ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਵੇਂ ਆਟੋ ਰਿਕਸ਼ਾ ਦੀ ਰਜਿਸਟ੍ਰੇਸ਼ਨ ਬੰਦ
Friday, Jan 18, 2019 - 05:17 PM (IST)

ਚੰਡੀਗੜ੍ਹ (ਜੱਸੋਵਾਲ) : ਪੰਜਾਬ ਦੇ 5 ਜ਼ਿਲਿਆਂ 'ਚ ਹੁਣ ਨਵੇਂ ਆਟੋਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ ਕਿਉਂਕਿ 'ਪੰਜਾਬ ਸਟੇਟ ਪਾਲਿਊਸ਼ਨ ਕੰਟਰੋਲ ਬੋਰਡ' ਦੇ ਡਾਇਰੈਕਟਰ ਐੱਸ. ਐੱਸ. ਮਰਵਾਹਾ ਨੇ ਜਾਣਕਾਰੀ ਦਿੱਤੀ ਹੈ ਕਿ 5 ਜ਼ਿਲਿਆਂ ਮੋਹਾਲੀ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਫਤਿਹਗੜ੍ਹ ਸਾਹਿਬ 'ਚ 1 ਫਰਵਰੀ, 2019 ਤੋਂ ਕਿਸੇ ਵੀ ਆਟੋ (ਡੀਜ਼ਲ ਜਾਂ ਪੈਟਰੋਲ) ਦੀ ਰਜਿਸਟ੍ਰੇਸ਼ਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ਦਿੱਤੀ ਹੈ।
ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਪੰਜਾਬ 'ਚੋਂ ਇਨ੍ਹਾਂ ਸ਼ਹਿਰਾਂ 'ਚ ਪ੍ਰਦੂਸ਼ਣ ਦਾ ਪੱਧਰ ਵਧਿਆ ਹੋਇਆ ਹੈ। ਸਿਰਫ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੇ ਇਕ ਲੱਖ ਤੋਂ ਵੀ ਜ਼ਿਆਦਾ ਆਟੋ ਹਨ ਅਤੇ ਅਜਿਹਾ ਹੀ ਨਜ਼ਾਰਾ ਕਰੀਬ ਮੋਹਾਲੀ 'ਚ ਵੀ ਹੈ ਕਿਉਂਕਿ ਚੰਡੀਗੜ੍ਹ ਵਾਲੇ ਸਾਰੇ ਪੁਰਾਣੇ ਆਟੋ ਮੋਹਾਲੀ 'ਚ ਹੀ ਚੱਲ ਰਹੇ ਹਨ। ਪੁਰਾਣੇ ਆਟੋਆਂ ਦੇ ਜਦੋਂ ਸ਼ਹਿਰ 'ਚ ਐਂਟਰੀ ਕਰਨ ਤੋਂ ਪਾਬੰਦੀ ਲਾਈ ਗਈ ਸੀ ਤਾਂ ਕੁਝ ਲੋਕਾਂ ਨੇ ਪਿੰਡਾਂ 'ਚ ਜਾ ਕੇ ਇਨ੍ਹਾਂ ਆਟੋਆਂ ਦੀ ਨਵੀਂ ਰਜਿਸਟ੍ਰੇਸ਼ਨ ਕਰਵਾਈ ਅਤੇ ਫਿਰ ਸ਼ਹਿਰ 'ਚ ਚੱਲਣ ਲਈ ਲੈ ਆਏ, ਜਿਸ ਕਾਰਨ ਇੱਥੇ ਪ੍ਰਦੂਸ਼ਣ ਦਾ ਪੱਧਰ ਬਹੁਤ ਵਧ ਗਿਆ ਹੈ।
ਅਦਾਲਤ ਨੇ ਇਨ੍ਹਾਂ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਦੇ ਚੱਲਦਿਆਂ ਹੁਣ ਇਨ੍ਹਾਂ 5 ਜ਼ਿਲਿਆਂ 'ਚ ਪੂਰਨ ਤੌਰ 'ਤੇ ਨਵੇਂ ਆਟੋਆਂ ਦੀ ਰਜਿਸਟ੍ਰੇਸ਼ਨ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਇਸ ਪਾਬੰਦੀ ਦਾ ਆਟੋ ਮਾਲਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸਾਂ ਅਤੇ ਹੋਰ ਗੱਡੀਆਂ ਵੀ ਡੀਜ਼ਲ 'ਤੇ ਚੱਲਦੀਆਂ ਹਨ ਅਤੇ ਪ੍ਰਦੂਸ਼ਣ ਫੈਲਦਾ ਹੈ, ਇਸ ਲਈ ਉਨ੍ਹਾਂ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ।