''ਸਵਾਈਨ ਫਲੂ'' ਦੇ ਨਿਸ਼ਾਨੇ ''ਤੇ ਸਮਰਾਲਾ, ਖੌਫ
Thursday, Aug 24, 2017 - 08:10 AM (IST)
ਸਮਰਾਲਾ (ਗਰਗ, ਬੰਗੜ) - ਮਨੁੱਖਤਾ ਲਈ ਜਾਨਲੇਵਾ ਸਾਬਿਤ ਹੋਣ ਵਾਲੇ ਸਵਾਈਨ ਫਲੂ ਦੇ ਨਿਸ਼ਾਨੇ 'ਤੇ ਸਮਰਾਲਾ ਦੀ ਪੁਰਾਣੀ ਅਨਾਜ ਮੰਡੀ ਆਉਣ ਤੋਂ ਬਾਅਦ ਇਥੋਂ ਦੇ ਤਿੰਨ ਮਰੀਜ਼ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਇਕ ਔਰਤ ਪੀ. ਜੀ. ਆਈ. ਚੰਡੀਗੜ੍ਹ ਵਿਖੇ ਗੰਭੀਰ ਹਾਲਤ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ। ਇਸ ਮੁਹੱਲੇ ਵਿਚੋਂ ਹੀ ਪਤੀ-ਪਤਨੀ ਦੇ ਸ਼ੱਕੀ ਹਾਲਤ ਵਿਚ ਸਵਾਈਨ ਫਲੂ ਦੇ ਸ਼ਿਕਾਰ ਹੋ ਜਾਣ ਦਾ ਪਤਾ ਲੱਗਿਆ ਹੈ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਦੇ ਨਾਲ ਸ਼ਹਿਰ ਵਿਚ ਖੌਫ ਦਾ ਆਲਮ ਹੈ।
ਇਥੇ ਹੈਰਾਨੀਜਨਕ ਗੱਲ ਇਹ ਹੈ ਕਿ ਸਿਹਤ ਵਿਭਾਗ ਅਜੇ ਇਨ੍ਹਾਂ ਮਾਮਲਿਆਂ ਸਬੰਧੀ ਗੰਭੀਰ ਹੋਣ ਦੀ ਥਾਂ ਠੰਡੇ ਮਤੇ ਨਾਲ ਕੰਮ ਕਰ ਰਿਹਾ ਹੈ। ਜਾਣਕਾਰੀ ਅਨੁਸਾਰ 18 ਅਗਸਤ ਨੂੰ ਪੁਰਾਣੀ ਅਨਾਜ ਮੰਡੀ ਦੀ ਵਸਨੀਕ ਔਰਤ ਨੂੰ ਬੀਮਾਰੀ ਦੀ ਹਾਲਤ ਵਿਚ ਡੀ. ਐੱਮ. ਸੀ. ਲੁਧਿਆਣਾ ਲਿਜਾਇਆ ਗਿਆ ਸੀ, ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਸੀ ਕਿ ਔਰਤ ਨੂੰ ਡੇਂਗੂ ਹੈ। ਜਿਵੇਂ ਹੀ ਡੀ. ਐੱਮ. ਸੀ. ਦੇ ਡਾਕਟਰਾਂ ਵਲੋਂ ਉਕਤ ਔਰਤ ਦੇ ਸਰੀਰ ਦੀ ਜਾਂਚ ਕੀਤੀ ਗਈ ਤਾਂ ਅਫਰਾ-ਤਫਰੀ ਦੇ ਮਾਹੌਲ ਵਿਚ ਡਾਕਟਰਾਂ ਵਲੋਂ ਕਿਹਾ ਗਿਆ ਕਿ ਉਨ੍ਹਾਂ ਦੇ ਮਰੀਜ਼ ਨੂੰ ਸਵਾਈਨ ਫਲੂ ਹੈ, ਤੁਰੰਤ ਇਸਨੂੰ ਪੀ. ਜੀ. ਆਈ. ਚੰਡੀਗੜ੍ਹ ਲੈ ਜਾਓ, ਕਿਉਂਕਿ ਸਾਡੇ ਕੋਲ ਇਸਦਾ ਢੁੱਕਵਾਂ ਇਲਾਜ ਨਹੀਂ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਸਪਤਾਲ ਵਲੋਂ ਉਨ੍ਹਾਂ ਨੂੰ ਐਂਬੂਲੈਂਸ ਦੇਣ ਤੋਂ ਵੀ ਪੱਲਾ ਝਾੜ ਦਿੱਤਾ ਗਿਆ ਤੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਵਲੋਂ ਐਂਬੂਲੈਂਸ ਦਾ ਪ੍ਰਬੰਧ ਕਰਕੇ ਮਰੀਜ਼ ਨੂੰ ਸੀ. ਐੱਮ. ਸੀ. ਲੁਧਿਆਣਾ, ਅਪੋਲੋ ਹਸਪਤਾਲ ਲੁਧਿਆਣਾ, ਫੋਰਟਿਸ ਲੁਧਿਆਣਾ ਤੇ ਹੋਰ ਵੱਡੇ ਹਸਪਤਾਲਾਂ ਵਿਚ ਲਿਜਾਇਆ ਗਿਆ, ਜਿਥੇ ਸਾਰੇ ਹੀ ਡਾਕਟਰਾਂ ਵਲੋਂ ਇਲਾਜ ਦੇ ਪੁਖਤਾ ਪ੍ਰਬੰਧ ਨਾ ਹੋਣ ਸਬੰਧੀ ਹੱਥ ਖੜ੍ਹੇ ਕਰ ਦਿੱਤੇ ਗਏ। ਪੀੜਤ ਔਰਤ ਹੁਣ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ, ਜਿਥੇ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਸਥਾਨਕ ਐੱਸ. ਐੱਮ. ਓ. ਡਾ. ਸੁਦੇਸ਼ ਕੁਮਾਰ ਨੇ ਮੰਨਿਆ ਕਿ ਪੀ. ਜੀ. ਆਈ. ਤੋਂ ਉਨ੍ਹਾਂ ਨੂੰ ਸਵਾਈਨ ਫਲੂ ਤੋਂ ਪੀੜਤ ਔਰਤ ਬਾਰੇ ਜਾਣਕਾਰੀ ਮਿਲ ਚੁੱਕੀ ਹੈ, ਜਦਕਿ ਬਾਕੀ ਕੇਸਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।
ਪੁਰਾਣੀ ਅਨਾਜ ਮੰਡੀ ਨੇੜੇ ਸੂਰਾਂ ਦੀ ਭਰਮਾਰ
ਸਵਾਈਨ ਫਲੂ ਦੇ ਨਿਸ਼ਾਨੇ 'ਤੇ ਆਈ ਪੁਰਾਣੀ ਅਨਾਜ ਮੰਡੀ ਸੂਰਾਂ ਦੀ ਮੰਡੀ ਵਜੋਂ ਜਾਣੀ ਜਾਣ ਲੱਗੀ ਹੈ। ਇਥੇ ਸੂਰਾਂ ਵਲੋਂ ਫੈਲਾਈ ਜਾ ਰਹੀ ਗੰਦਗੀ ਦੀ ਹਵਾੜ ਤੋਂ ਪਹਿਲਾਂ ਹੀ ਇਲਾਕਾ ਨਿਵਾਸੀ ਪ੍ਰੇਸ਼ਾਨ ਹਨ। ਇਲਾਕੇ ਨੂੰ ਸੂਰਾਂ ਤੋਂ ਮੁਕਤ ਕਰਨ ਲਈ ਪਿਛਲੇ ਸਮਿਆਂ 'ਚ ਕਈ ਵਾਰ ਮੁਹੱਲਾ ਵਾਸੀਆਂ ਵਲੋਂ ਸਥਾਨਕ ਪ੍ਰਸ਼ਾਸਨ ਨੂੰ ਲਿਖੀਆਂ ਦਰਖਾਸਤਾਂ ਵਿਚ ਮੰਗ ਕੀਤੀ ਜਾ ਚੁੱਕੀ ਹੈ ਕਿ ਇਸ ਰਿਹਾਇਸ਼ੀ ਮੁਹੱਲੇ ਵਿਚੋਂ ਸੂਰਾਂ ਨੂੰ ਦੂਰ ਕੀਤਾ ਜਾਵੇ ਪਰ ਕੋਈ ਵੀ ਕਾਰਵਾਈ ਨਾ ਹੋਣ ਤੋਂ ਬਾਅਦ ਹੁਣ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ 'ਤੇ ਲੋਕਾਂ ਵਿਚ ਸਹਿਮ ਹੈ ਕਿ ਇਨ੍ਹਾਂ ਸੂਰਾਂ ਦੀ ਬਦੌਲਤ ਇਲਾਕੇ ਵਿਚ ਬੀਮਾਰੀ ਦਾ ਪਸਾਰਾ ਹੋਇਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੂਰ ਨੇੜਲੇ ਮੁਹੱਲਿਆਂ ਵਿਚ ਪਾਲੇ ਜਾ ਰਹੇ ਹਨ, ਜਿਨ੍ਹਾਂ ਨੂੰ ਚਰਨ ਲਈ ਇਧਰ ਛੱਡ ਦਿੱਤਾ ਜਾਂਦਾ ਹੈ।
ਪੀੜਤ ਪਰਿਵਾਰ ਜਾਂਚ ਲਈ ਖੁਦ ਪੁੱਜਾ ਹਸਪਤਾਲ
ਸਮਰਾਲਾ ਵਿਚ ਪਿਛਲੇ ਇਕ ਹਫਤੇ ਤੋਂ ਸਵਾਈਨ ਫਲੂ ਦਾ ਮਾਮਲਾ ਸਾਹਮਣੇ ਆਉਣ 'ਤੇ ਵੀ ਸਿਹਤ ਵਿਭਾਗ ਵਲੋਂ ਕੋਈ ਸਰਗਰਮੀ ਨਹੀਂ ਦਿਖਾਈ ਗਈ, ਜਿਸ ਕਾਰਨ ਪੀੜਤ ਪਰਿਵਾਰ ਤੋਂ ਇਲਾਵਾ ਮੁਹੱਲੇ ਦੇ ਬਾਕੀ ਲੋਕਾਂ ਵਿਚ ਸਹਿਮ ਪਾਇਆ ਜਾ ਰਿਹਾ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਮੁਹੱਲੇ ਵਿਚ ਸਵਾਈਨ ਫਲੂ ਸਬੰਧੀ ਜਾਂਚ-ਪੜਤਾਲ ਕਰਕੇ ਲੋਕਾਂ ਨੂੰ ਜਾਗਰੂਕ ਕਰੇ। ਵਿਭਾਗ ਦੇ ਸੁਸਤਪੁਣੇ ਦੌਰਾਨ ਪੀੜਤ ਔਰਤ ਦਾ ਪਰਿਵਾਰ ਆਪਣੇ ਚੈੱਕਅਪ ਲਈ ਖੁਦ ਸਿਵਲ ਹਸਪਤਾਲ ਪੁੱਜਾ। ਪੀੜਤ ਔਰਤ ਦਾ ਪਤੀ, ਨਵ-ਵਿਆਹੁਤਾ ਨੂੰਹ ਤੇ ਹੋਰ ਪਰਿਵਾਰਕ ਮੈਂਬਰਾਂ ਦੀ ਜਾਂਚ ਤੋਂ ਬਾਅਦ ਡਾ. ਰਾਹੁਲ ਭੱਲਾ ਵਲੋਂ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਇਸ ਬੀਮਾਰੀ ਵਿਰੁੱਧ ਜਾਗਰੂਕ ਰਹਿਣ, ਨਾ ਕਿ ਆਪਣੇ ਦਿਮਾਗ ਵਿਚ ਇਸਨੂੰ ਹਊਏ ਦੀ ਤਰ੍ਹਾਂ ਵਸਾਉਣ।
ਸਵਾਈਨ ਫਲੂ ਦਾ ਰੁਖ਼ ਪਿੰਡਾਂ ਵੱਲ ਵੀ
ਸ਼ਹਿਰ ਵਿਚ ਸਵਾਈਨ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਥੋਂ ਦੇ ਬੀਜਾ ਰੋਡ 'ਤੇ ਪੈਂਦੇ ਪਹਿਲੇ ਪਿੰਡ ਵਿਚ ਸਵਾਈਨ ਫਲੂ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਵਿਚ ਇਕ ਸਾਬਕਾ ਸੈਨਿਕ ਕਈ ਦਿਨਾਂ ਤੋਂ ਸ਼ੱਕੀ ਹਾਲਤ ਵਿਚ ਬੀਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਨੂੰ ਪਹਿਲਾਂ ਸੈਨਿਕ ਹਸਪਤਾਲ ਸਮਰਾਲਾ ਤੇ ਉਸ ਤੋਂ ਬਾਅਦ ਖੰਨਾ 'ਚ ਭਰਤੀ ਕਰਵਾਇਆ ਗਿਆ, ਜਿਥੋਂ ਉਸਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਡਾਕਟਰਾਂ ਵਲੋਂ ਸਵਾਈਨ ਫਲੂ ਦਾ ਸ਼ੱਕੀ ਮਾਮਲਾ ਦੱਸਦੇ ਹੋਏ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪੀੜਤ ਹੁਣ ਇਲਾਜ ਅਧੀਨ ਹੈ ਤੇ ਡਾਕਟਰਾਂ ਵਲੋਂ ਉਸਦੀ ਬੀਮਾਰੀ ਦੀ ਜਾਂਚ ਲਈ ਵੱਖ-ਵੱਖ ਟੈਸਟ ਕੀਤੇ ਜਾ ਰਹੇ ਹਨ, ਜਦਕਿ ਮਰੀਜ਼ ਦੀ ਹਾਲਤ ਅੱਜ ਤਕ ਅਤਿ ਗੰਭੀਰ ਬਣੀ ਹੋਈ ਹੈ।
