ਨਵੇਂ ਕਾਲੇ ਖੇਤੀ ਕਾਨੂੰਨਾਂ ਨਾਲ ਅੰਨ ਦੀ ਸੁਰੱਖਿਆ ਨੂੰ ਹੋ ਜਾਵੇਗਾ ਖ਼ਤਰਾ : ਉਗਰਾਹਾਂ
Saturday, Jun 05, 2021 - 08:23 PM (IST)
ਨਵੀਂ ਦਿੱਲੀ/ਭਵਾਨੀਗੜ੍ਹ(ਕਾਂਸਲ)- ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਆਰਡੀਨੈਂਸ ਦੇ ਰੂਪ 'ਚ ਆਇਆਂ ਇਕ ਸਾਲ ਪੂਰਾ ਹੋਣ 'ਤੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਹਾਦਰਗੜ੍ਹ ਸ਼ਹਿਰ ਵਿੱਚ ਮੁਜ਼ਾਹਰਾ ਕਰਕੇ ਐੱਸਡੀਐੱਮ ਦਫ਼ਤਰ ਬਹਾਦਰਗੜ੍ਹ ਵਿਖੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਤੋਂ ਬਾਅਦ ਟਿਕਰੀ ਹੱਦ 'ਤੇ ਰੋਜਾਨਾ ਦੀ ਤਰ੍ਹਾਂ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਦੀ ਸਟੇਜ ਤੋਂ ਅੱਜ ਦੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਨਵੇਂ ਕਾਲੇ ਕਾਨੂੰਨ ਲਿਆਉਣਾ ਸੰਸਾਰ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਨਿਰਦੇਸ਼ਾਂ ਅਨੁਸਾਰ ਨਵੇਂ ਆਰਥਿਕ ਸੁਧਾਰਾਂ ਦੇ ਨਾਂ ਹੇਠ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਨੀਤੀਆਂ ਦੀ ਹੀ ਕੜੀ ਹਨ। ਉਨ੍ਹਾਂ ਕਿਹਾ ਕਿ 1947 ਤੋਂ ਬਾਅਦ ਦੇਸ਼ ਦੇ ਲੋਕਾਂ ਦੇ ਰੋਹ ਨੂੰ ਠੰਢਾ ਕਰਨ ਲਈ ਲੋਕਾਂ ਦੀ ਸੇਵਾ ਲਈ ਬਣਾਏ ਜਨਤਕ ਅਦਾਰਿਆਂ ਨੂੰ ਕੁਝ ਸਮੇਂ ਬਾਅਦ ਹੀ ਇਨ੍ਹਾਂ ਨੀਤੀਆਂ 'ਤੇ ਚਲਦਿਆਂ ਹੀ ਦੇਸ਼ ਦੇ ਹਾਕਮ ਇਹਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਰਾਹ ਵੱਲ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਅੰਨ ਦੀ ਸੁਰੱਖਿਆ ਨੂੰ ਖ਼ਤਰਾ ਹੋ ਜਾਵੇਗਾ। ਜਨਤਕ ਵੰਡ ਪ੍ਰਣਾਲੀ ਰਾਹੀਂ ਕਰੋੜਾਂ ਲੋਕਾਂ ਨੂੰ ਮਿਲ ਰਹੇ ਸਸਤੇ ਅਨਾਜ ਦਾ ਭੋਗ ਪੈ ਜਾਵੇਗਾ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਲੋਕ ਵਿਰੋਧੀ ਨੀਤੀਆਂ ਤਹਿਤ ਲਿਆਂਦੇ ਨਵੇਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਚੱਲ ਰਿਹਾ ਸੰਘਰਸ਼ ਲਮਕਵਾਂ ਸੰਘਰਸ਼ ਹੈ ਜਿਹੜਾ ਵੱਖ ਵੱਖ ਪੜਾਵਾਂ 'ਚੋਂ ਗੁਜ਼ਰਦਾ ਹੋਰ ਤੇਜ਼ ਅਤੇ ਵਿਸ਼ਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਮੋਰਚਿਆਂ ਨੂੰ ਭਖਾਈ ਰੱਖਣ ਦੇ ਨਾਲ ਨਾਲ ਸੂਬਿਆਂ ਅੰਦਰ ਭਾਜਪਾਈ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਵਿਰੁੱਧ ਐਕਸ਼ਨਾਂ ਨੂੰ ਤੇਜ ਕਰਨ ਦੀ ਲੋੜ ਹੈ। ਉਨ੍ਹਾਂ ਟੋਹਾਣੇ 'ਚ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਖੱਟਰ ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ 'ਤੇ ਜਬਰ ਕਰਨ ਦੇ ਰਾਹ ਤੋਂ ਫੌਰੀ ਪਿੱਛੇ ਹਟੇ। ਇਸ ਮੌਕੇ ਜਮਹੂਰੀ ਹੱਕਾਂ ਦੀ ਕਾਰਕੁਨ ਅਤੇ ਪੰਜਾਬੀ ਦੇ ਉੱਘੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕੀਤੀ।ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਹੋ ਰਹੇ ਜਮਹੂਰੀ ਹੱਕਾਂ ਦੇ ਘਾਣ ਦੇ ਮਸਲਿਆਂ ਨੂੰ ਵੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਅੰਦਰ ਸੰਬੋਧਿਤ ਹੋਣਾ ਚਾਹੀਦਾ ਹੈ।ਮੋਦੀ ਹਕੂਮਤ ਵੱਲੋਂ ਜਮਹੂਰੀ ਹੱਕਾਂ 'ਤੇ ਹੋ ਰਹੇ ਹਮਲੇ ਅਤੇ ਲੋਕਾਂ ਦੇ ਜੂਨ ਗੁਜ਼ਾਰੇ ਦੇ ਸਾਧਨਾਂ 'ਤੇ ਮਾਰੀ ਜਾ ਰਹੀ ਝਪਟ ਇੱਕੋ ਕੜੀ ਦੇ ਹਿੱਸੇ ਹਨ।ਇਨ੍ਹਾਂ ਲਈ ਵੀ ਸੰਘਰਸ਼ ਸਭਨਾਂ ਕਿਰਤੀ ਲੋਕਾਂ ਦਾ ਸਾਂਝਾ ਸਰੋਕਾਰ ਬਣਦਾ ਹੈ।ਅੱਜ ਦੇ ਐਕਸ਼ਨ ਪ੍ਰੋਗਰਾਮ ਵਿੱਚ ਸੂਬਾ ਆਗੂ ਹਰਿੰਦਰ ਕੌਰ ਬਿੰਦੂ,ਜਸਵਿੰਦਰ ਸਿੰਘ ਲੌਂਗੋਵਾਲ,ਰੂਪ ਸਿੰਘ ਛੰਨਾਂ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਮੁੱਖ ਆਗੂ ਸ਼ਾਮਲ ਸਨ।