CBSE ਦੇ ਵਿਦਿਆਰਥੀਆਂ ਲਈ ਜਾਰੀ ਹੋਇਆ ਨਵਾਂ Alert, ਅੱਜ ਤੋਂ ਸ਼ੁਰੂ ਹੋ ਰਹੀਆਂ ਪ੍ਰੀਖਿਆਵਾਂ
Thursday, Feb 15, 2024 - 10:44 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ) ਦੀਆਂ ਅੱਜ ਤੋਂ ਸ਼ੁਰੂ ਹੋ ਰਹੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਤੋਂ ਪਹਿਲਾ ਬੋਰਡ ਨੇ ਵਿਦਿਆਰਥੀਆਂ ਲਈ ਇਕ ਹੋਰ ਅਲਰਟ ਜਾਰੀ ਕੀਤਾ ਹੈ। ਇਸ ਵਾਰ ਦਾ ਇਹ ਅਲਰਟ ਪ੍ਰੀਖਿਆ ਨਾਲ ਜੁੜੀਆਂ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਤੋਂ ਸਾਵਧਾਨ ਰਹਿਣ ਨੂੰ ਲੈ ਕੇ ਹੈ। ਦਰਅਸਲ ਸੀ. ਬੀ. ਐੱਸ. ਈ ਹੁਣ ਫਰਜ਼ੀ ਖ਼ਬਰਾਂ ਫੈਲਾਉਣ ਅਤੇ ਪੇਪਰ ਲੀਕ ਹੋਣ ਦਾ ਦਾਅਵਾ ਕਰਕੇ ਬੱਚਿਆਂ ਤੋਂ ਪੈਸੇ ਵਸੂਲਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨ ਦੇ ਮੂਡ 'ਚ ਹੈ।
ਦੱਸ ਦੇਈਏ ਕਿ ਬੋਰਡ ਸਲਾਨਾ ਪ੍ਰੀਖਿਆਵਾਂ ਨਕਲ ਅਤੇ ਅਫ਼ਵਾਹ ਮੁਕਤ ਕਰਵਾਉਣ ਦਾ ਦਾਅਵਾ ਕਰ ਰਿਹਾ ਹੈ। ਇਸ ਦੇ ਮੱਦੇਨਜ਼ਰ ਬੋਰਡ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਰਾਜਕ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਗੱਲ ਕਹੀ ਹੈ। ਸੀ. ਬੀ. ਐੱਸ. ਈ. ਵਲੋਂ ਜਾਰੀ ਸਰਕੂਲਰ 'ਚ ਕਿਹਾ ਗਿਆ ਹੈ ਕਿ ਅਕਸਰ ਪ੍ਰੀਖਿਆਵਾਂ ਦੇ ਦੌਰਾਨ ਫਰਜ਼ੀ ਸੋਸ਼ਲ ਹੈਂਡਲ ਅਤੇ ਯੂ-ਟਿਊਬ ’ਤੇ ਪੇਪਰ ਲੀਕ ਦੀ ਮਨਘੜਤ ਖ਼ਬਰਾਂ ਆਉਂਦੀਆਂ ਹਨ। ਕਈ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਪ੍ਰਸ਼ਨ-ਪੱਤਰ ਐਗਜ਼ਾਮ ਤੋਂ ਪਹਿਲਾ ਲੀਕ ਕਰਨ ਦਾ ਦਾਅਵਾ ਵੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਕਾਰਨ NRI ਰੱਦ ਕਰਵਾ ਰਹੇ ਬੁਕਿੰਗਾਂ, ਹੋਟਲ ਇੰਡਸਟਰੀ ਨੂੰ 10 ਕਰੋੜ ਦਾ ਨੁਕਸਾਨ
ਇਸ ਦੇ ਇਲਾਵਾ ਪ੍ਰੀਖਿਆ 'ਚ ਪੁੱਛੇ ਜਾਣ ਵਾਲੇ ਪ੍ਰਸ਼ਨ-ਪੱਤਰ ਅਤੇ ਸੈਂਪਲ ਪੇਪਰ ਨੂੰ ਵੀ ਸ਼ਰਾਰਤੀ ਅਨਸਰਾਂ ਵਲੋਂ ਸ਼ੇਅਰ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ। ਸ਼ਰਾਰਤੀ ਅਨਸਰ ਪ੍ਰਸ਼ਨ-ਪੱਤਰ ਦੇ ਫਰਜ਼ੀ ਪੇਪਰ ਤੇ ਵੀਡੀਓ ਵੀ ਸ਼ੇਅਰ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕੋਲ ਸਬੰਧਿਤ ਪੇਪਰ ਦਾ ਪਹਿਲਾ ਤੋਂ ਐਕਸੈੱਸ ਹੈ। ਉਹ ਮਾਪਿਆਂ ਅਤੇ ਬੱਚਿਆਂ ਤੋਂ ਪੈਸੇ ਵੀ ਵਸੂਲ ਲੈਂਦੇ ਹਨ ਅਤੇ ਬਾਅਦ 'ਚ ਪਤਾ ਲੱਗਦਾ ਹੈ ਕਿ ਮਾਪੇ ਠੱਗੀ ਦੇ ਸ਼ਿਕਾਰ ਹੋ ਗਏ ਹਨ ਪਰ ਇਸ ਵਾਰ ਸੀ. ਬੀ. ਐੱਸ. ਈ. ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਦੀ ਮਾਨੀਟਰਿੰਗ ਕਰੇਗਾ ਅਤੇ ਆਈ. ਪੀ. ਸੀ. ਸਮੇਤ ਆਈ. ਟੀ. ਐਕਟ ਦੇ ਤਹਿਤ ਕਾਰਵਾਈ ਕਰੇਗਾ।
ਬੋਰਡ ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ’ਤੇ ਧਿਆਨ ਨਾ ਦੇਣ ਅਤੇ ਸਿਰਫ ਬੋਰਡ ਦੀ ਅਧਿਕਾਰਿਕ ਵੈੱਬਸਾਈਟ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8