲਤ ਬਿੱਲ ਪ੍ਰਾਪਤ ਹੋਏ ਹਨ। ਇਸ ਲੜੀ 'ਚ ਮਕਸੂਦਾਂ ਡਵੀਜ਼ਨ ਦੇ ਖਪਤਕਾਰ ਰਾਜ ਕੁਮਾਰ ਨੇ ਕਿਹਾ ਕਿ ਉਹ ਬਿੱਲ ਭਰਨ ਨੂੰ ਤਿਆਰ ਹਨ ਪਰ ਮੀਟਰ ’ਤੇ ਸਾਫ ਨਜ਼ਰ ਆ ਰਿਹਾ ਕਿ ਬਿੱਲ ਗਲਤ ਬਣਿਆ ਹੈ। ਬਿੱਲ ’ਤੇ ਜਿਹੜੀ ਰੀਡਿੰਗ ਪਾਈ ਗਈ ਹੈ, ਉਹ ਮੀਟਰ ਦੀ ਰੀਡਿੰਗ ਤੋਂ 700 ਯੂਨਿਟ ਵੱਧ ਹੈ।

ਇਹ ਵੀ ਪੜ੍ਹੋ : ‘ਆਪ’ ਦੀ ਸਰਕਾਰ: ਨਵੇਂ ‘ਗੌਡਫਾਦਰ’ ਦੀ ਭਾਲ ’ਚ ਜੁਟੀ ਸੂਬੇ ਦੀ ਅਫ਼ਸਰਸ਼ਾਹੀ

ਇਸੇ ਤਰ੍ਹਾਂ ਕਈ ਖਪਤਕਾਰਾਂ ਦਾ ਕਹਿਣਾ ਹੈ ਕਿ ਉਹ ਬਿੱਲ ਠੀਕ ਕਰਵਾਉਣ ਲਈ ਜਾਂਦੇ ਹਨ ਤਾਂ ਉਥੇ ਲੰਮੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ, ਜਿਸ ਕਾਰਨ ਕਰਮਚਾਰੀਆਂ ਕੋਲ ਬਿੱਲ ਠੀਕ ਕਰਨ ਦਾ ਪੂਰਾ ਸਮਾਂ ਨਹੀਂ ਹੁੰਦਾ ਅਤੇ ਕਈ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪੈਂਦਾ ਹੈ। ਆਲਮ ਇਹ ਹੈ ਕਿ ਖਪਤਕਾਰ ਬਿੱਲਾਂ ਦੀ ਅਦਾਇਗੀ ਨਹੀਂ ਕਰ ਰਹੇ ਅਤੇ ਫੀਲਡ ਸਟਾਫ ਨੂੰ ਗਲਤ ਬਿੱਲ ਬਣਨ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਜੋ ਕਿ ਰਿਕਵਰੀ 'ਚ ਅੜਿੱਕਾ ਬਣ ਰਿਹਾ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਆਖੀਆਂ ਵੱਡੀਆਂ ਗੱਲਾਂ, ਇਨਕਲਾਬ ਜ਼ਿੰਦਾਬਾਦ ਦੇ ਲਗਾਏ ਨਾਅਰੇ

ਯਕੀਨੀ ਬਣੇਗਾ ਸਮੇਂ ’ਤੇ ਬਿੱਲ ਭੇਜਣਾ

ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੀਂ ਕੰਪਨੀ ਨੂੰ ਠੇਕੇ ਦੇ ਨਾਲ ਹੀ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਖਪਤਕਾਰਾਂ ਨੂੰ ਸਮੇਂ ’ਤੇ ਬਿੱਲ ਪ੍ਰਾਪਤ ਹੁੰਦੇ ਰਹਿਣ। ਪਿਛਲੇ ਕੁਝ ਸਮੇਂ ਦੌਰਾਨ ਕਈ ਖਪਤਕਾਰਾਂ ਨੂੰ 3-4 ਮਹੀਨਿਆਂ ਦਾ ਇਕੱਠਾ ਬਿੱਲ ਪ੍ਰਾਪਤ ਹੋਇਆ ਹੈ, ਜੋ ਕਿ ਅਦਾ ਕਰਨਾ ਲੋਕਾਂ ਲਈ ਮੁਸ਼ਕਿਲ ਹੁੰਦਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਆਪਣੇ ਘਰ ਦਾ ਬਜਟ ਬਣਾਇਆ ਹੁੰਦਾ ਹੈ। ਇਕੱਠਾ ਬਿੱਲ ਮਿਲਣ ਨਾਲ ਘਰ ਦਾ ਬਜਟ ਵਿਗੜ ਜਾਂਦਾ ਹੈ। ਇਸ ਲਈ ਵਿਭਾਗ ਨੂੰ ਸਮੇਂ ’ਤੇ ਬਿੱਲ ਬਣਾਉਣੇ ਚਾਹੀਦੇ ਹਨ।

ਇਹ ਵੀ ਪੜ੍ਹੋ : ਪੰਜਾਬ ’ਚ ਮਿਲੀ ਵੱਡੀ ਹਾਰ ਤੋਂ ਬਾਅਦ ਕਾਂਗਰਸ ’ਚ ਮੰਥਨ, ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਨਿਸ਼ਾਨੇ ’ਤੇ

1912 ’ਤੇ ਗਲਤ ਬਿੱਲਾਂ ਦੀਆਂ ਸ਼ਿਕਾਇਤਾਂ ਦਾ ਲੱਗਾ ਅੰਬਾਰ

ਬਿਜਲੀ ਦਾ ਨੁਕਸ ਪੈਣ ’ਤੇ ਉਸ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਵਿਭਾਗ ਨੇ 1912 ਨੰਬਰ ਜਾਰੀ ਕੀਤਾ ਹੋਇਆ ਹੈ ਪਰ ਪਿਛਲੇ ਸਮੇਂ ਦੌਰਾਨ 1912 ’ਤੇ ਗਲਤ ਬਿੱਲ ਬਣਨ ਦੀਆਂ ਸ਼ਿਕਾਇਤਾਂ ਦਾ ਅੰਬਾਰ ਲੱਗਾ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਾਲਟ ਦੀ ਸ਼ਿਕਾਇਤ ਲਈ ਬਣਾਏ ਗਏ ਕੰਟਰੋਲ ਰੂਮ 'ਚ ਬਿੱਲਾਂ ਸਬੰਧੀ ਸ਼ਿਕਾਇਤਾਂ ਦਰਜ ਕਰਵਾਉਣ ਦੀ ਥਾਂ ਉਹ ਆਪਣੇ ਸਬੰਧਤ ਬਿਜਲੀ ਘਰ ਵਿੱਚ ਜਾ ਕੇ ਬਿੱਲ ਠੀਕ ਕਰਵਾਉਣ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News