ਨਵੀਂ ਬਣ ਰਹੀ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਸੰਬਰ ’ਚ ਹੋਵੇਗੀ ਕਾਰਜਸ਼ੀਲ : ਰੰਧਾਵਾ

Tuesday, Nov 30, 2021 - 03:20 AM (IST)

ਨਵੀਂ ਬਣ ਰਹੀ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਦਸੰਬਰ ’ਚ ਹੋਵੇਗੀ ਕਾਰਜਸ਼ੀਲ : ਰੰਧਾਵਾ

ਚੰਡੀਗੜ੍ਹ(ਰਮਨਜੀਤ)- ਗੋਇੰਦਵਾਲ ਸਾਹਿਬ ਵਿਖੇ ਉਸਾਰੀ ਜਾ ਰਹੀ ਨਵੀਂ ਕੇਂਦਰੀ ਜੇਲ ਦਾ ਨਿਰਮਾਣ ਕਾਰਜ ਲਗਭਗ ਮੁਕੰਮਲ ਹੋ ਗਿਆ, ਜਿਹੜੀ ਕਿ ਦਸੰਬਰ ਦੇ ਅੱਧ ’ਚ ਜੇਲ ਵਿਭਾਗ ਨੂੰ ਸੌਂਪ ਦਿੱਤੀ ਜਾਵੇਗੀ। ਦਸੰਬਰ ਮਹੀਨੇ ’ਚ ਇਹ ਜੇਲ ਕਾਰਜਸ਼ੀਲ ਹੋ ਜਾਵੇਗੀ। ਇਹ ਗੱਲ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜੇਲ ਵਿਭਾਗ ਨਾਲ ਸਬੰਧਤ ਮਾਮਲਿਆਂ ਦੀ ਸਮੀਖਿਆ ਸਬੰਧੀ ਪੰਜਾਬ ਸਿਵਲ ਸਕੱਤਰੇਤ ਦੇ ਕਮੇਟੀ ਰੂਮ ਵਿਖੇ ਸੱਦੀ ਉਚ ਪੱਧਰੀ ਮੀਟਿੰਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਕਹੀ।

ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਜੇਲਾਂ ਦੀ ਸਮਰੱਥਾ ਨੂੰ ਤਰਕਸੰਗਤ ਕਰਨ ਲਈ ਗੋਇੰਦਵਾਲ ਸਾਹਿਬ ਵਿਖੇ 185 ਕਰੋੜ ਰੁਪਏ ਦੀ ਲਾਗਤ ਨਾਲ 2780 ਕੈਦੀਆਂ ਦੀ ਸਮਰੱਥਾ ਵਾਲੀ ਕੇਂਦਰੀ ਜੇਲ ਉਸਾਰੀ ਗਈ ਹੈ। ਇਸ ਨਾਲ ਸੂਬੇ ’ਚ ਕੇਂਦਰੀ ਜੇਲਾਂ ਦੀ ਗਿਣਤੀ 10 ਅਤੇ ਕੁੱਲ ਜੇਲਾਂ ਦੀ ਗਿਣਤੀ 26 ਹੋ ਜਾਵੇਗੀ।

ਉਪ ਮੁੱਖ ਮੰਤਰੀ ਨੇ ਦੱਸਿਆ ਕਿ ਮੋਹਾਲੀ ਤੇ ਫ਼ਤਹਿਗੜ੍ਹ ਸਾਹਿਬ ਜ਼ਿਲਿਆਂ ਦੇ ਕੈਦੀਆਂ ਨੂੰ ਹੁਣ ਰੋਪੜ ਤੇ ਪਟਿਆਲਾ ਜੇਲ ਭੇਜਣ ਤੋਂ ਬਚਣ ਲਈ ਮੋਹਾਲੀ ਜ਼ਿਲੇ ’ਚ ਨਵੀਂ ਜੇਲ ਬਣਾਉਣ ਦੀ ਤਜਵੀਜ ਬਣਾਈ ਜਾ ਰਹੀ ਹੈ, ਇਸ ਕੰਮ ਲਈ ਲੋੜੀਂਦੀ ਜ਼ਮੀਨ ਦੀ ਸ਼ਨਾਖਤ ਕਰਨ ਦਾ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੂੰ ਸੌਂਪਿਆ ਗਿਆ।

ਰੰਧਾਵਾ ਨੇ ਅੱਗੇ ਦੱਸਿਆ ਕਿ ਜੇਲ ਵਿਭਾਗ ਦੀਆਂ ਥਾਵਾਂ ’ਤੇ ਤੇਲ ਕੰਪਨੀਆਂ ਦੇ ਆਊਟਲੈੱਟ ਸਥਾਪਿਤ ਕਰਨ ਸਬੰਧੀ ਮਨਜ਼ੂਰੀਆਂ ਦੇ ਕੰਮ ’ਚ ਤੇਜ਼ੀ ਲਿਆਉਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਜੇਲ ’ਲੂਚ ਨਿਰੋਲ ਕੈਦੀਆਂ ਵਾਸਤੇ ਹਸਪਤਾਲ ਸਥਾਪਿਤ ਕਰਨ ਲਈ ਸਿਹਤ ਵਿਭਾਗ ਨੂੰ ਲੋੜੀਂਦਾ ਸਟਾਫ਼ ਤਾਈਨਾਤ ਕਰਨ ਲਈ ਆਖਿਆ ਗਿਆ, ਜਿਸ ਨਾਲ ਕੈਦੀਆਂ ਨੂੰ ਇਲਾਜ ਲਈ ਦੂਰ-ਦੁਰਾਡੇ ਨਹੀਂ ਲਿਜਾਣਾ ਪਵੇਗਾ।


author

Bharat Thapa

Content Editor

Related News