ਦੇਖੋ ਕਿਵੇਂ ਜੇਲ੍ਹ ਚੋਂ ਚੱਲਦਾ ਸੀ ਨਸ਼ੇ ਦਾ ਨੈਟਵਰਕ (ਵੀਡੀਓ)
Tuesday, Jun 13, 2017 - 03:07 PM (IST)
ਅੰਮ੍ਰਿਤਸਰ - ਸਪੈਸ਼ਲ ਟਾਸਕ ਬਾਰਡਰ ਰੇਂਜ ਦੀ ਟੀਮ ਵਲੋਂ ਹੈਰੋਇਨ ਸਮੱਗਲਿੰਗ ਦੇ ਧੰਦੇ ਨਾਲ ਜੁੜੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਦਿਆਂ 1.20 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਗੋਰਖਧੰਦੇ ਦੀ ਨੈੱਟਵਰਕਿੰਗ ਕੇਂਦਰੀ ਜੇਲ ਫਤਾਹਪੁਰ 'ਚ ਬੰਦ 2 ਸਮੱਗਲਰ ਕਰ ਰਹੇ ਸਨ।
ਪ੍ਰੈੱਸ ਮਿਲਣੀ ਦੌਰਾਨ ਖੁਲਾਸਾ ਕਰਦਿਆਂ ਐੱਸ. ਟੀ. ਐੱਫ. ਬਾਰਡਰ ਰੇਂਜ ਦੇ ਏ. ਆਈ. ਜੀ. ਰਛਪਾਲ ਸਿੰਘ ਅਤੇ ਡੀ. ਐੱਸ. ਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਕੇਂਦਰੀ ਜੇਲ ਫਤਾਹਪੁਰ 'ਚ ਬੰਦ ਮੁਲਜ਼ਮ ਸਾਜਨ ਕੁਮਾਰ ਲੱਡੂ ਅਤੇ ਨਾਈਜੇਰੀਅਨ ਪੀਟਰ ਨਾਂ ਦੇ ਨੀਗਰੋ ਵਲੋਂ ਇਕ ਅੰਤਰਰਾਸ਼ਟਰੀ ਗਿਰੋਹ ਬਣਾ ਕੇ ਹੈਰੋਇਨ ਸਮੱਗਲਿੰਗ ਦਾ ਧੰਦਾ ਕਰਵਾਇਆ ਜਾ ਰਿਹਾ ਹੈ ਅਤੇ ਕੁਝ ਸਮੱਗਲਰ ਹੈਰੋਇਨ ਦਾ ਲੈਣ-ਦੇਣ ਕਰਨ ਵਾਲੇ ਹਨ।
ਐੱਸ. ਟੀ. ਐੱਫ. ਦੀ ਟੀਮ ਵਲੋਂ ਰੇਲਵੇ ਰੋਡ ਨੇੜੇ ਨਾਕਾਬੰਦੀ ਕਰਦਿਆਂ 260 ਗ੍ਰਾਮ ਹੈਰੋਇਨ ਸਮੇਤ ਮੁਲਜ਼ਮ ਮਨਦੀਪ ਸਿੰਘ ਮੈਂਡੀ ਵਾਸੀ ਮੋਹਕਮਪੁਰਾ, ਜਸਬੀਰ ਸਿੰਘ ਲਾਲੀ ਵਾਸੀ ਮਹਿੰਦਰਾ ਕਾਲੋਨੀ ਬਟਾਲਾ ਰੋਡ ਅਤੇ ਚੈਂਚਲ ਸਿੰਘ ਵਾਸੀ ਸੰਜੇ ਗਾਂਧੀ ਕਾਲੋਨੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਜਦੋਂ ਉਹ ਐਕਟਿਵਾ 'ਤੇ ਸਵਾਰ ਹੋ ਕੇ ਕਿਸੇ ਗਾਹਕ ਦੀ ਉਡੀਕ ਕਰ ਰਹੇ ਸਨ। ਇਨ੍ਹਾਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਮੁੱਢਲੀ ਪੁੱਛਗਿੱਛ ਸ਼ੁਰੂ ਕੀਤੀ ਤੇ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਕੇਂਦਰੀ ਜੇਲ ਫਤਾਹਪੁਰ 'ਚ ਬੰਦ ਇਸ ਗਿਰੋਹ ਦੇ ਸਰਗਨਾ ਸਾਜਨ ਕੁਮਾਰ ਲੱਡੂ ਪੁੱਤਰ ਜਗਦੀਸ਼ ਕੁਮਾਰ ਵਾਸੀ ਸੰਧੂ ਕਾਲੋਨੀ ਕੋਲੋਂ ਜੇਲ 'ਚ ਚਲਾਏ ਜਾਣ ਵਾਲੇ ਮੋਬਾਇਲ ਫੋਨ ਨੂੰ ਕਬਜ਼ੇ 'ਚ ਲਿਆ।
ਏ. ਆਈ. ਜੀ. ਨੇ ਦੱਸਿਆ ਕਿ ਫਤਾਹਪੁਰ ਜੇਲ 'ਚ ਹੀ ਬੰਦ ਸਾਜਨ ਕੁਮਾਰ ਦੇ ਦੂਸਰੇ ਸਾਥੀ ਪੀਟਰ ਐਜੀਫਰ ਪੁੱਤਰ ਏ. ਡੀ. ਬੀ. ਵਾਸੀ ਨਾਈਜੀਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣਾ ਬਾਕੀ ਹੈ ਕਿਉਂਕਿ ਉਸ ਨੂੰ ਪਟਿਆਲਾ ਜੇਲ ਵਲੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਜਾਇਆ ਗਿਆ ਹੈ।
ਇਸੇ ਤਰ੍ਹਾਂ 8 ਜੂਨ ਨੂੰ ਇੰਸਪੈਕਟਰ ਸੁਖਵਿੰਦਰ ਸਿੰਘ ਰੰਧਾਵਾ ਵਲੋਂ ਕੀਤੀ ਗਈ ਨਾਕਾਬੰਦੀ ਦਾ ਹਵਾਲਾ ਦਿੰਦਿਆਂ ਏ. ਆਈ. ਜੀ. ਰਛਪਾਲ ਸਿੰਘ ਨੇ ਦੱਸਿਆ ਕਿ ਥਾਰ ਜੀਪ 'ਚ ਸਵਾਰ ਮੁਲਜ਼ਮ ਮਨਿੰਦਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਮੁਹਾਲ ਚੱਕ ਤਰਨਤਾਰਨ ਨੂੰ ਗ੍ਰਿਫਤਾਰ ਕਰਦਿਆਂ 260 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਮੌਕੇ ਤੋਂ ਦੌੜੇ ਉਸ ਦੇ ਸਾਥੀ ਜਗਜੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਹਵੇਲੀਆ ਖਿਲਾਫ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਮੁੱਢਲੀ ਪੁੱਛਗਿੱਛ 'ਚ ਮੁਲਜ਼ਮਾਂ ਨੇ ਮੰਨਿਆ ਕਿ ਇਹ ਹੈਰੋਇਨ ਉਨ੍ਹਾਂ ਵੱਲੋਂ ਪਟਿਆਲਾ ਜੇਲ 'ਚ ਬੰਦ ਬਾਬਾ ਸ਼ਬੀਰ ਪੁੱਤਰ ਨੂਰ ਮੁਹੰਮਦ ਵਾਸੀ ਮੁਜ਼ੱਫਰ ਨਗਰ ਕੋਲੋਂ ਮੰਗਵਾਈ ਗਈ ਸੀ। ਬਾਬਾ ਸ਼ਬੀਰ ਜੋ ਦਿੱਲੀ ਤੋਂ ਹੈਰੋਇਨ ਮੰਗਵਾਉਂਦਾ ਸੀ ਤੇ ਉਸ ਦੇ ਗਿਰੋਹ ਦੇ ਮੈਂਬਰ ਮੁਹੰਮਦ ਰਸ਼ੀਦ ਪਹਿਲਵਾਨ ਪੁੱਤਰ ਹੁਸਨ ਲਾਲ ਅਤੇ ਮੁਹੰਮਦ ਸਲੀਮ ਪੁੱਤਰ ਮੁਹੰਮਦ ਖਲੀਫ ਦੋਵੇਂ ਵਾਸੀ ਦਿੱਲੀ ਜੋ ਵੱਖ-ਵੱਖ ਰਾਜਾਂ 'ਚ ਹੈਰੋਇਨ ਸਪਲਾਈ ਕਰਦੇ ਹਨ, ਰਾਹੀਂ ਹਾਸਲ ਕੀਤੀ ਗਈ ਸੀ।
ਪੁਲਸ ਪਾਰਟੀ ਵੱਲੋਂ ਇਨ੍ਹਾਂ ਦੋਵਾਂ ਦਿੱਲੀ ਵਾਸੀ ਸਮੱਗਲਰਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਜਦੋਂ ਉਹ 500 ਗ੍ਰਾਮ ਹੈਰੋਇਨ ਦੀ ਖੇਪ ਲੈ ਕੇ ਤਰਨਤਾਰਨ ਜ਼ਿਲੇ 'ਚ ਸਪਲਾਈ ਕਰਨ ਪੁੱਜੇ ਸਨ। ਹੈਰੋਇਨ ਸਮੇਤ ਗ੍ਰਿਫਤਾਰ ਕਰ ਕੇ ਮੁਲਜ਼ਮਾਂ ਖਿਲਾਫ ਥਾਣਾ ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ।
